ਦਸਵੀਂ ਚੋਂ ਮੈਂ ਹੋ ਗਿਆ ਫੇਲ੍ਹ :- ਪਰਗਟ ਸਿੰਘ ਜੀ ਦੀ ਲਿਖੀ ਹਾਸ ਰਸ ਕਵਿਤਾ
ਦਸਵੀਂ ਚੋਂ ਮੈਂ ਹੋ ਗਿਆ ਫੇਲ੍ਹ
ਪੜਨ ਲਿਖਨ ਵਿੱਚ ਰੁਚੀ ਕੋਈ ਨਾ,
ਮੇਰੇ ਜਿੰਨਾ ਦੁਖੀ ਕੋਈ ਨਾ।
ਬੜਾ ਲਾ ਲਿਆ ਜੋਰ ਮਾਸਟਰਾਂ,
ਗੱਲ ਦਿਮਾਗ ਚ ਘੁਸੀ ਕੋਈ ਨਾ।
ਬੇਬੇ ਨੇ ਵੀ ਸੀ ਤਪਲਾਇਆ,
ਬਾਪੂ ਨੇ ਵੀ ਛਿੱਤਰ ਵਾਹਿਆ।
ਮੈਡਮ ਜੀ ਨੇ ਮੁਰਗਾ ਬਣਾਕੇ,
ਹਾਏ ਓਏ ਰੱਬਾ ਬੜਾ ਸਤਾਇਆ।
ਥੱਕ ਹਾਰ ਕੇ ਸਾਰੇ ਬੈਹਗੇ,
ਮਹਿਲ ਉਮੀਦਾਂ ਵਾਲੇ ਢੈਹਗੇ।
ਸਾਰੀ ਉਮਰ ਤੂੰ ਖੋਤਾ ਹੀ ਰਹਿਣਾ,
ਮਾਸਟਰ ਜੀ ਘਰ ਆ ਕੇ ਕੈਹਗੇ।
ਔਖਾ ਸੌਖਾ ਜੋਰ ਲਗਾਕੇ।
ਕਿਸੇ ਕੁੜੀ ਤੋਂ ਪੇਪਰ ਲਿਖਾ ਕੇ।
ਸਤਵੀਂ ਅੱਠਵੀਂ ਨੌਵੀਂ ਪੜ੍ਹਿਆ।
ਦਸਵੀਂ ਦੇ ਵਿੱਚ ਪੈਰ ਜਾ ਧਰਿਆ।
ਹੁਣ ਤਾਂ ਡਾਢਾ ਔਖਾ ਕੰਮ ਸੀ।
ਨਕਲ ਨਈਂ ਵੱਜਨੀ ਏਹੀ ਗੰਮ ਸੀ।
ਖੁਦ ਮੈਂ ਨੰਬਰ ਲਿਆ ਨਹੀਂ ਸਕਦਾ।
ਹੋਰ ਤੋਂ ਪੇਪਰ ਕਰਾ ਨਹੀਂ ਸਕਦਾ।
ਝੋਰਾ ਏਹੀ ਖਾਈ ਜਾਵੇ।
ਪੇਪਰ ਲਾਗੇ ਆਈ ਜਾਵੇ।
ਫਿਰਦਾ ਸੀ ਜਦ ਮੈਂ ਘਬਰਾਇਆ।
ਪਿੰਡ ਵਿਚ ਸੀ ਇੱਕ ਸਾਧੂ ਆਇਆ।
ਖੁੱਲੀਆਂ ਜੜਾਵਾਂ ਲੰਮੀ ਦਾੜ੍ਹੀ।
ਨਾਮ ਸੀ ਬਾਬਾ ਚਮਤਕਾਰੀ।
ਬੇਬੇ ਮੈਨੂੰ ਬਾਹੋਂ ਫੜਕੇ।
ਚਪੇੜ ਮੇਰੇ ਇਕ ਮੂੰਹ ਤੇ ਜੜਕੇ।
ਕਾਲ੍ਹੀ ਕਾਲ੍ਹੀ ਰਾਹੇ ਪੈ ਗੀ।
ਬਾਬੇ ਅੱਗੇ ਜਾ ਕੇ ਬੈਹਗੀ।
ਬਾਬਾ ਜੀ ਚਮਤਕਾਰ ਕਰ ਦਿਓ।
ਇਸ ਬੱਚੇ ਸਿਰ ਹੱਥ ਧਰ ਦਿਓ।
ਇਸ ਤੇ ਕੋਈ ਮੰਤ੍ਰ ਚਲਾਓ।
ਦਸਵੀਂ ਜਮਾਤ ਚੋਂ ਪਾਸ ਕਰਾਓ।
ਮੁਰਗਾ ਆਖੋ ਮੁਰਗਾ ਛੱਡੂੰ।
ਬੱਕਰਾ ਤੇਰੇ ਦਰ ਤੇ ਵੱਡੂੰ।
ਦਾਰੂ ਦਿਆਂਗੀ ਬੋਤਲ ਵੱਢੀ।
ਪਹਿਲੇ ਤੋੜ ਦੀ ਘਰ ਦੀ ਕੱਢੀ।
ਵੇਖ ਵੇਖ ਕੇ ਹਾਸਾ ਆਵੇ,
ਬੇ ਸਮਝੇ ਲੋਕਾਂ ਦਾ ਖੇਲ।
ਦਸਵੀਂ ਪਾਸ ਕਰਾਵਨ ਵਾਲਾ,
ਬਾਬਾ ਆਪ ਹੈ ਪੰਜਵੀਂ ਫੇਲ੍ਹ।
ਸੁਣਕੇ ਮੁਰਗੇ ਦਾਰੂ ਦੀ ਗੱਲ,
ਬਾਬੇ ਦੇ ਮੂੰਹੋਂ ਡਿਗੀਆਂ ਲਾਲਾਂ।
ਮੁਰਗਾ ਅੱਖਾਂ ਦੇ ਵਿੱਚ ਘੁੰਮੇ,
ਢਿੱਡ ਵਿਚ ਚੂਹੇ ਮਾਰਨ ਛਾਲਾਂ।
ਬਾਬਾ ਆਖੇ ਸੁਣ ਲੈ ਬੀਬੀ,
ਹੁਣ ਨਾ ਬਹੁਤੀ ਡੇਰ ਲਗਾਵੀਂ।
ਮੁਰਗਾ ਦਾਰੂ ਨਗਦੀ ਭੇਟਾ,
ਮੂੰਹ ਹਨੇਰੇ ਲੈ ਕੇ ਆਵੀਂ।
ਮੁੰਡਾ ਤੇਰਾ ਹੋਜੂ ਪਾਸ।
ਬਾਬੇ ਉੱਤੇ ਕਰ ਵਿਸ਼ਵਾਸ।
ਜਿੰਨੀ ਸੇਵਾ ਹੋਂਦੀ ਕਰ ਲੈ।
ਖੁਸ਼ੀਆਂ ਦੇ ਨਾਲ ਝੋਲੀ ਭਰ ਲੈ।
ਬੜਾ ਸਾਧ ਨੂੰ ਚਾਰਾ ਪਾਇਆ।
ਭੋਰਾ ਮੇਰੇ ਕੰਮ ਨਾ ਆਇਆ।
ਕਿਸਮਤ ਵਾਲਾ ਹੋਇਆ ਖੇਲ।
ਦਸਵੀਂ ਚੋਂ ਮੈਂ ਹੋ ਗਿਆ ਫੇਲ੍ਹ।
ਛੱਡ ਪੜ੍ਹਾਈ ਘਰੇ ਬਹਿ ਗਿਆ।
ਪਰਗਟ ਤਾਂਨ੍ਹਿਆਂ ਜੋਗਾ ਰਹਿ ਗਿਆ।
Nice
Bhai tuc pratilipi app pao
Kavita vadia
Bhot wadhiya Kavita Sir
Nice