Sri Guru Nanak Dev Ji History In Punjabi | ਸ੍ਰੀ ਗੁਰੂ ਨਾਨਕ ਦੇਵ ਜੀ ਦਾ ਇਤਿਹਾਸ
Sri Guru Nanak Dev Ji History
ਸ੍ਰੀ ਗੁਰੂ ਨਾਨਕ ਦੇਵ ਜੀ ਦਾ ਇਤਿਹਾਸ
ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਜਨਮ ਸਮੇਂ ਭਾਈ ਗੁਰਦਾਸ ਜੀ ਦੇ ਕਥਨ ਅਨੁਸਾਰ ਸਾਰੇ ਸੰਸਾਰ ਵਿੱਚ ਵਰਤਿਆ ਪਾਪ ਸਭਸ ਜਗ ਮਾਹੀ ਵਾਲੀ ਗੱਲ ਵਾਪਰੀ ਹੋਈ ਸੀ। ਰਾਜ ਦੇ ਹਾਕਮਾਂ ਦਾ ਉਪੱਦਰ ਜ਼ੋਰਾਂ ਤੇ ਸੀ ਜੋ ਵੀ ਉਹਨਾਂ ਦੇ ਮੂੰਹੋਂ ਨਿਕਲਦਾ ਉਹ ਹੀ ਕਾਨੂੰਨ ਸੀ ਤੇ ਉਹ ਹੀ ਨਿਆਂ। ਹਾਕਮਾਂ ਦੇ ਹੋਰ ਅਹਿਲਕਾਰ ਨਵਾਬ ਤੇ ਦੀਵਾਨ ਜਨਤਾ ਨਾਲ ਜਬਰ ਤੇ ਧੱਕੇਸ਼ਾਹੀ ਵਿੱਚ ਆਪਣੇ ਮਾਲਕਾਂ ਨਾਲੋਂ ਦਸ ਕਦਮ ਹੋਰ ਅਗਾਂਹ ਸਨ। ਬੁਤ-ਪ੍ਰਸਤਾਂ ਨੂੰ ਕਾਫਿਰ ਆਖ ਸੰਬੋਧਨ ਕੀਤਾ ਜਾਂਦਾ, ਉਨ੍ਹਾਂ ਦੀਆਂ ਬਹੂ-ਬੇਟੀਆਂ ਦੀ ਬੇਪਤੀ ਕਰਨੀ ਤੇ ਉਨ੍ਹਾਂ ਦੇ ਮਾਲ-ਧਨ ਨੂੰ ਜ਼ਬਰੀ ਖੋਹਕੇ ਉਸਨੂੰ ਧਾਰਮਿਕ ਤੌਰ ਤੇ ਜ਼ਾਇਜ ਠਹਿਰਾ ਹਾਕਮ ਜਮਾਤ ਜ਼ਬਰ ਤੇ ਜ਼ੁਲਮ ਦੀਆਂ ਸੱਭ ਹੱਦਾਂ ਪਾਰ ਕਰ ਰਹੀ ਸੀ। ਦੂਜੇ ਪਾਸੇ ਧਾਰਮਿਕ ਆਗੂ ਧਰਮ ਦੇ ਨਾਂ ਤੇ ਭੋਲੀ-ਭਾਲੀ ਜਨਤਾ ਨੂੰ ਠੱਗਦੇ, ਲੁੱਟਦੇ ਤੇ ਜਹਾਲਤ ਅਤੇ ਅਗਿਆਨਤਾ ਦੇ ਹਨੇਰੇ ਵਿੱਚ ਸੁੱਟਦੇ ਸਨ।
ਇਸਲਾਮੀ ਸ਼ਰ੍ਹਾਂ ਦੀ ਪਾਲਣਾ ਕਰਵਾਉਣ ਵਾਲਾ ਕਾਜ਼ੀ ਆਪਣੇ ਕੀਤੇ ਕੁਕਰਮਾਂ ਨੂੰ ਛੁਪਾਉਣ ਲਈ ਕੁਰਾਨ ਦੀ ਗਲਤ ਵਿਆਖਕਾਰੀ ਕਰਦਾ ਹੋਇਆ ਜੋ ਕੋ ਪੁਛੈ ਤਾ ਪੜਿ ਸੁਣਾਏ ਅਨੁਸਾਰ ਪਾਪ ਕਮਾ ਰਿਹਾ ਸੀ। ਬ੍ਰਾਹਮਣ ਸਮਾਜ ਵੀ ਵਰਣ ਵੰਡ ਕਰਕੇ, ‘ਅਭਾਖਿਆ ਕਾ ਕੁਠਾ ਬਕਰਾ ਖਾਣਾ’, ‘ਮਲੇਛ ਧਾਨੁ ਲੇ ਪੂਜਹਿ ਪੁਰਾਣੁ’ ਤੇ ‘ਬੋਲੀ ਅਵਰ ਤੁਮਾਰੀ’ ਦਾ ਧਾਰਨੀ ਹੋ ਕੇ ਵੀ ਆਪਣੇ ਉੱਚ ਸ਼੍ਰੇਣੀ ਦੇ ਮਾਣ ਵਿੱਚ ਅਭਿਮਾਨੀ ਹੋ ਰਿਹਾ ਸੀ। ਜੋਗੀ ਸੰਨਿਆਸੀ ਹੋ ਕੇ ਜਿੱਥੇ ਹਿਸਥ ਦੇ ਤਿਆਗੀ ਹੋਣ ਦਾ ਢੋਂਗ ਕਰਦੇ ਸਨ ਉੱਥੇ ਆਪਣੀਆਂ ਲੋੜਾਂ ਦੀ ਪੂਰਤੀ ਹੇਠ ਫਿਰ ‘ਉਨਹੁ ਕੇ ਘਰਿ ਮੰਗਣਿ’ ਜਾਂਦੇ ਸਨ। ਸ੍ਰੀ ਗੁਰੂ ਨਾਨਕ ਸਾਹਿਬ ਜੀ ਅਨੁਸਾਰ ਧਰਮ ਤਾਂ ਖੰਭ ਲਾ ਉੱਡ ਗਿਆ ਸੀ, ਸ਼ਰਮ ਤੇ ਧਰਮ ਦਾ ਡੇਰਾ ਦੂਰ ਹੋ ਗਿਆ ਸੀ ਤੇ ਕੇਵਲ ਕੂੜ ਹੀ ਭਰਭੂਰ ਹੋ ਰਿਹਾ ਸੀ।
Sri Guru Nanak Dev Ji Da Janam
ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ
ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ ਜਨਮ ੧੪੬੯ ਈ: ਨੂੰ ਰਾਇ ਭੋਇ ਦੀ ਤਲਵੰਡੀ ਜਿਸ ਨੂੰ ਕਿ ਹੁਣ ਨਨਕਾਣਾ ਸਾਹਿਬ ਕਿਹਾ ਜਾਂਦਾ ਹੈ ਵਿਖੇ ਹੋਇਆ। ਆਪ ਦੇ ਪਿਤਾ ਜੀ ਦਾ ਨਾਮ ਮਹਿਤਾ ਕਲਿਆਣ ਦਾਸ ਸੀ ਅਤੇ ਮਾਤਾ ਜੀ ਦਾ ਨਾਮ ਮਾਤਾ ਤ੍ਰਿਪਤਾ ਜੀ ਸੀ। ਆਪ ਦੇ ਪਿਤਾ ਜੀ ਤਲਵੰਡੀ ਅਤੇ ਉਸਦੇ ਇਰਦ-ਗਿਰਦ ਦੇ ਇਲਾਕੇ ਦੇ ਅਹਿਲਕਾਰ ਰਾਏ ਬੁਲਾਰ ਦੇ ਕਾਰਦਾਰ ਅਤੇ ਮੁਖਤਾਰ ਸਨ। ਆਪ ਆਪਣਾ ਕੰਮ ਪੂਰਨ ਯੋਗਤਾ, ਇਮਾਨਦਾਰੀ ਅਤੇ ਰੱਬੀ ਰਹਿਮ ਨਾਲ ਕਰਦੇ ਸਨ। ਇਸ ਕਰਕੇ ਇਲਾਕੇ ਦੇ ਸਭ ਲੋਕ ਉਨ੍ਹਾਂ ਦੇ ਗੁਣ ਗਾਉਂਦੇ ਅਤੇ ਉਨ੍ਹਾਂ ਨੂੰ ਵਡਿਆਉਂਦੇ ਸਨ। ਇਸ ਦੇ ਨਾਲ ਹੀ ਰਾਇ ਬੁਲਾਰ ਨੂੰ ਆਪ ਜੀ ਦੀ ਯੋਗਤਾ ਪੁਰ ਪੂਰਨ ਭਰੋਸਾ ਤੇ ਇਤਬਾਰ ਸੀ। ਆਪ ਜੀ ਦੀ ਵੱਡੀ ਭੈਣ ਦਾ ਨਾਮ ਬੇਬੇ ਨਾਨਕੀ ਜੀ ਸੀ। ਭੈਣ ਨਾਨਕੀ ਜੀ ਆਪ ਜੀ ਤੋਂ ਕੋਈ ੫ ਕੁ ਸਾਲ ਵੱਡੇ ਸਨ। ਸ੍ਰੀ ਗੁਰੂ ਨਾਨਕ ਸਾਹਿਬ ਜੀ ਵੱਡੀ ਭੈਣ ਨੂੰ ‘ਬੇਬੇ ਜੀ ਕਿਹਾ ਕਰਦੇ ਸਨ। ਬੇਬੇ ਨਾਨਕੀ ਜੀ ਦੇ ਨਾਂ ਤੇ ਹੀ ਉਨ੍ਹਾਂ ਦੇ ਵੀਰ ਦਾ ਨਾਂ ਨਾਨਕ ਰਖਿਆ ਗਿਆ। ਬੇਬੇ ਨਾਨਕੀ ਜੀ ਉਹ ਪਹਿਲੇ ਸਿੱਖ ਸਨ ਜਿਨ੍ਹਾਂ ਨੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਕਰਤਾਰੀ ਜੋਤ ਦੇ ਪ੍ਰਤੱਖ ਦਰਸ਼ਨ ਕੀਤੇ ਅਤੇ ਉਨ੍ਹਾਂ ਦੀ ਸਿਖਿਆ ਧਾਰਨ ਕੀਤੀ। ਸਮਾਂ ਪਾ ਕੇ ਬੇਬੇ ਜੀ ਦਾ ਵਿਆਹ ਸੁਲਤਾਨਪੁਰ ਲੋਧੀ ਦੇ ਦੀਵਾਨ ਜੈ ਰਾਮ ਜੀ ਨਾਲ ਹੋਇਆ। ਭਾਈਆ ਜੈ ਰਾਮ ਦੇ ਪਿਆਰ ਸਦਕਾ ਹੀ ਸ੍ਰੀ ਗੁਰੂ ਨਾਨਕ ਸਾਹਿਬ ਜੀ ਅਗਲੇਰੇ ਜੀਵਨ ਵਿੱਚ ਸੁਲਤਾਨਪੁਰ ਲੋਧੀ ਜਾ ਟਿਕੇ ਸਨ।
Sri Guru Nanak Dev Ji Childhood
ਸ੍ਰੀ ਗੁਰੂ ਨਾਨਕ ਦੇਵ ਜੀ ਦਾ ਬਚਪਨ
ਸ੍ਰੀ ਗੁਰੂ ਨਾਨਕ ਸਾਹਿਬ ਜੀ ਬਾਲ ਅਵਸਥਾ ਵਿਚ ਵੀ ਆਮ ਬਾਲਾਂ ਜਿਹੇ ਬਾਲ ਨਹੀਂ ਸਨ। ਆਪ ਮੁੱਢ ਤੋਂ ਹੀ ਸੰਤੋਖੀ ਤੇ ਵਿਚਾਰਵਾਨ ਬਿਰਤੀ ਵਾਲੇ ਸਨ। ਆਪ ਜਦੋਂ ਕਿਸੇ ਲੋੜਵੰਦ ਨੂੰ ਤੱਕਦੇ ਤਾਂ ਜੋ ਚੀਜ਼ ਘਰੋਂ ਪ੍ਰਾਪਤ ਕਰ ਸਕਦੇ ਉਹ ਉਸਨੂੰ ਦੇ ਕੇ ਖੁਸ਼ੀ ਮਹਿਸੂਸ ਕਰਦੇ। ਇਨ੍ਹਾਂ ਬਾਲ-ਚੋਜਾਂ ਕਾਰਨ ਉਹ ਸਭ ਦੇ ਹਰਮਨ ਪਿਆਰੇ ਹੋ ਗਏ ਸਨ। ਸੱਤ ਸਾਲ ਦੀ ਉਮਰ ਵਿੱਚ ਆਪ ਜੀ ਨੂੰ ਬ੍ਰਾਹਮਣ ਅਧਿਆਪਕ ਪਾਸ ਪੜ੍ਹਨ ਭੇਜਿਆ ਜਿਸ ਤੋਂ ਆਪ ਜੀ ਨੇ ਦੇਵਨਾਗਰੀ ਦੇ ਨਾਲ ਨਾਲ ਗਣਿਤ ਅਤੇ ਵਹੀਖਾਤੇ ਬਾਰੇ ਵੀ ਗਿਆਨ ਪ੍ਰਾਪਤ ਕੀਤਾ। ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਪਹਿਲਾ ਪ੍ਰਸ਼ਨ ਹੀ ਪਾਂਧੇ ਨੂੰ ਇਹ ਕੀਤਾ ‘ਪਾਂਧੇ ਤੂੰ ਕੁਝ ਪੜਿਆ ਹੈ ਜੋ ਮੇਰੇ ਤਾਂਈ ਪੜਾਉਂਦਾ ਹੈ?’ ਪਾਂਧਾ ਬਗੈਰ ਇਹ ਜਾਣੇ ਕਿ ਉਸ ਦੀ ਪੜ੍ਹਾਈ ਦਾ ਕੀ ਸਿੱਟਾ ਨਿਕਲੇਗਾ ਪੜ੍ਹਾਈ ਕਰਾਈ ਜਾ ਰਿਹਾ ਸੀ। ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਫੁਰਮਾਇਆ ‘ਜਿਸ ਵਿਦਿਆ ਪੜ੍ਹਨ ਨਾਲ ਮਾਇਆ ਦਾ ਜੰਜਾਲ ਹੀ ਨਾ ਟੁੱਟਾ ਐਸੀ ਵਿਦਿਆ ਪੜ੍ਹਨ ਦਾ ਕੀ ਲਾਭ?’ ਪਾਂਧੇ ਨੂੰ ਮਹਾਂ-ਪਾਂਧਾ ਮਿਲ ਪਿਆ। ਉਸਤਾਦ ਨੂੰ ਉਸਤਾਦ ਮਿਲ ਪਿਆ। ਪਾਂਧਾ ਗੁਰੂ ਸਾਹਿਬ ਦੀ ਅਧਿਆਤਮਵਾਦੀ ਪਹੁੰਚ ਅਗੇ ਨਤਮਸਤਕ ਹੋਇਆ। ਪਾਂਧੇ ਨੂੰ ਅਸਲੀ ਵਿਦਿਆ ਦੀ ਦਾਤ ਤੇ ਰੋਸ਼ਨੀ ਮਿਲੀ। ਗੁਰੂ ਸਾਹਿਬ ਜੀ ਨੇ ਪਾਂਧੇ ਨੂੰ ਸਤਿਨਾਮ ਦਾ ਉਪਦੇਸ਼ ਦਿੱਤਾ। ਗੁਰੂ ਸਾਹਿਬ ਜੀ ਨੇ ਫਾਰਸੀ ਤੇ ਇਸਲਾਮੀ ਸਾਹਿਤ ਦੀ ਸਿਖਿਆ ਸਥਾਨਕ ਮੌਲਵੀ ਪਾਸੋਂ ਲਈ। ਆਪ ਜੀ ਨੇ ਇਕੋ ਵਾਰੀ ਅਰਬੀ ਦੀ ਵਰਣਮਾਲਾ ਪੜ੍ਹ ਲਈ। ਮੱਲ੍ਹਾ ਇਹ ਦੇਖ ਹੈਰਾਨ ਹੋਇਆ।
ਉਸਨੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਤੇ ਰਬਉਲਆਲਮੀਨ ਦੀ ਰਹਿਮਤ ਬਿਆਨ ਕਰਦੇ ਹੋਏ ਆਪ ਰੱਬੀ ਬਿਆਨਿਆ। ਮੌਲਵੀ ਵੀ ਆਪ ਜੀ ਦੀ ਗਿਆਨ ਖੜਗ ਦਾ ਕਾਇਲ ਹੋ ਗਿਆ। ਉਪਰੰਤ ਆਪ ਦੇ ਪਿਤਾ ਜੀ ਨੇ ਆਪ ਦੀ ਜੰਗਲਬੇਲੇ ਨਾਲ ਪਿਆਰ ਅਤੇ ਚਿੰਤਕ ਬਿਰਤੀ ਹੋਣ ਕਾਰਨ ਸੋਚਿਆ ਕਿ ਕਿਉਂ ਨਾ ਆਪ ਜੀ ਨੂੰ ਗਊ ਮੱਝਾਂ ਦੀ ਦੇਖਭਾਲ ਦਾ ਕੰਮ ਸੌਂਪਿਆ ਜਾਵੇ। ਆਪ ਪਿਤਾ ਜੀ ਦਾ ਕਿਹਾ ਮੰਨ ਗਏ। ਗੁਰੂ ਸਾਹਿਬ ਜੀ ਗਊਆਂ ਮੱਝਾਂ ਦੇ ਵਾਗੀ ਬਣ ਗਏ। ਇਕ ਦਿਨ ਰੋਜ ਵਾਂਗ ਗੁਰੂ ਸਾਹਿਬ ਜੀ ਗਊਆਂ ਮੱਝੀਆਂ ਜੰਗਲ ਵਿਚ ਲੈ ਗਏ। ਗਊਆਂ, ਮੱਝਾਂ ਚਰਨ ਲਗ ਪਈਆਂ। ਛੇਤੀ ਹੀ ਆਪ ਜੀ ਦੀ ਬਿਰਤੀ ਪਰਮਾਤਮਾ ਨਾਲ ਜੁੜ ਗਈ। ਪਸ਼ੁ ਚਰਦੇ-ਚਰਦੇ ਭੱਟੀ ਜੱਟ ਦੀ ਪੈਲੀ ਵਿਚ ਜਾ ਵੜੇ। ਇਹ ਵੇਖ ਪੈਲੀ ਵਾਲਾ ਨੱਸਾ ਆਇਆ। ਗੁਰੂ ਸਾਹਿਬ ਜੀ ਨੂੰ ਵੇਖ ਕੇ ਆਖਣ ਲੱਗਾ ‘ਵੇਖੋ ਘਰੋਂ ਆਇਆ ਜੇ ਡੰਗਰ ਚਾਰਨ ਤੇ ਇਥੇ ਆ ਦਰਖਤ ਦੀ ਛਾਵੇਂ ਸੁਤਾ ਪਿਆ ਏ।’ ਗੁਰੂ ਸਾਹਿਬ ਜੀ ਸਾਵਧਾਨ ਹੋਏ ਨੇਤਰ ਖੋਲੇ ਅਤੇ ਉਸਨੂੰ ਧਰਵਾਸ ਦਿਤੀ। ਪਰੰਤੂ ਉਹ ਗੁਸੇ ਵਿਚ ਲੋਹਾ ਲਾਖਾ ਹੋਇਆ ਵਾਗੀ ਤੇ ਵਗ ਨੂੰ ਰਾਏ ਬੁਲਾਰ ਪਾਸ ਲੈ ਗਿਆ।
ਰਾਏ ਬੁਲਾਰ ਨੇ ਫੈਸਲਾ ਕਰਵਾਉਣ ਲਈ ਇਕ ਬੰਦੇ ਨੂੰ ਫ਼ਸਲ ਦੇ ਨੁਕਸਾਨ ਦਾ ਅੰਦਾਜ਼ਾ ਲਾਉਣ ਲਈ ਭੇਜਿਆ। ਪਰ ਜਦੋਂ ਪੈਲੀ ਬੰਨਾ ਤਕਿਆ ਤਾਂ ਖੇਤੀ ਹਰੀ ਭਰੀ ਲਹਿ ਲਹਿ ਕਰ ਰਹੀ ਸੀ। ਰਾਏ ਬੁਲਾਰ ਦੇ ਆਦਮੀਆਂ ਨੇ ਸਭ ਹਾਲਾਤ ਉਸਨੂੰ ਜਾ ਦੱਸੇ। ਇਹ ਕੌਤਕ ਵੇਖ ਰਾਏ ਬੁਲਾਰ ਨੂੰ ਨਿਸ਼ਚਾ ਹੋ ਗਿਆ ਕਿ ਆਪ ਜੀ ਰੱਬ ਦੇ ਨਿਵਾਜੇ ਹੋਏ ਕੋਈ ਖਾਸ ਵਲੀ ਹਨ। ਕੁਝ ਦਿਨਾਂ ਮਗਰੋਂ ਰਾਏ ਬੁਲਾਰ ਨੇ ਇਕ ਹੋਰ ਕੌਤਕ ਵੇਖਿਆ। ਉਹ ਘੋੜੀ ਉਪਰ ਚੜਿਆ ਕਿਸੇ ਲਾਗਲੇ ਪਿੰਡਾਂ ਵਾਪਸ ਪਰਤ ਰਿਹਾ ਸੀ। ਉਸਨੇ ਵੇਖਿਆ ਕਿ ਬੇਲੇ ਵਿਚ ਇੱਕ ਰੁੱਖ ਦੀ ਛਾਵੇਂ ਸ੍ਰੀ ਗੁਰੂ ਨਾਨਕ ਸਾਹਿਬ ਜੀ ਘੂਕ ਸੁੱਤੇ ਹੋਏ ਹਨ। ਗਊਆਂ, ਮੱਝੀਆਂ ਆਪ ਜੀ ਦੇ ਦੁਆਲੇ ਘੇਰਾ ਘੱਤੀ ਬੈਠੀਆਂ ਹਨ। ਜਾ ਹੋਰ ਨੇੜੇ ਹੋਇਆ ਤਾਂ ਦੇਖਿਆ ਕਿ ਇਕ ਫਨੀਅਰ ਸੱਪ ਗੁਰੂ ਸਾਹਿਬ ਜੀ ਛਾਂ ਕਰੀ ਬੈਠਾ ਹੈ। ਘੋੜੀ ਦੀਆਂ ਟਾਪਾਂ ਦਾ ਖੜਾਕ ਸੁਣ ਕੇ ਸੱਪ ਫੰਨ ਵਲੇਟਕੇ ਛਪਨ ਹੋ ਗਿਆ। ਗੁਰੂ ਸਾਹਿਬ ਜੀ ਉਠ ਬੈਠੇ ਅਤੇ ਪਿਆਰ ਭਰੀ ਮੁਸਕਰਾਹਟ ਨਾਲ ਰਾਏ ਬੁਲਾਰ ਵੱਲ ਤਕਣ ਲੱਗੇ। ਰਾਏ ਬੁਲਾਰ ਇਹ ਕੌਤਕ ਵੇਖ ਗੁਰੂ ਸਾਹਿਬ ਦੇ ਚਰਨੀਂ ਪਿਆ। ਉਸ ਦਿਨ ਤੋਂ ਉਹ ਗੁਰੂ ਸਾਹਿਬ ਜੀ ਦਾ ਪੱਕਾ ਸ਼ਰਧਾਲੂ ਹੋ ਗਿਆ। ਆਰੰਭ ਤੋਂ ਹੀ ਆਪ ਜੀ ਦਾ ਸੁਭਾਅ ਦਲੀਲਬਾਜ਼ੀ ਵਾਲਾ ਸੀ। ਆਪ ਜੀ ਗਲਤ ਨੂੰ ਗਲਤ ਅਤੇ ਠੀਕ ਨੂੰ ਠੀਕ ਆਖਦੇ ਸਨ। ਨੌਂ ਸਾਲ ਦੀ ਉਮਰ ਵਿੱਚ ਜਦੋਂ ਆਪ ਜੀ ਨੂੰ ਜਨੇਊ ਪਹਿਨਣ ਦੀ ਰਸਮ ਪੂਰੀ ਕਰਨ ਲਈ ਕਿਹਾ ਗਿਆ ਤਾਂ ਆਪ ਜੀ ਨੇ ਇਹ ਆਖ ਇਸ ਦਾ ਵਿਰੋਧ ਕੀਤਾ ਕਿ ਮੈਂ ਉਹ ਜਨੇਊ ਪਵਾਂਗਾ ਜੋ ਟੁਟਦਾ ਤੇ ਸੜਦਾ ਨਹੀਂ ਸਗੋਂ ਅਗਲੀ ਦਰਗਾਹੇ ਭੀ ਨਾਲ ਨਿਭੇ। ਆਪ ਜੀ ਦੀ ਹਰ ਸਮੇਂ ਵਾਹਿਗੁਰੂ ਵਿੱਚ ਲੀਨ ਰਹਿਣ ਦੀ ਅਵਸਥਾ ਕਾਰਨ ਪਿਤਾ ਜੀ ਨੂੰ ਸ਼ਕ ਹੋਇਆ ਕਿ ਸ਼ਾਇਦ ਆਪ ਜੀ ਨੂੰ ਕੋਈ ਸਰੀਰਕ ਰੋਗ ਹੈ ਜਿਸ ਕਰਕੇ ਉਹਨਾਂ ਨੇ ਇਲਾਜ ਲਈ ਵੈਦ ਨੂੰ ਬੁਲਾਇਆ। ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਵੈਦ ਨੂੰ ਸੰਬੋਧਨ ਹੁੰਦੇ ਹੋਏ ਫੁਰਮਾਇਆ :
ਵੈਦੁ ਬਲਾਇਆ ਵੈਦਗੀ ਪਕੜਿ ਢੰਢੋਲੇ ਬਾਂਹ॥
ਭੋਲਾ ਵੈਦੁ ਨ ਜਾਣਈ ਕਰਕ ਕਲੇਜੇ ਮਾਹਿ॥ (ਅੰਗ ੧੨੭੯)
ਪਿਤਾ ਜੀ ਆਪ ਜੀ ਨੂੰ ਕਿਸੇ ਧੰਧੇ ਜਾਂ ਵਪਾਰ ਵਿੱਚ ਲਗਾਉਣ ਦੇ ਇਛੁੱਕ ਸਨ। ਪਿਤਾ ਜੀ ਨੇ ਆਪ ਨੂੰ ਕੁਝ ਪੈਸੇ ਦੇ ਕੇ ਲਾਗਲੇ ਨਗਰ ਚੂਹੜਕਾਣੇ ਵਾਪਾਰ ਕਰਨ ਲਈ ਵਸਤਾਂ ਖਰੀਦਣ ਲਈ ਭੇਜਿਆ ਰਸਤੇ ਵਿੱਚ ਆਪ ਜੀ ਨੂੰ ਭਲੇ ਪੁਰਸ਼ਾਂ ਦੀ ਟੋਲੀ ਮਿਲੀ। ਆਪ ਜੀ ਨੇ ਸਾਰੇ ਪੈਸੇ ਉਨ੍ਹਾਂ ਨੂੰ ਭੋਜਨ ਛਕਾਉਣ ਤੇ ਮਦਦ ਪੂਰੀ ਕਰਨ ਲਈ ਖਰਚ ਕਰ ਦਿੱਤੇ। ਜਿਸ ਜਗ੍ਹਾ ਆਪ ਜੀ ਨੇ ਭੋਜਨ ਛਕਾਇਆ ਉਸ ਜਗ੍ਹਾ ਹੁਣ ਵੀ ਗੁਰਦੁਆਰਾ ਸੱਚਾ ਸੌਦਾ ਮੌਜੂਦ ਹੈ। ਆਪ ਜੀ ਦੇ ਵਿਵਹਾਰ ਤੋਂ ਅਸੰਤੁਸ਼ਟ ਹੋ ਪਿਤਾ ਜੀ ਨੇ ਆਪਨੂੰ ਭਾਈਆ ਜੈ ਰਾਮ ਕੋਲ ਸੁਲਤਾਨਪੁਰ ਲੋਧੀ ਜਾਣ ਦੀ ਆਗਿਆ ਕੀਤੀ। ਜੈ ਰਾਮ ਜੀ ਨੇ ਸੁਲਤਾਨਪੁਰ ਲੋਧੀ ਦੇ ਨਵਾਬ ਦੌਲਤ ਖਾਨ ਪਾਸ ਆਪ ਜੀ ਦੇ ਪੜ੍ਹੇ ਲਿਖੇ ਤੇ ਨੇਕ ਸੁਭਾਅ ਦੀ ਸਿਫਾਰਿਸ਼ ਕਰ ਆਪ ਜੀ ਨੂੰ ਯੋਗ ਨੌਕਰੀ ਦੁਆ ਦਿੱਤੀ। ਆਪ ਜੀ ਨੂੰ ਮੋਦੀਖਾਨੇ ਨੋਕਰੀ ਲਾ ਦਿੱਤਾ ਗਿਆ ਜਿਥੇ ਕਰ ਵਜੋਂ ਲਿਆ ਅਨਾਜ ਲੋਕਾਂ ਵਿਚ ਵੇਚਿਆ ਜਾਂਦਾ।
ਗੁਰੂ ਸਾਹਿਬ ਜੀ ਨੇ ਮੋਦੀਖਾਨੇ ਦਾ ਕੰਮ ਬਹੁਤ ਯੋਗਤਾ ਨਾਲ ਨਿਭਾਉਂਦੇ ਹੋਏ ਸੱਚਾ ਬੋਲ, ਪੂਰਾ ਤੋਲ ਤੇ ਸਤਿ ਵਿਵਹਾਰ ਕਰਨ ਦੀ ਜਾਚ ਮਨੁਖਤਾ ਨੂੰ ਸਿੱਖਾਈ। ਆਪ ਲੋੜਵੰਦਾ ਦੀ ਮਦਦ ਯਥਾ ਸ਼ਕਤ ਆਪਣੇ ਅਧਿਕਾਰ ਖੇਤਰ ਅੰਦਰ ਰਹਿ ਕੇ ਕਰਦੇ। ਪੁਰਾਤਨ ਜਨਮਸਾਖੀ ਅਨੁਸਾਰ ਇਕ ਦਿਨ ਇਕ ਲੋੜਵੰਦ ਰਸਦ ਖਰੀਦਣ ਆਇਆ। ਤੌਲ ਕਰਦੇ ਸਮੇਂ ਜਦੋਂ ਆਪ ਬਾਰਾਂ ਤੋਂ ਤੇਰਾਂ ਦੇ ਤੋਲ ਪਰ ਪਹੁੰਚੇ ਤਾਂ ਆਪ ‘ਤੇਰਾ ਤੇਰਾ ਉਚਾਰਨ ਕਰਦੇ ਵਿਸਮਾਦ ਦੇ ਮੰਡਲ ਵਿਚ ਲੀਨ ਹੋ ਕਰਤਾ ਵਿਚ ਇੱਕਮਿੱਕ ਹੋ ਗਏ। ਇਲਾਕੇ ਦੇ ਲੋਕ ਗੁਰੂ ਸਾਹਿਬ ਜੀ ਦੇ ਇਨ੍ਹਾਂ ਰਹੱਸਵਾਦੀ ਅਨੁਭਵਾਂ ਨੂੰ ਵੇਖ ਆਪ ਜੀ ਅਗੇ ਨਤਮਸਤਕ ਹੋਏ। ਈਰਖਾਵਾਨਾਂ ਨੇ ਨਵਾਬ ਪਾਸ ਜਾ ਲੂਤੀਆਂ ਲਾਈਆ ਕਿ ‘ਨਾਨਕ ਤਾਂ ਮੋਦੀਖਾਨਾ ਲੁਟਾਈ ਜਾ ਰਹੇ ਹਨ।
ਨਵਾਬ ਨੇ ਲੋਕਾਂ ਦੀ ਚੁਗਲੀ ਵਿਚ ਆ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਨੂੰ ਕਾਲ ਕੋਠੜੀ ਵਿਚ ਬੰਦ ਕਰਵਾ ਦਿੱਤਾ। ਪਰੰਤੂ ਜਦੋਂ ਸਾਰੇ ਹਿਸਾਬ ਦਾ ਜੋੜ ਮੇਲ ਕੀਤਾ ਗਿਆ ਤਾਂ ਉਸ ਵਿਚ ਵਾਧਾ ਨਿਕਲਿਆ ਅਤੇ ਗੁਰੂ ਸਾਹਿਬ ਜੀ ਦੋਸ਼ ਮੁਕਤ ਸਾਬਤ ਹੋਏ। ਨਵਾਬ ਨੂੰ ਗੁਰੂ ਸਾਹਿਬ ਜੀ ਦੀ ਯੋਗਤਾ ਤੇ ਇਮਾਨਦਾਰੀ ਦਾ ਨਿਸ਼ਚਾ ਹੋ ਗਿਆ ਅਤੇ ਨਿੰਦਕਾਂ, ਚੁਗਲਾਂ ਨੂੰ ਆਪਣੇ ਸਿਰ ਨੀਵੇਂ ਕਰਨੇ ਪਏ। ਆਪ ਜੀ ਤੇਰਾ-ਤੇਰਾ ਦੀ ਯਾਦ ਵਿੱਚ ਲੀਨ ਰਹਿ ਪਰਮਾਤਮਾ ਦੀ ਅਰਾਧਨਾ ਕਰਦੇ। ਅਠਾਰਾਂ ਸਾਲ ਦੀ ਉਮਰ ਵਿਚ ਆਪ ਜੀ ਦੀ ਸ਼ਾਦੀ ਬਟਾਲਾ ਨਿਵਾਸੀ ਸ੍ਰੀ ਮੂਲ ਚੰਦ ਜੀ ਦੀ ਸਪੁੱਤਰੀ ਬੀਬੀ ਸੁਲੱਖਣੀ ਜੀ ਨਾਲ ਨੀਯਤ ਹੋਈ। ਆਪ ਜੀ ਦੇ ਘਰ ਦੋ ਸਪੁੱਤਰ ਬਾਬਾ ਲਖਮੀ ਦਾਸ ਜੀ ਤੇ ਬਾਬਾ ਸ੍ਰੀ ਚੰਦ ਜੀ ਪੈਦਾ ਹੋਏ। ਆਪ ਜੀ ਨੇ ਮੋਦੀਖਾਨਾ ਬਹੁਤ ਸਯੋਗ ਤਰੀਕੇ ਨਾਲ ਚਲਾਇਆ ਅਤੇ ਇਸ ਕਾਰਜ ਨੇ ਪਿਤਾ ਜੀ ਦੇ ਆਪ ਪ੍ਰਤੀ ਬਣੇ ਰਵੱਈਏ ਨੂੰ ਬਦਲਣ ਵਿੱਚ ਅਹਿਮ ਰੋਲ ਅਦਾ ਕੀਤਾ। ਰਾਤ ਦੇ ਸਮੇਂ ਆਪ ਜੀ ਪਰਮਾਤਮਾ ਦੀ ਕੀਰਤੀ ਦਾ ਗਾਇਣ ਕਰਦੇ ਅਤੇ ਇਕ ਮੁਸਲਮਾਨ ਭਾਈ ਮਰਦਾਨਾ ਜੀ ਰਬਾਬ ਵਜਾ ਕੇ ਆਪ ਜੀ ਦਾ ਸਾਥ ਦਿੰਦੇ।
ਰੋਜ ਦੀ ਨਿਆਂਈ ਇੱਕ ਦਿਨ ਅੰਮ੍ਰਿਤ ਵੇਲੇ ਆਪ ਜੀ ਵੇਂਈ ਨਦੀ ਵਿੱਚ ਇਸ਼ਨਾਨ ਕਰਨ ਗਏ। ਆਪ ਜੀ ਇਸ਼ਨਾਨ ਸਮੇਂ ਪਰਮਾਤਮਾ ਨਾਲ ਇਕ ਸੁਰ ਹੋ ਗਏ ਅਤੇ ਅਨੁਭਵ ਕੀਤਾ ਕਿ ਆਪ ਸਰਵ-ਸ਼ਕਤੀਮਾਨ ਪਰਮਾਤਮਾ ਦੇ ਸਨਮੁਖ ਖੜੇ ਹਨ। ਜੀਵਨ ਉਦੇਸ਼ ਦੀ ਪੂਰਤੀ ਲਈ ਅਕਾਲਪੁਰਖ ਪਾਸੋਂ ਆਪ ਜੀ ਨੂੰ ਅਸ਼ੀਰਵਾਦ ਪ੍ਰਾਪਤ ਹੋਇਆ। ਤਿੰਨ ਦਿਨਾਂ ਬਾਅਦ ਜਦੋਂ ਆਪ ਮੁੜ ਵੇਈਂ ਨਦੀ ਚੋਂ ਬਾਹਰ ਆਏ ਤਾਂ ਆਪ ਜੀ ਨੇ ਪਹਿਲਾ ਉਪਦੇਸ਼ ਇਹੋ ਕੀਤਾ ‘ਨਾ ਹਮ ਹਿੰਦੂ ਨ ਮੁਸਲਮਾਨ॥’ ਇਸ ਮਹਾਂਵਾਕ ਨੇ ਲੋਕਾਂ ਵਿੱਚ ਉਤੇਜਨਾ ਪੈਦਾ ਕੀਤੀ। ਸ਼ਹਿਰ ਦੇ ਕਾਜੀ ਦੀ ਸ਼ਿਕਾਇਤ ਤੇ ਆਪ ਜੀ ਨੂੰ ਨਵਾਬ ਸਾਹਮਣੇ ਪੇਸ਼ ਕੀਤਾ ਗਿਆ ਤੇ ਆਪਣੇ ਵਿਚਾਰ ਪ੍ਰਗਟ ਕਰਨ ਲਈ ਕਿਹਾ ਗਿਆ। ਆਪਣੇ ਵਿਚਾਰਾਂ ਨੂੰ ਸਪਸ਼ਟਤਾ ਦੇਣ ਲਈ ਆਪ ਜੀ ਆਲੋਚਕਾਂ ਦੇ ਨਾਲ ਮਸਜਿਦ ਚਲੇ ਗਏ ਜਿੱਥੇ ਕਾਜ਼ੀ ਨੇ ਨਮਾਜ਼ ਪੜ੍ਹਨ ਲਈ ਮੋਮਨਾਂ ਦੀ ਅਗਵਾਈ ਕੀਤੀ। ਆਪ ਜੀ ਨਮਾਜ ਵਿੱਚ ਸ਼ਾਮਲ ਨਹੀਂ ਹੋਏ। ਜਦੋਂ ਕਾਜ਼ੀ ਤੇ ਨਵਾਬ ਨੇ ਆਪ ਜੀ ਨੂੰ ਇਸ ਬਾਬਤ ਪੁੱਛਿਆ ਤਾਂ ਆਪਨੇ ਸਪਸ਼ਟ ਕਿਹਾ ਕਿ ਕਾਜ਼ੀ ਜੀ ਤੁਸੀਂ ਨਮਾਜ ਪੜ੍ਹਨ ਦੀ ਥਾਂ ਘਰ ਜਮੀਂ ਨਵੀਂ ਵਛੇਰੀ ਦੀ ਚਿੰਤਾ ਕਰ ਰਹੇ ਸੀ ਤੇ ਨਵਾਬ ਹੁਰੀਂ ਤਾਂ ਕਾਬਲ ਵਿਚ ਘੋੜੇ ਖਰੀਦਣ ਪਿੱਛੇ ਲਗੇ ਫਿਰਦੇ ਸਨ। ਇਸ ਤਰ੍ਹਾਂ ਆਪ ਨਮਾਜ਼ ਪੜ੍ਹਦੇ ਹੋਏ ਵੀ ਗੈਰ ਹਾਜ਼ਿਰ ਸੀ ਤਾਂ ਜੇਕਰ ਮੈਂ ਨਮਾਜ ਵਿੱਚ ਸ਼ਾਮਲ ਨਹੀਂ ਹੋਇਆ ਤਾਂ ਕੀ ਗੁਨਾਹ ਹੋ ਗਿਆ ਹੈ। ਇਸ ਅੰਤਰ-ਆਤਮਾ ਜਾਨਣਹਾਰੇ ਦੀ ਗਲ ਸੁਣ ਦੋਵੇਂ ਬਹੁਤ ਸ਼ਰਮਸਾਰ ਹੋਏ। ਇਸ ਘਟਨਾ ਤੋਂ ਉਪਰੰਤ ਆਪ ਜੀ ਨੇ ਦੌਲਤ ਖਾਨ ਦੀ ਨੌਕਰੀ ਛੱਡ ਦਿੱਤੀ ਅਤੇ ਅਕਾਲਪੁਰਖ ਵਲੋਂ ਸਉਂਪਿਆ ਜੀਵਨ ਉਦੇਸ਼ ਆਰੰਭ ਕਰਨ ਦਾ ਫੈਸਲਾ ਕੀਤਾ।
Bhai Lalo Ji Di Sakhi In Punjabi
ਭਾਈ ਲਾਲੋ ਜੀ ਦੀ ਸਾਖੀ
ਭਾਈ ਮਰਦਾਨੇ ਰਬਾਬੀ ਨੂੰ ਨਾਲ ਲੈ ਕੇ ਆਪ ਜੀ ਐਮਨਾਬਾਦ ਦੇ ਸਥਾਨ ਤੇ ਭਾਈ ਲਾਲੋ ਜੋ ਕਿ ਇਕ ਤਰਖਾਣ ਸੀ ਦੇ ਘਰ ਠਹਿਰੇ। ਸਥਾਨਕ ਫੌਜ਼ਦਾਰ ਮਲਕ ਭਾਗੋ ਨੇ ਆਪਣੇ ਗ੍ਰਹਿ ਵਿਖੇ ਆਪ ਜੀ ਨੂੰ ਇਕ ਮਹਾਨ ਭੋਜ ਵਿੱਚ ਸ਼ਾਮਲ ਹੋਣ ਦਾ ਨਿਓਤਾ ਦਿੱਤਾ। ਗੁਰੂ ਸਾਹਿਬ ਜੀ ਨੇ ਹਰਾਮ ਦੀ ਕਮਾਈ ਵਾਲੇ ਮਹਾਨ ਭੇਜ ਦੇ ਸਵਾਦਿਸ਼ਟ ਪਕਵਾਨਾਂ ਨਾਲੋਂ ਭਾਈ ਲਾਲੋ ਦੀ ਹਕ ਹਲਾਲ ਦੀ ਰੁਖੀ ਮਿਥੀ ਰੋਟੀ ਖਾਣ ਨੂੰ ਤਰਜੀਹ ਦਿੱਤੀ। ਮਲਕ ਭਾਗੋ ਨੂੰ ਗੁਰੂ ਸਾਹਿਬ ਜੀ ਨੇ ਉਪਦੇਸ਼ ਕੀਤਾ ਕਿ ਤੇਰੇ ਭੋਜਨ ਵਿੱਚੋਂ ਗਰੀਬਾਂ ਮਿਹਨਤੀਆਂ ਦੇ ਲਹੂ ਦੀ ਝਲਕ ਪੈਂਦੀ ਹੈ ਜਦੋਂਕਿ ਭਾਈ ਲਾਲੋ ਦੀ ਦਸਾਂ ਨਹੁੰਆਂ ਦੀ ਕਿਰਤ ਦੇ ਪ੍ਰਸ਼ਾਦੇ ਚੋਂ ਕਰਤਾਰੀ ਰਹਿਮਤ ਦੇ ਦੁੱਧ ਦੀ ਝਲਕ ਦਿਸਦੀ ਹੈ। ਇਹ ਸੁਣ ਮਲਕ ਭਾਗੋ ਗੁਰੂ ਸਾਹਿਬ ਜੀ ਦੇ ਚਰਨੀਂ ਪਿਆ ਤੇ ਆਪਣੀ ਭੁਲ ਬਖਸ਼ਾਈ। ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਭਾਈ ਲਾਲੋ ਨੂੰ ਸਿੱਖ ਧਰਮ ਦਾ ਪਹਿਲਾ ਪ੍ਰਚਾਰਕ ਥਾਪਿਆ।
ਇਸ ਤੋਂ ਬਾਅਦ ਗੁਰੂ ਸਾਹਿਬ ਜੀ ਮੁਲਤਾਨ ਦੇ ਲਾਗੇ ਤੁਲੰਬਾ ਨਗਰ ਦੇ ਸਥਾਨ ਤੇ ਸੱਜਣ ਠੱਗ ਨੂੰ ਮਿਲਣ ਵਾਸਤੇ ਗਏ। ਇਹ ਆਪਣੇ ਆਪ ਨੂੰ ਸ਼ੇਖ ਕਹਿੰਦਾ ਸੀ। ਇਸ ਨੇ ਹਿੰਦੂਆਂ ਲਈ ਮੰਦਰ ਅਤੇ ਮੁਸਲਮਾਨਾਂ ਲਈ ਮਸਜਿਦ ਦੀ ਸਥਾਪਨਾ ਅਤੇ ਯਾਤਰੂਆਂ ਲਈ ਠਹਿਰਨ ਅਤੇ ਭੋਜਨ ਦਾ ਪ੍ਰਬੰਧ ਕੀਤਾ ਹੋਇਆ ਸੀ। ਰਾਤ ਦੇ ਸਮੇਂ ਇਹ ਯਾਤਰੂਆਂ ਕੋਲੋਂ ਸਾਰਾ ਸਮਾਨ ਖੋਹ ਕੇ ਉਹਨਾਂ ਨੂੰ ਮਾਰ ਕੇ ਖੂਹ ਵਿੱਚ ਸੁੱਟ ਦਿੰਦਾ ਸੀ। ਰਾਤ ਦੇ ਸਮੇਂ ਜਦੋਂ ਗੁਰੂ ਸਾਹਿਬ ਜੀ ਨੇ ਸ਼ਬਦ ਉਚਾਰਨ ਕੀਤਾ ‘ਸਜਣ ਸੇਈ ਨਾਲਿ ਮੈ ਚਲਦਿਆ ਨਾਲਿ ਚੰਲਨਿ’ ਤਾਂ ਇਹ ਸ਼ਬਦ ਸਜਣ ਦੇ ਹਿਰਦੇ ਨੂੰ ਟੁੰਬ ਗਿਆ। ਗੁਰੂ ਸਾਹਿਬ ਜੀ ਦੀ ਅਧਿਆਤਮਵਾਦੀ ਮਿਕਨਾਤੀਸੀ ਸ਼ਖਸੀਅਤ ਤੋਂ ਸੱਜਣ ਠੱਗ ਇਤਨਾ ਪ੍ਰਭਾਵਿਤ ਹੋਇਆ ਕਿ ਹੁਣ ਉਹ ਕੇਵਲ ਸੱਜਣ ਹੀ ਰਹਿ ਗਿਆ ਸੀ। ਸੱਜਣ ਦਾ ਡੇਰਾ ਗੁਰੂ ਘਰ ਦੀ ਪਹਿਲੀ ਧਰਮਸ਼ਾਲ ਬਣਿਆ। ਗੁਰੂ ਸਾਹਿਬ ਜੀ ਨੇ ਸੱਜਣ ਨੂੰ ਇਸ ਧਰਮਸ਼ਾਲ ਵਿਖੇ ਪ੍ਰਚਾਰਕ ਨਿਯੁਕਤ ਕੀਤਾ। ਗੁਰੂ ਸਾਹਿਬ ਜੀ ਦੀ ਇਸ ਛੋਟੀ ਜਿਹੀ ਪੰਜਾਬ ਫੇਰੀ ਨੇ ਸਿੱਖੀ ਪ੍ਰਚਾਰ ਦੀ ਉਹ ਨੀਂਹ ਰੱਖੀ ਜਿਸਨੇ ਆਉਣ ਵਾਲੇ ਸਮੇਂ ਵਿੱਚ ਇਕ ਇਨਕਲਾਬ ਦਾ ਰੂਪ ਧਾਰਨ ਕਰ ਜਰਵਾਣਿਆਂ ਤੋਂ ਸਮਾਜ ਨੂੰ ਮੁਕਤ ਕਰ ਸਮਾਜ ਨੂੰ ਇਕ ਅਕਾਲ ਪੁਰਖ ਦੇ ਪੁਜਾਰੀ ਹੋਣ ਵੱਲ ਪ੍ਰੇਰਿਤ ਕੀਤਾ। ਉਪਰੰਤ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਗੁਰਮੁਖਿ ਖੋਜਤ ਭਏ ਉਦਾਸੀ ਦੇ ਮਹਾਂਵਾਕ ਅਨੁਸਾਰ ਲੰਮੀਆਂ ਉਦਾਸੀਆਂ ਦੀ ਯਾਤਰਾ ਆਰੰਭ ਕਰ ਦਿੱਤੀ। ਆਓ ਜਾਣਦੇ ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿੰਨੀਆਂ ਉਦਾਸੀਆਂ ਕੀਤੀਆਂ ?
Sri Guru Nanak Dev Ji History ਅੱਗੇ ਪੜ੍ਹਨ ਲਈ ਇੱਥੇ ਕਲਿੱਕ ਕਰੋ
Thank you for sharing such nice information about Guru Nanak dev ji. if you don’t mind can I use this information to create youtube video.
Thanks in advance.
Shri Guru Nanak Dev Ji biography really helpful.
Nice
Hi
Sir.
Jo guru Nanak Dev Ji ki pick hai bo such me oni ki reall pick hai
Complete Shri Guru Nanak Dev Ji Biography or Full Real Life Events Read Here
Guru Nanak Dev Ji, the founder of Sikhism, preached messages of love, equality, and spiritual enlightenment for all humanity.
Niente l
Guru Naak ji ki Biography padhkar maza aa gya