Bachpan Poem In Punjabi | ਬਚਪਨ ਤੇ ਕਵੀ ਪਰਗਟ ਸਿੰਘ ਦੀ ਪੰਜਾਬੀ ਕਵਿਤਾ
Bachpan Poem In Punjabi
ਬਚਪਨ ਤੇ ਪੰਜਾਬੀ ਕਵਿਤਾ

ਨਾ ਫ਼ਿਕਰ ਨਾ ਕੋਈ ਫ਼ਾਕਾ ਸੀ।
ਨਿੱਤ ਮੌਜਾਂ ਕਰਦਾ ਕਾਕਾ ਸੀ।
ਆਪਣੀ ਮਰਜ਼ੀ ਦੇ ਮਾਲਕ ਸੀ,
ਚਿੰਤਾ ਨਾ ਭੋਰਾ ਮਾਸਾ ਸੀ।
ਮਾਂ ਗੋਦੀ ਵਿੱਚ ਸਵਾਉਂਦੀ ਸੀ,
ਉਹ ਸਮਾਂ ਘਨੇਰਾ ਅੱਛਾ ਸੀ।
ਹੈ ਓਸ ਵੇਲੇ ਦੀ ਗੱਲ ਯਾਰੋ,
ਜਦ ਮੈਂ ਵੀ ਛੋਟਾ ਬੱਚਾ ਸੀ।
ਘਰ ਟਿਕ ਕੇ ਕਦੇ ਨਾ ਬਹਿੰਦੇ ਸੀ।
ਗਲੀਆਂ ਵਿੱਚ ਫਿਰਦੇ ਰਹਿੰਦੇ ਸੀ।
ਕਦੇ ਟੋਲੀ ਬਣਾਕੇ ਭੱਜਦੇ ਸੀ,
ਕਦੇ ਰੁੱਖਾਂ ਥੱਲੇ ਬਹਿੰਦੇ ਸੀ।
ਕਦੇ ਲੁਕਣ ਮਚਾਈ ਖੇਡਦੇ ਸੀ,
ਕਦੇ ਖੇਡਦੇ ਖਿੱਚਣ ਰੱਸਾ ਸੀ।
ਹੈ ਓਸ ਵੇਲੇ ਦੀ ਗੱਲ ਯਾਰੋ,
ਜਦ ਮੈਂ ਵੀ ਛੋਟਾ ਬੱਚਾ ਸੀ।
ਛੂਣ੍ਹ ਛਿੱਪੀ ਗੁੱਲੀ ਡੰਡਾ ਸੀ।
ਬਾਂਦਰ ਕਿੱਲਾ ਚੁੱਭਣ ਕੰਡਾ ਸੀ।
ਬੌੜੀ ਪੀਅੜਾ ਲੱਕ ਸੇਕਨਾ,
ਭੰਡਾ ਭੰਡਾਰੀਆ ਭਾਰ ਪੁਛੰਦਾ ਸੀ।
ਬਾਰਾਂ ਟਾਨ੍ਹੀ ਬੰਟੇ ਖੇਡਦੇ ਸੀ,
ਨਾਲੇ ਚਾਰਦੇ ਡੰਗਰ ਵੱਛਾ ਸੀ।
ਹੈ ਓਸ ਵੇਲੇ ਦੀ ਗੱਲ ਯਾਰੋ,
ਜਦ ਮੈਂ ਵੀ ਛੋਟਾ ਬੱਚਾ ਸੀ।
ਜਾ ਸੂਵੇ ਵਿੱਚ ਨਹਾਉਂਦੇ ਸੀ।
ਮੂੰਹਨੇਰੇ ਘਰ ਆਂਉਂਦੇ ਸੀ।
ਫਿਰ ਝਿੜਕਾਂ ਖਾ ਕੇ ਬਾਪੂ ਤੋਂ,
ਡੰਗਰਾਂ ਨੂੰ ਪੱਠੇ ਪਾਉਂਦੇ ਸੀ।
ਮਾਂ ਮੂੰਹ ਵਿੱਚ ਬੁਰਕੀਆਂ ਪਾਉਂਦੀ ਸੀ,
ਤੇ ਬਾਪੂ ਵਿਖਾਉਂਦਾ ਅੱਖਾਂ ਸੀ।
ਹੈ ਓਸ ਵੇਲੇ ਦੀ ਗੱਲ ਯਾਰੋ,
ਜਦ ਮੈਂ ਵੀ ਛੋਟਾ ਬੱਚਾ ਸੀ।
ਮੀਂਹ ਪੈਣ ਤੇ ਮਿੱਟੀ ਖਿੰਡਦੀ ਸੀ।
ਮਾਂ ਕੱਚੀਆਂ ਕੰਧਾਂ ਲਿੰਬਦੀ ਸੀ।
ਸੀ ਮਹਿਕ ਪਿਆਰੀ ਮਿੱਟੀ ਦੀ,
ਮੈਂ ਕਿੰਝ ਸਮਝਾਵਾਂ ਕਿੰਝ ਦੀ ਸੀ।
ਉਹ ਘਰ ਸੀ ਜੰਨਤ ਮੇਰੇ ਲਈ,
ਭਾਂਵੇਂ ਘਰ ਸਾਡਾ ਕੱਚਾ ਸੀ।
ਹੈ ਓਸ ਵੇਲੇ ਦੀ ਗੱਲ ਯਾਰੋ,
ਜਦ ਮੈਂ ਵੀ ਛੋਟਾ ਬੱਚਾ ਸੀ।
ਨਾਂ ਫ਼ਿਕਰ ਸੀ ਲੀੜੇ ਕੱਪੜੇ ਦਾ।
ਨਾਂ ਫ਼ਿਕਰ ਸੀ ਕਮਰੇ ਵੱਖਰੇ ਦਾ।
ਨਾਂ ਚਿੰਤਾ ਪਰਗਟ ਖਰਚੇ ਦੀ,
ਨਾਂ ਡਰ ਸੀ ਮਾੜੇ ਤਕੜੇ ਦਾ।
ਮੈਂ ਆਪਣੇ ਮਨ ਰਾਜਾ ਸੀ,
ਭਾਵੇਂ ਤੇੜ ਅਸਾਂ ਦੇ ਕੱਛਾ ਸੀ।
ਹੈ ਓਸ ਵੇਲੇ ਦੀ ਗੱਲ ਯਾਰੋ,
ਜਦ ਮੈਂ ਵੀ ਛੋਟਾ ਬੱਚਾ ਸੀ।
ਪੜ੍ਹੋ :- Pita Te Punjabi Kavita | ਪਿਤਾ ਤੇ ਕਵਿਤਾ | ਬਾਪੂ ਜੇਹਾ ਰੱਬ
ਕੰਮੈਂਟ ਬਾਕਸ ਵਿੱਚ ” ਬਚਪਨ ਤੇ ਪੰਜਾਬੀ ਕਵਿਤਾ ” ( Bachpan Poem In Punjabi ) ਬਾਰੇ ਆਪਣੀ ਰਾਇ ਜਰੂਰ ਲਿਖੋ। ਜਿਸ ਨਾਲ ਲੇਖਕ ਦੀ ਹਿੰਮਤ ਅਤੇ ਸਤਿਕਾਰ ਵਧਾਇਆ ਜਾ ਸਕੇ।
ਜੇਕਰ ਤੁਸੀਂ ਵੀ ਰੱਖਦੇ ਹੋ ਲਿਖਣ ਦਾ ਹੁਨਰ ਅਤੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਰਚਨਾ ਬਲਾੱਗ ਰਾਹੀਂ ਸਾਰੇ ਪਾਠਕਾਂ ਤਕ ਪਹੁੰਚੇ। ਤਾਂ ਆਪਣੀ ਕਵਿਤਾ, ਕਹਾਣੀ ਜਾਂ ਲੇਖ ਭੇਜੋ ਇਸ ਈ-ਮੇਲ blogapratim@gmail.com ਤੇ ਜਾਂ ਸਾਡੇ ਵਹਟਸਐੱਪ ਨੰਬਰ 9115672434 ਤੇ।
ਧੰਨਵਾਦ।