Guru Tegh Bahadur Ji Shaheedi Kavita in Punjabi | ਗੁਰੂ ਤੇਗ ਬਹਾਦੁਰ ਜੀ ਦੀ ਸ਼ਹੀਦੀ — ਚਾਂਦਨੀ ਚੌਂਕ ਦਾ ਅਮਰ ਸਾਕਾ
Guru Tegh Bahadur Ji Shaheedi Kavita in Punjabi – ਚਾਂਦਨੀ ਚੌਂਕ ਦਾ ਉਹ ਦਿਨ ਇਤਿਹਾਸ ਦਾ ਸਭ ਤੋਂ ਪਵਿੱਤਰ ਤੇ ਦਰਦਨਾਕ ਦਿਨ ਸੀ। ਜਿੱਥੇ ਗੁਰੂ ਤੇਗ ਬਹਾਦੁਰ ਜੀ ਨੇ ਧਰਮ, ਸੱਚ ਅਤੇ ਆਜ਼ਾਦੀ ਦੀ ਖਾਤਰ ਆਪਣਾ ਸੀਸ ਨਿਉਛਾਵਰ ਕੀਤਾ। ਮਤੀ ਦਾਸ, ਸਤੀ ਦਾਸ ਅਤੇ ਭਾਈ ਦਿਆਲਾ ਦੀਆਂ ਸ਼ਹੀਦੀਆਂ ਨੇ ਸਾਰੀ ਦੁਨੀਆਂ ਨੂੰ ਦੱਸ ਦਿੱਤਾ ਕਿ ਸਿਖੀ ਸਿਰਫ਼ ਧਰਮ ਨਹੀਂ, ਇਕ ਜੀਵਨ ਜੀਣ ਦਾ ਅਸਲ ਮਾਰਗ ਹੈ। ਇਹ ਕਥਾ ਸਾਨੂੰ ਯਾਦ ਦਿਵਾਉਂਦੀ ਹੈ ਕਿ ਸੱਚ ਦੀ ਰਾਹ ਤੇ ਕਦੇ ਵੀ ਡਰ ਨਹੀਂ।
Guru Tegh Bahadur Ji Shaheedi Kavita in Punjabi

ਅੱਜ ਚੌਂਕ ਚਾਂਦਨੀ ਲੋਕਾਂ ਦੇ ਨਾਲ ਖੱਚ ਖੱਚ ਭਰਿਆ।
ਇੰਜ ਜਾਪੇ ਜਗ ਤੇ ਵੱਖਰਾ ਕੋਈ ਦਿਨ ਸੀ ਚੜਿਆ।
ਉਹ ਦੀਨ ਦੁਨੀ ਦਾ ਪਾਤਸ਼ਾਹ ਬੰਦ ਪਿੰਜਰੇ ਕੀਤਾ।
ਹੈ ਆਪੇ ਕਲਾ ਵਰਤਾ ਰਿਹਾ ਉਹ ਚੁੱਪ ਚੁਪੀਤਾ।
ਸੀ ਲਾਈ ਔਰੰਗਜ਼ੇਬ ਨੇ ਆਪਣੀ ਵਾਹ ਪੂਰੀ।
ਹਰ ਕੋਸ਼ਿਸ਼ ਉਸਦੀ ਰਹਿ ਗਈ ਗੁਰੂ ਅੱਗੇ ਅਧੂਰੀ।
ਉਹ ਅੱਕਿਆ ਥੱਕਿਆ ਹਾਰਿਆ ਵੀ ਜਿੱਤ ਨੂੰ ਲੋਚੇ।
ਉਹ ਸੋਚਾਂ ਦੇ ਸਾਗਰ ਵਿੱਚ ਡੁੱਬਿਆ ਖਾਵੇ ਗੋਤੇ।
ਉਸ ਅਹਿਲਕਾਰਾਂ ਨੂੰ ਆਖਿਆ ਹੁਣ ਡੇਰ ਨਾ ਲਾਓ।
ਇਸ ਗੁਰੂ ਦੇ ਸਾਵੇ ਏਸ ਦੇ ਸਿੱਖਾਂ ਨੂੰ ਮੁਕਾਓ।
ਧਾਂਹੀ ਰੋਵਣ ਸਿੱਖ ਏਸ ਦੇ ਐਵੇਂ ਤੜਫਾਓ।
ਰੂਹ ਗੁਰੂ ਦੀ ਧੁਰ ਤੱਕ ਕੰਬ ਜੇ ਐਸਾ ਦ੍ਰਿਸ਼ ਵਿਖਾਓ।
ਉਹਨਾਂ ਲਾਇਆ ਫਿਰ ਮਤੀ ਦਾਸ ਨੂੰ ਲੱਕੜ ਦਾ ਸਿਕੰਜਾ।
ਸੀ ਤਿੱਖਾ ਕਰ ਲਿਆ ਜਲਾਦ ਨੇ ਆਰੇ ਦਾ ਦੰਦਾ।
ਫਿਰ ਕਹਿਣ ਲੱਗੇ ਮਤੀ ਦਾਸ ਨੂੰ ਹੁਣ ਲਾ ਨਾ ਡੇਰੀ।
ਦੱਸ ਦੇ ਜੇ ਕੋਈ ਹੈਗੀ ਹੈ ਇੱਛਾ ਆਖਰੀ ਤੇਰੀ।
ਮਤੀ ਦਾਸ ਨੇ ਹੱਸ ਕੇ ਆਖਿਆ ਇੱਕ ਇੱਛਾ ਤਾਂ ਹੈ।
ਹਰ ਵੇਲੇ ਮੇਰੀ ਜੁਬਾਨ ਤੇ ਜਿਸ ਗੁਰੂ ਦਾ ਨਾਂ ਹੈ।
ਜਲਾਦਾ ਵੇ ਮੇਰੇ ਸੀਸ ਤੇ ਜਦ ਆਰਾ ਚੱਲੇ।
ਤਦ ਮੁੱਖ ਮੇਰੇ ਨੂੰ ਕਰ ਦਿਓ ਉਸ ਗੁਰੂ ਦੇ ਵੱਲੇ।
ਜਦ ਆਰਾ ਸੀਸ ਤੇ ਚੱਲਿਆ ਸਿੱਖ ਬਾਣੀ ਪੜਦਾ।
ਦਿੱਤੇ ਸੀ ਤਸੀਹੇ ਹਾਕਮਾਂ ਸਿੱਖ ਸੀ ਨਾ ਕਰਦਾ।
ਮਤੀਦਾਸ ਪਾਸ ਅਸੀਂ ਕਰ ਗਿਆ ਉਹ ਪਰਚਾ ਭਾਰੀ।
ਉਹਦੀ ਹੋਈ ਸ਼ਹਾਦਤ ਆ ਗਈ ਸਤੀ ਦਾਸ ਦੀ ਵਾਰੀ।
ਉਹਨਾਂ ਆਖਿਆ ਫਿਰ ਸਤੀ ਦਾਸ ਨੂੰ ਕੁਝ ਬੋਲ ਜਵਾਨਾ।
ਤੈਨੂੰ ਮੌਤ ਦੇਈਏ,ਜਾਂ ਜ਼ਿੰਦਗੀ ਤੂੰ ਕੀ ਏਂ ਚਾਹਨਾ।
ਸਤੀਦਾਸ ਕਿਹਾ ਸਾਡੇ ਮੁੱਢ ਤੋਂ ਮੌਤ ਨਾਲ ਯਰਾਨੇ।
ਕਦੇ ਸਮਾ ਮੱਚੀ ਤੋਂ ਡਰੇ ਨਾ ਅਸਲੀ ਪਰਵਾਨੇ।
ਭਰ ਪਾਣੀ ਉਹਨਾਂ ਦੇਗ ਵਿੱਚ ਥੱਲੇ ਅੱਗ ਮਚਾਈ।
ਸਤੀ ਦਾਸ ਨੂੰ ਹੱਸ ਕੇ ਆਖਦੇ ਵਿੱਚ ਬਹਿ ਜਾ ਭਾਈ।
ਮਾਰ ਚੌਂਕੜਾ ਦੇਗ ਚ ਬੈਠ ਕੇ ਪਾ ਗਿਆ ਸ਼ਹੀਦੀ।
ਮਰ ਕੇ ਹੈ ਮਿਲਦੀ ਹਾਕਮੋਂ ਗੁਰੂ ਦੀ ਮੁਰੀਦੀ।
ਫਿਰ ਤੱਕ ਕੇ ਭਾਈ ਦਿਆਲੇ ਦਾ ਉਹ ਖਿੜਿਆ ਚਿਹਰਾ।
ਕਹਿਣ ਜਾਲਮ ਹਾਲ ਤੇਰਾ ਕਰਾਂਗੇ ਇਹਨਾਂ ਤੋਂ ਭੈੜਾ।
ਕਹੇ ਭਈ ਦਿਆਲਾ ਲਾ ਦਿਓ ਲਾਉਣਾ ਫਤਵਾ ਜਿਹੜਾ।
ਗੁਰੂ ਸਾਵੇਂ ਸ਼ਹੀਦੀ ਪਾਵਾਂ ਮੈਂ ਮਨ ਚਾਉ ਘਨੇਰਾ।
ਜਿਉਂਦੇ ਨੂੰ ਅੱਗ ਵਿੱਚ ਸਾੜਣ ਦਾ ਉਹਨਾਂ ਫਤਵਾ ਲਾਇਆ।
ਉਨਾਂ ਹੱਦ ਮੁਕਾਈ ਜ਼ੁਲਮ ਦੀ ਸਿੱਖ ਨਹੀਂ ਘਬਰਾਇਆ।
ਰੂਮ ਦਵਾਲੇ ਸਾੜਿਆ ਉਹਨਾਂ ਭਾਈ ਦਿਆਲਾ।
ਅੱਜ ਚਾਂਦਨੀ ਚੌਂਕ ਚ ਹੋ ਰਿਹਾ ਕੋਈ ਚੋਜ ਨਿਰਾਲਾ।
ਜਦ ਸਤਿਗੁਰ ਤੇਗ ਬਹਾਦਰ ਜੀ ਦ੍ਰਿਸ਼ ਤਕਿਆ ਸਾਰਾ।
ਧੰਨ ਸਿੱਖੀ ਧੰਨ ਸਿੱਖੀ ਆਖਦਾ ਮੇਰਾ ਸਤਿਗੁਰ ਪਿਆਰਾ।
ਸਿੱਖਾਂ ਦੇ ਪਿੱਛੋਂ ਆ ਗਈ ਸਤਿਗੁਰੂ ਦੀ ਵਾਰੀ।
ਫਿਰ ਮਾਰ ਚੌਂਕੜਾ ਬਹਿ ਗਿਆ ਮੇਰਾ ਸਤਿਗੁਰ ਭਾਰੀ।
ਸੀ ਕੀਤਾ ਵਾਰ ਜਲਾਦ ਨੇ ਪੂਰੀ ਵਾਹ ਲਾਈ।
ਜਦ ਸੀਸ ਗੁਰਾਂ ਦਾ ਲੱਥਿਆ ਰੋਈ ਕੁੱਲ ਲੁਕਾਈ।
ਲੋਕਾਂ ਵਿੱਚ ਹਾਹਾਕਾਰ ਮੱਚੀ ਜੱਸ ਦੇਵਤੇ ਗਾਵਣ।
ਸਭ ਤਿਲਕ ਜੰਜੂ ਦਿਆ ਰਾਖਿਆ ਤੇਰਾ ਸ਼ੁਕਰ ਮਨਾਵਣ।
ਤਦ ਐਸਾ ਔਰੰਗਾ ਉਜੜਿਆ ਮੁੜ ਫੇਰ ਨ ਵਸਿਆ।
ਸ਼ਹੀਦੀ ਤੋਂ ਪੁੱਛੋ ਕਿਸੇ ਦਾ ਜੰਜੂ ਨਹੀਂ ਲੱਥਿਆ।
ਪਤ ਗੁਰਾਂ ਨੇ ਕੱਜੀ ਹਿੰਦ ਦੀ ਬਣ ਚਾਦਰ ਭਾਰੀ।
ਤੇਰੇ ਚਰਨਾਂ ਤੋਂ ਸੱਚੇ ਪਾਤਸ਼ਾਹ ਪਰਗਟ ਬਲਿਹਾਰੀ।
ਪੜ੍ਹੋ :- ਤਿਲਕ ਜੰਜੂ ਦਾ ਰਾਖਾ ਮੇਰਾ ਸਤਿਗੁਰ ਪਰਉਪਕਾਰੀ
ਗੁਰੂ ਤੇਗ ਬਹਾਦੁਰ ਜੀ ਦੀ ਸ਼ਹੀਦੀ ਸਿਰਫ਼ ਇਤਿਹਾਸ ਨਹੀਂ — ਇਹ ਮਨੁੱਖਤਾ ਦੀ ਰੂਹ ਵਿੱਚ ਵਸਿਆ ਅਮਰ ਸੰਦੇਸ਼ ਹੈ। ਉਹ ਦਿਨ ਚਾਂਦਨੀ ਚੌਂਕ ਸਿਰਫ਼ ਖੂਨ ਨਾਲ ਨਹੀਂ, ਪਰ ਸ਼ਹੀਦਾਂ ਦੀ ਅਟੱਲ ਸ਼ਰਧਾ ਨਾਲ ਰੰਗਿਆ ਸੀ। ਮਤੀ ਦਾਸ, ਸਤੀ ਦਾਸ ਅਤੇ ਭਾਈ ਦਿਆਲਾ ਦੀਆਂ ਸ਼ਹੀਦੀਆਂ ਨੇ ਸਿਖੀ ਦੇ ਸੋਨੇ ਅੱਖਰਾਂ ਵਿੱਚ ਇੱਕ ਨਵਾਂ ਅਧਿਆਇ ਜੋੜਿਆ। ਗੁਰੂ ਤੇਗ ਬਹਾਦੁਰ ਜੀ ਨੇ ਸਾਨੂੰ ਸਿਖਾਇਆ ਕਿ ਧਰਮ ਦੀ ਰੱਖਿਆ ਲਈ ਸੀਸ ਕਟਾਇਆ ਜਾ ਸਕਦਾ ਹੈ, ਪਰ ਸੱਚ ਦੇ ਮੂਲਾਂ ਤੋਂ ਕਦੇ ਡਿਗਿਆ ਨਹੀਂ ਜਾ ਸਕਦਾ।
ਅੱਜ ਵੀ ਜਦੋਂ ਅਸੀਂ “ਧੰਨ ਸਿੱਖੀ, ਧੰਨ ਗੁਰੂ” ਆਖਦੇ ਹਾਂ, ਉਹ ਸਿਰਫ਼ ਸ਼ਬਦ ਨਹੀਂ — ਉਹ ਉਹਨਾਂ ਸ਼ਹੀਦਾਂ ਦੇ ਲਹੂ ਦਾ ਅਹਿਸਾਸ ਹੈ ਜਿਨ੍ਹਾਂ ਸਾਡੀ ਆਜ਼ਾਦੀ ਅਤੇ ਵਿਸ਼ਵਾਸ ਲਈ ਸਭ ਕੁਝ ਨਿਓਛਾਵਰ ਕਰ ਦਿੱਤਾ। ਆਓ, ਹਰ ਸਾਲ ਇਸ ਦਿਨ ਉਨ੍ਹਾਂ ਦੀ ਯਾਦ ਨੂੰ ਸਿਰਫ਼ ਇਤਿਹਾਸਕ ਪ੍ਰਸੰਗ ਨਹੀਂ, ਸੱਚੀ ਪ੍ਰੇਰਣਾ ਵਜੋਂ ਮਨਾਈਏ।
🕯️ “ਜਿਸ ਧਰਮ ਲਈ ਗੁਰੂ ਤੇਗ ਬਹਾਦੁਰ ਜੀ ਨੇ ਸੀਸ ਦਿੱਤਾ, ਉਸ ਧਰਮ ਦੇ ਮੂਲ ਸਦਾ ਅਮਰ ਰਹਿਣ।”
ਪੰਜਾਬੀ ਭਾਸ਼ਾ ਚ ਰਚਨਾਵਾਂ ਨੂੰ ਸਪੋਰਟ ਕਰਨ ਲਈ ਲਾਇਕ ਕਰੋ ਸਾਡਾ ਫੇਸਬੁੱਕ ਪੇਜ।
