ਮਾਂ ਦੇ ਫੁੱਲ ਕਵਿਤਾ :- ਸਿਵਿਆਂ ਨਾਲ ਗੱਲ ਕਰਦੀ ਹੋਈ ਪਰਗਟ ਸਿੰਘ ਦੀ ਕਵਿਤਾ
ਮਾਂ ਦੇ ਫੁੱਲ ਕਵਿਤਾ
ਅੱਜ ਮੈਂ ਫੁੱਲ ਚੁਗਣ ਲਈ ਮਾਂ ਦੇ,
ਜਦ ਸਿਵਿਆਂ ਵਿੱਚ ਗਿਆ ਸੀ।
ਕੁਝ ਹੌਲੀ ਜੇਹੀ ਅਵਾਜ ਵਿੱਚ,
ਮੈਨੂੰ ਸਿਵਿਆਂ ਨੇ ਕਿਹਾ ਸੀ।
ਕੋਈ ਚੰਗਾ ਭਾਵੇਂ ਮੰਦਾ।
ਕੋਈ ਹੋਵੇ ਭੁੱਖਾ ਨੰਗਾ।
ਕੋਈ ਰਾਜਾ ਭਾਵੇਂ ਵਜੀਰ।
ਕੋਈ ਪਾਪੀ ਚਾਹੇ ਫਕੀਰ।
ਕੋਈ ਹੋਵੇ ਖਾਨ ਸੁਲਤਾਨ।
ਜਿੰਨੂੰ ਜਾਣੇ ਕੁੱਲ ਜਹਾਨ ।
ਕੋਈ ਅੱਤ ਦਾ ਹੋਵੇ ਗਰੀਬ ।
ਜਿਸ ਦੇ ਨਾ ਕੋਈ ਕਰੀਬ ।
ਜੋ ਮੇਰੇ ਕੋਲ ਆ ਜਾਵੇ ।
ਉਹ ਮੇਰੇ ਵਿੱਚ ਸਮਾਵੇ ।
ਮੈਂ ਸਭ ਦੇ ਪਰਦੇ ਕੱਜਾਂ ।
ਨਾਂ ਦਿਲੋਂ ਕਿਸੇ ਨੂੰ ਕੱਡਾਂ।
ਮਿਟ ਜਾਣ ਜਾਤਾਂ ਦੇ ਰੌਲੇ ।
ਆਵਨ ਜਦ ਮੇਰੇ ਕੋਲੇ ।
ਮੈਂ ਊਚ ਨੀਚ ਮੁਕਾਵਾਂ।
ਮੈਂ ਸਭ ਨੂੰ ਗਲ ਨਾਲ ਲਾਵਾਂ ।
ਮੈਂ ਭੇਦ ਭਾਵ ਨਾ ਰੱਖਾਂ।
ਮੇਰੇ ਵਿੱਚ ਸਮਾਗੇ ਲੱਖਾਂ।
ਫਿਰ ਵੀ ਲੋਕ ਕਿਓਂ ਡਰਦੇ।
ਕਿਓਂ ਡਰ ਡਰ ਗੱਲਾਂ ਕਰਦੇ।
ਕੋਈ ਸਿਵਿਆਂ ਵੱਲ ਨਾਂ ਜਾਇਓ।
ਜੋ ਜਾਵੇ ਆ ਕੇ ਨਹਾਇਓ।
ਇਹ ਨਫਰਤ ਮੇਰੇ ਨਾਲ ਕਿਓਂ ।
ਮੇਰੇ ਲਈ ਬੁਰੇ ਖਿਆਲ ਕਿਓਂ।
ਕੀ, ਤੁਸੀਂ ਮੇਰੇ ਕੋਲ ਆਉਣਾ ਨਹੀਂ ।
ਮੇਰੀ ਗੋਦੀ ਦੇ ਵਿੱਚ ਸੌਣਾ ਨਹੀਂ
ਜੇ ਸਭ ਨੇ ਏਥੇ ਆਉਣਾ ਏ ।
ਫਿਰ ਕੇੜੀ ਗੱਲ ਦਾ ਰੋਣਾਂ ਏ ।
ਇਸ ਗੱਲ ਦਾ ਉਤਰ ਦੇ ਕੇ ਜਾਵੀਂ ।
ਭਾਵੇਂ ਕੁਝ ਪਲ ਹੀ ਬਹਿ ਕੇ ਜਾਵੀਂ।
ਕੁਝ ਗੱਲਾਂ ਮੈਨੂੰ ਕਹਿ ਕੇ ਜਾਵੀਂ ।
ਕੋਈ ਸਿਖਿਆ ਸੱਜਣਾ ਲੈ ਕੇ ਜਾਵੀਂ।
ਦਿਲ ਵੱਡਾ ਕਰਕੇ ਬੋਲਿਆ ਮੈਂ।
ਕੁਝ ਭੇਤ ਸੀ ਦਿਲ ਦਾ ਖੋਲਿਆ ਮੈਂ ।
ਇਹ ਝੂਠੀ ਦੁਨੀਆ ਦਾਰੀ ਏ।
ਸਭਨਾ ਨੂੰ ਜਾਣ ਪਿਆਰੀ ਏ।
ਨਾ ਸਮਝੀਂ, ਨਫਰਤ ਕਰਦੇ ਨੇ
ਏਹੋੇ ਤਾਂ, ਮੌਤ ਤੋਂ ਡਰਦੇ ਨੇ ।
ਤੱਕ ਝੂਠੇ ਖੇਲ ਤਮਾਸ਼ੇ ਨੂੰ ।
ਸਭ ਤੁਰ ਪਏ ਓਸੇ ਪਾਸੇ ਨੂੰ ।
ਹੁਣ ਸੱਚ ਪਚਾਇਆ ਜਾਂਦਾ ਨਹੀਂ ।
ਤੇਰੇ ਕੋਲ ਆਇਆ ਜਾਂਦਾ ਨਹੀਂ ।
ਪਰਗਟ ਸਿਆਂ ਏਹੀ ਸਚਾਈ ਏ।
ਸਿਵਿਆਂ ਨੂੰ ਆਖ ਸੁਣਾਈ ਏ।
ਪੜ੍ਹੋ :- ਮਾਂ ਤੇ ਕਵਿਤਾ ” ਰੱਖ ਦਰ ਆਇਆਂ ਦੀ ਲਾਜ ਮੌਲਾ “
ਕੰਮੈਂਟ ਬਾਕਸ ਵਿੱਚ ” ਮਾਂ ਦੇ ਫੁੱਲ ਕਵਿਤਾ ” ਬਾਰੇ ਆਪਣੀ ਰਾਇ ਜਰੂਰ ਲਿਖੋ।
ਜੇਕਰ ਤੁਸੀਂ ਵੀ ਰੱਖਦੇ ਹੋ ਲਿਖਣ ਦਾ ਹੁਨਰ ਅਤੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਰਚਨਾ ਬਲਾੱਗ ਰਾਹੀਂ ਸਾਰੇ ਪਾਠਕਾਂ ਤਕ ਪਹੁੰਚੇ। ਤਾਂ ਆਪਣੀ ਕਵਿਤਾ, ਕਹਾਣੀ ਜਾਂ ਲੇਖ ਭੇਜੋ ਇਸ ਈ-ਮੇਲ blogapratim@gmail.com ਤੇ ਜਾਂ ਸਾਡੇ ਵਹਟਸਐੱਪ ਨੰਬਰ 9115672434 ਤੇ।
ਧੰਨਵਾਦ।