ਮਜਦੂਰ ਦਿਵਸ ਤੇ ਕਵਿਤਾ – ਚੱਲ ਮਜ਼ਦੂਰਾ ਕਰ ਮਜ਼ਦੂਰੀ | ਕਵੀ ਪਰਗਟ ਸਿੰਘ ਦੀ ਕਵਿਤਾ
ਮਜਦੂਰ ਦਿਵਸ ਤੇ ਕਵਿਤਾ
ਚੱਲ ਮਜ਼ਦੂਰਾ ਕਰ ਮਜ਼ਦੂਰੀ ਏਹੀ ਕੁਝ ਤੇਰੇ ਪੱਲੇ।
ਤੂੰ ਮਜ਼ਦੂਰੀ ਕਰਦਾ ਤਾਂ ਹੀ ਚੁੱਲ੍ਹਾ ਤੇਰਾ ਚੱਲੇ।
ਕਰ ਲੈ ਦਵਾਵਾਂ ਰੱਬ ਦੇ ਅਗੇ ਮਿਲ ਜਾਏ ਅੱਜ ਦਿਹਾੜੀ।
ਜਿਸ ਦਿਨ ਨਾ ਦਿਹਾੜੀ ਲੱਗੇ ਹੁੰਦੀ ਮੁਸ਼ਕਿਲ ਭਾਰੀ।
ਲੱਗੇ ਦਿਹਾੜੀ ਪੈਸੇ ਆਵਣ ਤਪਦਾ ਘਰ ਵਿਚ ਚੁਲ੍ਹਾ।
ਤੇਰੀ ਆਸ ਤੇ ਰਹਿੰਦਾ ਹੈ ਪਰਿਵਾਰ ਤੇਰਾ ਅਣਮੁੱਲਾ।
ਸੁਭਾ ਕਮਾਵੇਂ ਸ਼ਾਮ ਨੂੰ ਖਾਵੇਂ ਕੈਸੀ ਹੈ ਮਜ਼ਬੂਰੀ।
ਲੇਖਾਂ ਵਿੱਚ ਲਿਖਾ ਕੇ ਆਇਓਂ ਕਰਨੀ ਤੂੰ ਮਜ਼ਦੂਰੀ।
ਹੱਡ ਤੋੜ ਕੇ ਮਿਹਨਤ ਕਰਨੀ ਪੈਂਦੀ ਤੇਨੂੰ ਭਾਰੀ।
ਸੌ-ਸੌ ਗੱਲਾਂ ਕਰਕੇ ਫਿਰ ਵੀ ਦਿੰਦੇ ਲੋਕ ਦਿਹਾੜੀ।
ਖੂਨ ਪਸੀਨਾ ਇਕ ਹੋ ਜਾਂਦਾ ਹੋਸ਼ ਰਤਾ ਨਾ ਰਹਿੰਦੀ।
ਪਿੰਡੇ ਉੱਤੇ ਸੜਦੀ ਬਲਦੀ ਧੁੱਪ ਹੰਢਾਉਣੀ ਪੈਂਦੀ।
ਰੋਟੀ ਖਾਧੀ ਕਿ ਨਹੀਂ ਖਾਧੀ ਤੇਨੂੰ ਕੋਈ ਨਾ ਪੁੱਛੇ।
ਥੋੜ੍ਹਾ ਜਿਹਾ ਵੀ ਅਰਾਮ ਕਰਨ ਤੇ ਹੁੰਦੇ ਸਾਰੇ ਗੁੱਸੇ।
ਥੱਕਿਆ ਟੁੱਟਿਆ ਘਰ ਨੂੰ ਆਵੇਂ ਫੜਕੇ ਝੋਲਾ ਖਾੱਲੀ।
ਰਿੰਨ੍ਹਣ ਲਈ ਕੁਝ ਲਿਆਇਓਂ ਕਿ ਨਹੀਂ ਪੁੱਛਦੀ ਏ ਘਰਵਾਲ਼ੀ।
ਅੱਜ ਵੀ ਬਾਪੂ ਕੁੱਝ ਨਾ ਲਿਆਇਉਂ ਆਖਿਆ ਮੁੰਡੇ ਵੱਡੇ।
ਅੱਜ ਤਾਂ ਖਾਣ ਨੂੰ ਲੈ ਆਉਂਦਾ ਕੁਝ ਅੱਜ ਹੈ ਮੇਰਾ ਬੱਡੇ।
ਜਿੱਥੇ ਦਿਹਾੜੀ ਲਾਈ ਸੀ ਅੱਜ, ਉਨ੍ਹੇ ਕੱਲ੍ਹ ਤੇ ਗੱਲ ਮੁਕਾਈ।
ਕੱਲ ਨੂੰ ਕਹਿੰਦਾ ਲੈ ਜਾਈਂ ਪੈਸੇ ਅੱਜ ਦਿੱਤੀ ਨਾ ਪਾਈ।
ਹੈਪੀ ਬਡੇ ਕਿਸੇ ਨਾਂ ਆਖਿਆ ਨਾ ਕਿਸੇ ਦਿੱਤੀ ਵਧਾਈ।
ਰੋਟੀ ਖਾ ਕੇ ਸੌਂ ਗਏ ਬੱਚੇ ਜਿੰਨੀ ਹਿੱਸੇ ਆਈ।
ਭੁੱਬਾਂ ਮਾਰ ਕੇ ਦਿਲ ਸੀ ਰੋਇਆ ਤੱਕ ਕੇ ਬੱਚਿਆਂ ਦਾ ਚਿਹਰਾ।
ਬੱਚਿਆਂ ਦੀ ਨਾ ਰੀਝ ਪੁਗਾਵੇ ਐਸਾ ਬਾਪ ਹੈ ਕਿਹੜਾ।
ਪਰਗਟ ਸਿੰਘਾ ਕਹਿ ਨਹੀਂ ਹੁੰਦੇ ਦੁੱਖ ਮਜ਼ਦੂਰ ਦੇ ਭਾਰੀ।
ਦਿਨ ਚੜਦੇ ਨੂੰ ਤੁਰ ਪੈਂਦਾ ਜੋ ,ਲੱਭਣ ਲਈ ਦਿਹਾੜੀ।
ਪੜ੍ਹੋ :- “ਦੁਨੀਆਂ ਦੇ ਰੰਗ” ਦੁਨੀਆਂ ਦੇ ਰੰਗਾ ਤੇ ਕਵੀ ਪਰਗਟ ਸਿੰਘ ਦੀ ਕਵਿਤਾ
ਕੰਮੈਂਟ ਬਾਕਸ ਵਿੱਚ “ਮਜਦੂਰ ਦਿਵਸ ਤੇ ਕਵਿਤਾ ” ( Majdoor Diwas Te Punjabi Kavita ) ਬਾਰੇ ਆਪਣੀ ਰਾਇ ਜਰੂਰ ਲਿਖੋ। ਜਿਸ ਨਾਲ ਲੇਖਕ ਦੀ ਹਿੰਮਤ ਅਤੇ ਸਤਿਕਾਰ ਵਧਾਇਆ ਜਾ ਸਕੇ।
ਜੇਕਰ ਤੁਸੀਂ ਵੀ ਰੱਖਦੇ ਹੋ ਲਿਖਣ ਦਾ ਹੁਨਰ ਅਤੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਰਚਨਾ ਬਲਾੱਗ ਰਾਹੀਂ ਸਾਰੇ ਪਾਠਕਾਂ ਤਕ ਪਹੁੰਚੇ। ਤਾਂ ਆਪਣੀ ਕਵਿਤਾ, ਕਹਾਣੀ ਜਾਂ ਲੇਖ ਭੇਜੋ ਇਸ ਈ-ਮੇਲ blogapratim@gmail.com ਤੇ ਜਾਂ ਸਾਡੇ ਵਹਟਸਐੱਪ ਨੰਬਰ 9115672434 ਤੇ।
ਧੰਨਵਾਦ।