ਦੋ ਦੇਸ਼ਾਂ ਦੇ ਵਿੱਚ ਵੱਧ ਰਹੇ ਤਣਾਅ ਦੌਰਾਨ ਇਹ ਕਵਿਤਾ ਇਕ ਆਸ ਹੈ ਇਕ ਉੱਮੀਦ ਹੈ। ਇਸ ਸ਼ਾਇਰੀ ਰਾਹੀਂ ਲੇਖਕ ਦੋਵਾਂ ਦੇਸ਼ਾਂ ਵਿੱਚ ਆਪਸੀ ਪਿਆਰ ਚਾਹੁੰਦਾ ਹੈ। ਉਹ ਚਾਹੁੰਦਾ ਹੈ ਕਿ ਦੋਵੇਂ ਦੇਸ਼ ਮਿਲਜੁਲ ਕੇ ਰਹਿਣ। ਜਿਸ ਨਾਲ ਦੁਨੀਆ ਵਿੱਚ ਅਮਨ ਸ਼ਾਂਤੀ ਦਾ ਪੈਗਾਮ ਦੂਰ-ਦੂਰ ਤਕ ਪਹੁੰਚੇ। ਆਓ ਅਸੀਂ ਪੜ੍ਹਦੇ ਹਾਂ ਪ੍ਰਗਟ ਸਿੰਘ ਜੀ ਦਾ ਲਿਖਿਆ ਇਹ ਸ਼ਾਇਰੀ ਸੰਗ੍ਰਹਿ ” ਮੇਰੇ ਦੋਵੇਂ ਪੰਜਾਬ ਸ਼ਾਇਰੀ ਸੰਗ੍ਰਹਿ “
1.
ਰੱਬਾ ਹੋਵੇ ਨਾ ਜੰਗ ਪਾਕ ਨਾਲ ਸਾਡੀ
ਜਿੰਨਾ ਹੋ ਸਕੇ ਵੱਧ ਪਿਆਰ ਹੋ ਜੇ,
ਦੋਹਾਂ ਦੇਸ਼ਾਂ ਵਿਚ ਨਫ਼ਰਤ ਫੈਲਾਉਣ ਜਿਹੜੇ
ਰੱਬਾ ਮੇਰਿਆ ਉਹਨਾਂ ਦੀ ਹਰ ਹੋ ਜੇ,
ਬਿਨਾਂ ਵੀਜ਼ੇ ਦੇ ਜਾਈਏ ਕਰਤਾਰਪੁਰ ਨੂੰ
ਨਨਕਾਣਾ ਸਾਹਿਬ ਦਾ ਵੀ ਖੁੱਲ੍ਹਾ ਦੀਦਾਰ ਹੋ ਜੇ,
ਪਰਗਟ ਹੋ ਜਾਣ ਦੋਵੇਂ ਦੇਸ਼ ਇਕੱਠੇ
ਰੱਬ ਕਰੇ ਐਸਾ ਚਮਤਕਾਰ ਹੋ ਜੇ।
2.
ਮੇਰੇ ਦੋਵੇਂ ਪੰਜਾਬ ਖੁਸ਼ਹਾਲ ਰੱਖੀਂ
ਮੇਰੀ ਕਰੀਂ ਕਬੂਲ ਦੁਆ ਦਾਤਾ,
ਇਹ ਵੀ ਆਪਣੇ ਬੇਗਾਨੇ ਉਹ ਵੀ ਨਹੀਂ
ਆਵੇ ਦੋਹਾਂ ਵੱਲੋਂ ਠੰਡੀ ਹਵਾ ਦਾਤਾ,
ਚਾਲ ਚੱਲ ਦੇ ਜੋ ਸਾਨੂੰ ਲੜਾਉਣ ਵਾਲੀ
ਉਹਨਾਂ ਪਾਪੀਆਂ ਨੂੰ ਦੇ ਸਜਾ ਦਾਤਾ,
ਪਰਗਟ ਜੋੜ ਕੇ ਹੱਥ ਅਰਜੋਈ ਕਰੇ
ਇਸ ਤਪਿਸ਼ ਵਿਚ ਠੰਡ ਵਰਤਾਅ ਦਾਤਾ।
3.
ਹਰ ਪਾਸੇ ਹਾਹਾਕਾਰ ਮੱਚੀ
ਅੱਗ ਨਿਊਜ਼ ਚੈਨਲਾਂ ਲਾਈ ਏ,
ਕੋਈ ਮਰੇ ਕੋਈ ਜੀਵੇ ਫ਼ਿਕਰ ਨਹੀਂ
ਕਹਿੰਦੇ ਹੋਣੀ ਚਾਹੀਦੀ ਕਮਾਈ ਏ,
ਲੀਡਰ ਵੀ ਰੋਟੀਆਂ ਸੇਂਕ ਰਹੇ
ਲੋਕਾਂ ਵਿੱਚ ਦਹਿਸ਼ਤ ਛਾਈ ਏ,
ਪਰਗਟ ਖ਼ਤਰੇ ਵਿੱਚ ਅਣਖ ਦੇਸ਼ ਦੀ
ਖੁਦਗਰਜ਼ਾਂ ਨੇ ਪਾਈ ਏ।
4.
ਸਭ ਮਿਲ ਕੇ ਕਰੋ ਦੁਆਵਾਂ ਰੱਬ ਮੇਹਰ ਕਰੇ
ਹੋਣ ਸਭ ਤੇ ਠੰਡੀਆਂ ਛਾਵਾਂ ਰੱਬ ਮੇਹਰ ਕਰੇ,
ਨਾ ਤੱਤੀਆਂ ਵਗਣ ਹਵਾਵਾਂ ਰੱਬ ਮੇਹਰ ਕਰੇ
ਪ੍ਰਗਟ ਮੈਂ ਖੈਰ ਮਨਾਵਾਂ ਰੱਬ ਮੇਹਰ ਕਰੇ।
ਲੇਖਕ ਬਾਰੇ :-
ਮੇਰਾ ਨਾਮ ਪਰਗਟ ਸਿੰਘ ਹੈ। ਮੈਂ ਅੰਮ੍ਰਿਤਸਰ ਜ਼ਿਲੇ ਦੇ ਅਧੀਨ ਬੰਡਾਲਾ ਪਿੰਡ ਵਿਚ ਰਹਿੰਦਾ ਹਾਂ। ਮੈਂ ਕੀਰਤਨ ਕਰਦਾ ਹਾਂ ਅਤੇ ਇੱਕ ਸਕੂਲ ਵਿੱਚ ਗੁਰਮਤਿ ਸੰਗੀਤ ਸਿਖਾਉਂਦਾ ਹਾਂ। ਇਸ ਦੇ ਨਾਲ-ਨਾਲ, ਮੈਨੂੰ ਬਚਪਨ ਤੋਂ ਕਹਾਣੀਆਂ, ਕਵਿਤਾਵਾਂ, ਲੇਖ, ਸ਼ਾਇਰੀ ਲਿਖਣ ਦਾ ਸ਼ੌਕ ਹੈ।
ਕੰਮੈਂਟ ਬਾਕਸ ਵਿੱਚ ” ਖ਼ੁਦ ਤੇ ਕਰ ਇਤਬਾਰ ” ਗੀਤ ਬਾਰੇ ਆਪਣੀ ਰਾਇ ਜਰੂਰ ਲਿਖੋ। ਜਿਸ ਨਾਲ ਲੇਖਕ ਦੀ ਹਿੰਮਤ ਅਤੇ ਸਤਿਕਾਰ ਵਧਾਇਆ ਜਾ ਸਕੇ।
ਜੇਕਰ ਤੁਸੀਂ ਵੀ ਰੱਖਦੇ ਹੋ ਲਿਖਣ ਦਾ ਹੁਨਰ ਅਤੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਰਚਨਾ ਬਲਾੱਗ ਰਾਹੀਂ ਸਾਰੇ ਪਾਠਕਾਂ ਤਕ ਪਹੁੰਚੇ। ਤਾਂ ਆਪਣੀ ਕਵਿਤਾ, ਕਹਾਣੀ ਜਾਂ ਲੇਖ ਭੇਜੋ ਇਸ ਈ-ਮੇਲ blogapratim@gmail.com ਤੇ ਜਾਂ ਸਾਡੇ ਵਹਟਸਐੱਪ ਨੰਬਰ 9115672434 ਤੇ।