ਦਾਜ ਦੀ ਸਮੱਸਿਆ ਤੇ ਕਵਿਤਾ :- ਲਾਡਲੀ ਧੀ | ਕਵੀ ਪਰਗਟ ਸਿੰਘ ਦੀ ਕਵਿਤਾ
ਦਾਜ ਦੀ ਸਮੱਸਿਆ ਤੇ ਕਵਿਤਾ – ਪੁੱਤ ਚਾਹੇ ਕਿੰਨੇ ਵੀ ਪਿਆਰੇ ਹੋਣ ਪਰ ਮਾਪਿਆਂ ਦੇ ਦਿਲ ਵਿਚ ਜੋ ਸਥਾਨ ਧੀਆਂ ਦਾ ਹੁੰਦਾ ਹੈ ਉਹ ਕਿਸੇ ਦਾ ਨਹੀਂ ਹੋ ਸਕਦਾ। ਅੱਜ ਸਮਾਜ ਵਿਚ ਧੀਆਂ ਦੀ ਹਾਲਤ ਕੁਝ ਚੰਗੀ ਨਹੀਂ ਹੈ। ਜਿਸਦੇ ਕਈ ਕਾਰਨ ਹਨ। ਜਿੰਨ੍ਹਾਂ ਵਿੱਚੋਂ ਇੱਕ ਹੈ ਦਾਜ ਦੀ ਸਮੱਸਿਆ। ਇਹ ਸਮੱਸਿਆ ਏਨੀਂ ਵੱਧ ਗਈ ਹੈ ਕਿ ਹੁਣ ਧੀਆਂ ਨੂੰ ਇਸਦਾ ਮੁੱਲ ਆਪਣੀ ਜਾਨ ਦੇ ਕੇ ਚੁਕਾਉਣਾ ਪੈਂਦਾ ਹੈ। ਉਹਨਾਂ ਹੀ ਧੀਆਂ ਦੇ ਮਾਪਿਆਂ ਦੇ ਦਿਲ ਵਿਚ ਆਪਣੀ ਧੀ ਲਈ ਕੀ ਭਾਵਨਾਵਾਂ ਹੁੰਦੀਆਂ ਹਨ ਆਓ ਪੜਦੇ ਹਾਂ ਇਸ ” ਦਾਜ ਦੀ ਸਮੱਸਿਆ ਤੇ ਕਵਿਤਾ ” ਵਿਚ :-
ਦਾਜ ਦੀ ਸਮੱਸਿਆ ਤੇ ਕਵਿਤਾ

ਅੱਜ ਅੰਮ੍ਰਿਤ ਵੇਲੇ ਦੇ ਚਾਰ ਵਜੇ
ਕਿਸੇ ਬੱਚੇ ਦੇ ਰੋਣ ਦੀ ਅਵਾਜ ਆਈ
ਓ ਅਵਾਜ ਸੀ ਬੜੀ ਸਕੂਨ ਭਰੀ
ਜਿਵੇਂ ਕੋਇਲ ਨੇ ਗੀਤਾਂ ਦੀ ਝੜੀ ਲਾਈ,
ਚਿੱਤ ਕਰੇ ਅਵਾਜ ਓਹੀ ਸੁਣੀ ਜਾਵਾਂ
ਮੇਰੇ ਕੰਨਾਂ ਨੂੰ ਬਹੁਤ ਪਿਆਰੀ ਲੱਗੇ
ਓ ਜਾਦੂ ਪਈ ਕਰਦੀ ਸੀ ਰੂਹ ਉੱਤੇ
ਉਹ ਚਿੜੀਆਂ ਦੀ ਚੂੰ-ਚੂੰ ਵਾਂਗ ਫੱਬੇ,
ਖੁਸ਼ ਹੋਇਆ ਦਿਸੇ ਪਰਿਵਾਰ ਸਾਰਾ
ਐਸੀ ਕਿਹੜੀ ਹੈ ਘਰ ਚ ਖੁਸ਼ੀ ਆਈ
ਜਦੋਂ ਵੇਖਿਆ ਜਾ ਕੇ ਤਾਂ ਪਤਾ ਲੱਗਾ
ਸਾਡੇ ਘਰ ਚ ਪਿਆਰੀ ਜਿਹੀ ਧੀ ਆਈ,
ਓਹਨੂੰ ਚੁੱਕ ਕੇ ਮੈਂ ਛਾਤੀ ਦੇ ਨਾਲ ਲਾਇਆ
ਮੱਥਾ ਚੁੰਮ ਕੇ ਬੜਾ ਪਿਆਰ ਕੀਤਾ
ਸੱਚੇ ਗੁਰਾਂ ਨੂੰ ਅੰਗ-ਸੰਗ ਜਾਣ ਕੇ
ਇੱਕ ਵਾਦਾ ਮੈਂ ਉਸ ਦੇ ਨਾਲ ਕੀਤਾ,
ਕੋਈ ਕਦੇ ਨਾ ਤੈਨੂੰ ਉੱਚਾ ਬੋਲ ਬੋਲੂ
ਨਾ ਕੋਈ ਤੈਨੂੰ ਫਿਟਕਾਰ ਕਦੇ ਪਾਊ ਧੀਏ
ਜਿੰਨਾ ਚਿਰ ਹੈ ਤੇਰਾ ਬਾਪ ਜਿਉਂਦਾ
ਕਦੇ ਤੇਰੇ ਤੇ ਆਂਚ ਨਾ ਆਊ ਧੀਏ,
ਵਾਂਗ ਫੁੱਲਾਂ ਦੇ ਖਿੜਿਆ ਮਾਸੂਮ ਚੇਹਰਾ
ਮੇਰੇ ਵੇਹੜੇ ਦੀ ਰੌਣਕ ਵਧਾਈ ਓਹਨੇ
ਖੇਡਾਂ ਖੇਡਦੀ ਘਰ ਚ ਪਿਆਰੀ ਲੱਗੇ
ਸਾਨੂੰ ਦੁਨੀਆ ਏ ਸਾਰੀ ਭੁਲਾਈ ਓਹਨੇ,
ਜਿੰਦ ਨਿੱਕੀ ਜਿਹੀ ਸਭ ਦੀ ਜਿੰਦ ਬਣ ਗਈ
ਓਨੂੰ ਵੇਖਿਆਂ ਬਗੈਰ ਨਾ ਜੀ ਲੱਗੇ
ਪੁੱਟ ਹੁੰਦੇ ਨੇ ਪਿਆਰੇ ਚਾਹੇ ਮਾਪਿਆਂ ਨੂੰ
ਸਾਨੂੰ ਪੁੱਤਾਂ ਤੋਂ ਪਿਆਰੀ ਸਾਡੀ ਧੀ ਲੱਗੇ,
ਪੜ ਲਿਖ ਕੇ ਖਟਿਆ ਮਾਣ ਓਹਨੇ
ਮੇਰੀ ਹੋਰ ਵੀ ਸ਼ਾਨ ਵਧਾਈ ਓਹਨੇ
ਉੱਚਾ ਬੋਲਿਆ ਨਾ ਕਦੇ ਮੇਰੀ ਲਾਡਲੀ ਨੇ
ਨਾ ਹੀ ਸਿਰ ਤੋਂ ਚੁੰਨੀ ਅਟਕਾਈ ਓਹਨੇ,
ਉਮਰ ਹੋਈ ਜਦੋਂ ਓਹਦੀ ਵਿਆਹ ਵਾਲੀ
ਲਾਡਾਂ ਪਾਲੀ ਨੂੰ ਅਸੀਂ ਵਿਆਹ ਦਿੱਤਾ
ਜਿਸਨੂੰ ਅੱਖਾਂ ਤੋਂ ਕਦੇ ਨਾ ਦੂਰ ਕੀਤਾ
ਅੱਜ ਰੋਂਦੀ ਨੂੰ ਡੋਲੀ ਵਿਚ ਪਾ ਦਿੱਤਾ
ਕਸਰ ਛੱਡੀ ਨਾ ਵਿਆਹ ਵਿੱਚ ਸੇਵਾ ਵਾਲੀ
ਜਿੰਨਾ ਪੁਜਿਆ ਦਾਜ ਵੀ ਦੇ ਦਿੱਤਾ
ਸਹੁਰੇ ਘਰੋਂ ਨਾ ਆਵੇ ਅਲਾਂਭਾ ਕੋਈ
ਜਾਂਦੀ ਧੀ ਨੂੰ ਮਾਂ ਨੇ ਕਹਿ ਦਿੱਤਾ
ਬਚਨ ਮਾਂ ਦੇ ਪੱਲੇ ਨਾਲ ਬੰਨ ਤੁਰ ਪਈ
ਡਾਢਾ ਦਿਲ ਸੀ ਮੇਰੀ ਸੁਆਣੀ ਧੀ ਦਾ
ਐਪਰ ਪਤਾ ਨਹੀਂ ਫੇਰ ਵੀ ਕਰਮ ਚੰਗੇ
ਸਾਥ ਛੱਡ ਗਏ ਕਿਉਂ ਮੇਰੀ ਰਾਣੀ ਧੀ ਦਾ,
ਜਿਹੜੇ ਮੁੱਖ ਤੋਂ ਮਿੱਠੇ ਬੋਲ ਬੋਲਦੇ ਸੀ
ਦੁੱਖ ਦੇਣ ਲੱਗੇ ਕਉੜਾ ਜ਼ਹਿਰ ਬਣ ਕੇ
ਮੇਰੀ ਧੀ ਦੇ ਸਹੁਰੇ ਪਰਿਵਾਰ ਵਾਲੇ
ਮੇਰੀ ਧੀ ਤੇ ਟੁੱਟ ਪਏ ਕਹਿਰ ਬਣ ਕੇ,
ਅਜੇ ਥੋੜਾ ਜੀ ਸਮਾਂ ਵਿਆਹ ਨੂੰ ਬੀਤਿਆ ਸੀ
ਉਹ ਆਪਣੀਆਂ ਈਨਾਂ ਮਨਾਉਣ ਲੱਗੇ
ਕਦੇ ਕੁਝ ਮੰਗਕੇ-ਕਦੇ ਕੁਝ ਮੰਗ ਕੇ
ਮੇਰੀ ਲਾਡਲੀ ਧੀ ਨੂੰ ਸਤਾਉਣ ਲੱਗੇ,
ਦੁਖੀ ਹੋਣ ਨਾ ਮਾਪੇ ਦੁੱਖ ਦਿਲ ਵਾਲੇ
ਕਦੇ ਮਾਪਿਆਂ ਨੂੰ ਨਾ ਸੁਨਾਏ ਓਹਨੇ
ਫੱਟ ਲੱਗੇ ਨੇ ਕਿੰਨੇ ਸ਼ਰੀਰ ਉੱਤੇ
ਆਪਣੀ ਮਾਂ ਨੂੰ ਵੀ ਨਾ ਵਿਖਾਏ ਓਹਨੇ,
ਉਧਰ ਲੋਭੀਆਂ ਦੇ ਜ਼ੁਲਮ ਦੀ ਹੱਦ ਹੋ ਗਈ
ਕੁੱਟ ਮਾਰ ਕੇ ਵੀ ਦਿਲ ਭਰਿਆ ਨਾ
ਜਿਉਂਦੀ ਜਾਗਦੀ ਅੱਗ ਦੇ ਹਵਾਲੇ ਕਰਤੀ
ਦਿਲ ਪਾਪੀਆਂ ਦਾ ਭੋਰਾ ਵੀ ਡਰਿਆ ਨਾ,
ਜਿਸਨੂੰ ਧੁੱਪ ਤੋਂ ਵੀ ਡਰ ਲੱਗਦਾ ਸੀ
ਲਪਟੀ ਅੱਗ ਵਿਚ ਭੁੱਬਾਂ ਪਈ ਮਾਰਦੀ ਏ
ਆ ਕੇ ਜਾਨ ਬਚਾ ਲੈ ਬਾਬਲਾ ਵੇ
ਅੱਜ ਬਾਪੂ ਨੂੰ ਪਈ ਪੁਕਾਰਦੀ ਏ,
ਲੋਕੋ ਕੀ ਸੀ ਕਸੂਰ ਮੇਰੀ ਲਾਡਲੀ ਦਾ
ਉਹ ਤਾਂ ਮੂਰਤ ਨਿਰੀ ਪਿਆਰ ਦੀ ਸੀ
ਅੱਜ ਅੱਗ ਦੇ ਅੱਗੇ ਬੇਵੱਸ ਹੋਈ
ਜਿਹੜੀ ਕਿਸੇ ਦਾ ਦੁੱਖ ਨਾ ਸਹਾਰਦੀ ਸੀ,
ਰੱਬਾ ਕਿੱਥੇ ਲੁਕਾਉਣਗੇ ਧੀਆਂ ਮਾਪੇ
ਕੋਈ ਥਾਂ ਟਿਕਾਣਾ ਤੇ ਗ੍ਰਾਂ ਦੱਸ ਦੇ
ਜਿੱਥੇ ਮਿਲੇ ਅਜਾਦੀ ਏਨਾਂ ਬੱਚੀਆਂ ਨੂੰ
ਰੱਬਾ ਮੇਰਿਆ ਕੋਈ ਏਹੋ ਜਿਹੀ ਥਾਂ ਦੱਸਦੇ,
ਰੱਬਾ ਦੇ ਸਜਾਵਾਂ ਓਨਾਂ ਪਾਪੀਆਂ ਨੂੰ
ਜਿਹੜੇ ਧੀਆਂ ਮਾਸੂਮਾਂ ਨੂੰ ਤੰਗ ਕਰਦੇ
ਕਹੇ ਪ੍ਰਗਟ ਜੇ ਐਸਾ ਨਹੀਂ ਕਰਨਾ
ਤਾਂ ਤੂੰ ਧੀਆਂ ਦਾ ਜੰਮਨਾ ਬੰਦ ਕਰਦੇ,
ਕਹੇ ਪ੍ਰਗਟ ਜੇ ਐਸਾ ਨਹੀਂ ਕਰਨਾ
ਤਾਂ ਤੂੰ ਧੀਆਂ ਦਾ ਜੰਮਨਾ ਬੰਦ ਕਰਦੇ।
ਪੜ੍ਹੋ :- ਮਾਂ ਧੀ ਦੀ ਕਵਿਤਾ | ਮਾਂ ਨੂੰ ਯਾਦ ਕਰਦੀ ਧੀ ਤੇ ਕਵੀ ਪਰਗਟ ਸਿੰਘ ਦੀ ਕਵਿਤਾ
ਕੰਮੈਂਟ ਬਾਕਸ ਵਿੱਚ ਕਵਿਤਾ ” ਦਾਜ ਦੀ ਸਮੱਸਿਆ ਤੇ ਕਵਿਤਾ ” ( Daj Di SamasyaTe Punjabi Kavita ) ਬਾਰੇ ਆਪਣੀ ਰਾਇ ਜਰੂਰ ਲਿਖੋ। ਜਿਸ ਨਾਲ ਲੇਖਕ ਦੀ ਹਿੰਮਤ ਅਤੇ ਸਤਿਕਾਰ ਵਧਾਇਆ ਜਾ ਸਕੇ।
ਜੇਕਰ ਤੁਸੀਂ ਵੀ ਰੱਖਦੇ ਹੋ ਲਿਖਣ ਦਾ ਹੁਨਰ ਅਤੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਰਚਨਾ ਬਲਾੱਗ ਰਾਹੀਂ ਸਾਰੇ ਪਾਠਕਾਂ ਤਕ ਪਹੁੰਚੇ। ਤਾਂ ਆਪਣੀ ਕਵਿਤਾ, ਕਹਾਣੀ ਜਾਂ ਲੇਖ ਭੇਜੋ ਇਸ ਈ-ਮੇਲ [email protected] ਤੇ ਜਾਂ ਸਾਡੇ ਵਹਟਸਐੱਪ ਨੰਬਰ 9115672434 ਤੇ।
ਧੰਨਵਾਦ।