Guru Gobind Singh Ji Kavita In Punjabi – ਰਾਤ ਹਨੇਰੀ ਸਰਸਾ ਦਾ ਪਾਣੀ | Sikh History Emotional Kavita
Guru Gobind Singh Ji Kavita In Punjabi– ਇਹ ਕਵਿਤਾ ਸਿੱਖ ਇਤਿਹਾਸ ਦੇ ਉਸ ਦਰਦਨਾਕ ਪਰ ਅਮਰ ਪਲ ਨੂੰ ਸਮਰਪਿਤ ਹੈ, ਜਦੋਂ ਰਾਤ ਦੀ ਹਨੇਰੀ, ਸਰਸਾ ਦਾ ਤੂਫਾਨੀ ਪਾਣੀ ਅਤੇ ਦੁਸ਼ਮਣਾਂ ਦੇ ਘੇਰੇ ਨੇ ਦਸਵੇਂ ਪਿਤਾ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਆਪਣੇ ਪਿਆਰੇ ਪਰਿਵਾਰ ਅਤੇ ਸਿੱਖਾਂ ਤੋਂ ਵਿਛੋੜੇ ਦੇ ਦਰਦ ਨਾਲ ਗੁਜ਼ਾਰਿਆ। ਇਹ ਸਿਰਫ਼ ਇੱਕ ਕਹਾਣੀ ਨਹੀਂ— ਇਹ ਬੇਅੰਤ ਹਿੰਮਤ, ਗੁਰੂ-ਪਿਆਰ, ਵਿਸ਼ਵਾਸ ਅਤੇ ਬਲੀਦਾਨ ਦੀ ਉਹ ਜਾਗਦੀ ਸ਼ਮਾ ਹੈ ਜੋ ਸਦੀਆਂ ਤੋਂ ਸਾਡੀ ਧੜਕਣਾਂ ਵਿੱਚ ਰੋਸ਼ਨੀ ਬਣ ਕੇ ਜਲਦੀ ਆ ਰਹੀ ਹੈ। ਆਓ, ਇਸ ਅਮਰ ਕਹਾਣੀ ਨੂੰ ਦੁਬਾਰਾ ਸੁਣੀਏ, ਦਿਲੋਂ ਮਹਿਸੂਸ ਕਰੀਏ, ਅਤੇ ਗੁਰੂ ਦੇ ਉਸ ਪਵਿੱਤਰ ਦਰਦ ਨੂੰ ਸਲਾਮ ਕਰੀਏ ਜੋ ਸਾਡੇ ਲਈ ਇੱਕ ਮਾਰਗਦਰਸ਼ਨ ਹੈ।
Guru Gobind Singh Ji Kavita In Punjabi
ਰਾਤ ਹਨੇਰੀ ਸਰਸਾ ਦਾ ਪਾਣੀ

ਰਾਤ ਹਨੇਰੀ ਸਰਸਾ ਦਾ ਪਾਣੀ ।
ਸੁਣੋ ਸੁਣਾਵਾਂ ਇੱਕ ਅਮਰ ਕਹਾਣੀ।
ਦਸਵੇਂ ਸਤਿਗੁਰ ਪੰਥ ਦੇ ਵਾਲੀ
ਮਾਂ ਗੁਜਰੀ ਦੇ ਦੁਲਾਰੇ।
ਪੁਰੀ ਅਨੰਦਾਂ ਵਾਲੀ ਛੱਡ ਕੇ
ਤੁਰ ਪਏ ਸਤਿਗੁਰ ਪਿਆਰੇ।
ਲੀਲਾ ਉਸ ਦੀ ਜਾਏ ਨਾ ਜਾਣੀ।
ਸੁਣੋ ਸੁਣਾਵਾਂ ਇੱਕ ਅਮਰ ਕਹਾਣੀ।
ਪਿੱਛੇ ਭਾਰੀ ਦੁਸ਼ਮਣ
ਅੱਗੇ ਸਰਸਾ ਠਾਠਾਂ ਮਾਰੇ।
ਪੜ੍ਹਦੇ ਨੇ ਗੁਰਬਾਣੀ ਸਤਿਗੁਰ
ਬਹਿ ਕੇ ਨਦੀ ਕਿਨਾਰੇ।
ਵੇਖ ਕੇ ਕੌਤਕ ਹੋਵੇ ਹੈਰਾਨੀ।
ਸੁਣੋ ਸੁਣਾਵਾਂ ਇੱਕ ਅਮਰ ਕਹਾਣੀ।
ਕਹਿਰ ਦੀ ਸਰਦੀ ਪੋਹ ਦੀਆਂ ਰਾਤਾਂ
ਵਗਦੇ ਮੀਂਹ ਹਨੇਰੀ।
ਵਿਛੜ ਗਿਆ ਪਰਿਵਾਰ ਗੁਰਾਂ ਦਾ
ਖੌਰੇ ਘੜੀ ਸੀ ਕਿਹੜੀ।
ਕਿੱਧਰ ਹੈ ਜਾਣਾ ਕੋਈ ਨਾ ਨਿਸ਼ਾਨੀ।
ਸੁਣੋ ਸੁਣਾਵਾਂ ਇੱਕ ਅਮਰ ਕਹਾਣੀ।
ਕਾਲੀ ਬੋਲੀ ਰਾਤ ਹਨੇਰੀ
ਬਿਜਲੀ ਲਿਸ਼ਕਾਂ ਮਾਰੇ।
ਸਰਸਾ ਦੇ ਵਿੱਚ ਉਤਰੇ ਸਤਿਗੁਰ
ਨਾਲ ਸੀ ਸਿੱਖ ਪਿਆਰੇ।
ਦੁਸ਼ਮਣ ਹੋਇਆ ਵਹਿਣ ਤੂਫਾਨੀ।
ਸੁਣੋ ਸੁਣਾਵਾਂ ਇੱਕ ਅਮਰ ਕਹਾਣੀ।
ਖੇਰੂੰ ਖੇਰੂੰ ਹੋ ਗਏ ਸਾਰੇ
ਕੀ ਅਨਹੋਣੀ ਹੋਈ।
ਪਰਗਟ ਵੇ ਇਹ ਦ੍ਰਿਸ਼ ਵੇਖ ਕੇ
ਅੱਖ ਅੰਬਰ ਦੀ ਰੋਈ।
ਦਸਵੇਂ ਪਿਤਾ ਦਾ ਕੋਈ ਨਾ ਸਾਨੀਂ।
ਸੁਣੋ ਸੁਣਾਵਾਂ ਇੱਕ ਅਮਰ ਕਹਾਣੀ।
ਰਾਤ ਹਨੇਰੀ ਸਰਸਾ ਦਾ ਪਾਣੀ।
ਸੁਣੋ ਸੁਣਾਵਾਂ ਇੱਕ ਅਮਰ ਕਹਾਣੀ
ਪੜ੍ਹੋ :- Small Kavita Poem On Guru Gobind Singh Ji In Punjabi | ਬਾਜਾਂ ਵਾਲਿਆ ਲਿਖਣੀਂ ਸਿਰਫ ਤੇਰੀ
ਇਸ ਕਵਿਤਾ ਦੇ ਅੰਤ ‘ਤੇ ਮਨ ਆਪੇ ਹੀ ਝੁੱਕ ਜਾਂਦਾ ਹੈ—ਗੁਰੂ ਗੋਬਿੰਦ ਸਿੰਘ ਜੀ ਦੇ ਬੇਮਿਸਾਲ ਬਲੀਦਾਨ, ਗੁਰੂ ਪਰਿਵਾਰ ਦੀ ਵਿਛੋੜੇ ਦੀ ਰਾਤ, ਅਤੇ ਸਰਸਾ ਦੇ ਕਿਨਾਰੇ ਵਾਪਰੇ ਉਸ ਅਨਹੋਣੇ ਦ੍ਰਿਸ਼ ਨੂੰ ਯਾਦ ਕਰਕੇ। ਸਦੀਵਾਂ ਤੱਕ ਗੁਰਸਿੱਖ ਇਹ ਕਹਾਣੀ ਦਿਲ ਵਿੱਚ ਸੰਭਾਲ ਕੇ ਰੱਖਣਗੇ, ਕਿਉਂਕਿ ਇਹ ਸਾਡੀ ਰੂਹ ਦੀ ਵਿਰਾਸਤ ਹੈ। ਆਓ, ਅਸੀਂ ਵੀ ਗੁਰੂ ਦੀ ਬਾਣੀ, ਹਿੰਮਤ ਅਤੇ ਅਡੋਲਤਾ ਤੋਂ ਸਹਾਰਾ ਅਤੇ ਜੀਵਨ ਲਈ ਪ੍ਰੇਰਨਾ ਲਵੀਂਏ। ਧੰਨ ਗੁਰੂ, ਧੰਨ ਗੁਰੂ ਦਾ ਹੁਕਮ, ਅਤੇ ਧੰਨ ਉਹ ਅਮਰ ਕਹਾਣੀ ਜੋ ਸਾਡੀ ਕੌਮ ਨੂੰ ਚੜ੍ਹਦੀ ਕਲਾ ਸਿਖਾਉਂਦੀ ਰਹੀ।
ਜੇਕਰ ਤੁਸੀਂ ਵੀ ਰੱਖਦੇ ਹੋ ਲਿਖਣ ਦਾ ਹੁਨਰ ਅਤੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਰਚਨਾ ਬਲਾੱਗ ਰਾਹੀਂ ਸਾਰੇ ਪਾਠਕਾਂ ਤਕ ਪਹੁੰਚੇ। ਤਾਂ ਆਪਣੀ ਕਵਿਤਾ, ਕਹਾਣੀ ਜਾਂ ਲੇਖ ਭੇਜੋ ਇਸ ਈ-ਮੇਲ blogapratim@gmail.com ਤੇ ਜਾਂ ਸਾਡੇ ਵਹਟਸਐੱਪ ਨੰਬਰ 7986224040 ਤੇ।
ਪੰਜਾਬੀ ਭਾਸ਼ਾ ਚ ਰਚਨਾਵਾਂ ਨੂੰ ਸਪੋਰਟ ਕਾਰਨ ਲਈ ਲਾਇਕ ਕਰੋ ਸਾਡਾ ਫੇਸਬੁੱਕ ਪੇਜ।
ਧੰਨਵਾਦ।
