Guru Teg Bahadur Ji Essay In Punjabi | Shaheedi History
Guru Teg Bahadur Ji Essay In Punjabi – ਤੁਸੀਂ ਪੜ੍ਹਨ ਜਾ ਰਹੇ ਹੋ ” ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇਤਿਹਾਸ “
Guru Teg Bahadur Ji Essay In Punjabi
ਜਨਮ ਤੇ ਮਾਤਾ-ਪਿਤਾ
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸ੍ਰੀ ਹਰਿਗੋਬਿੰਦ ਸਾਹਿਬ ਜੀ ਦੇ ਸਭ ਤੋਂ ਛੋਟੇ ਸਪੁੱਤਰ ਸਨ। ਆਪ ਜੀ ਦਾ ਜਨਮ ਅਪ੍ਰੈਲ 1621 ਈ: ਨੂੰ ਅੰਮ੍ਰਿਤਸਰ ਵਿਖੇ ਗੁਰੂ ਕੇ ਮਹਿਲ ਵਿਖੇ ਮਾਤਾ ਨਾਨਕੀ ਜੀ ਦੀ ਕੁੱਖੋਂ ਹੋਇਆ।
ਬਚਪਨ ਤੇ ਸਿੱਖਿਆ
ਆਪ ਜੀ ਦਾ ਬਚਪਨ ਦਾ ਨਾਮ ਬਾਬਾ ਤਿਆਗ ਮਲ ਜੀ ਸੀ। ਪਿਤਾ ਜੀ ਦੇ ਗੁਰਪੁਰੀ ਚਲਾਣੇ ਤੋਂ ਬਾਅਦ ਆਪ ਆਪਣੇ ਮਾਤਾ ਅਤੇ ਪਤਨੀ ਸਮੇਤ ਬਾਬਾ ਬਕਾਲੇ ਜਾ ਰਹੇ। ਆਪ ਮੁੱਢ ਤੋਂ ਹੀ ਸੰਤ-ਸਰੂਪ, ਅਡੋਲ-ਚਿਤ, ਡੂੰਘੇ ਵਿਚਾਰਵਾਨ, ਤਿਆਗੀ, ਗੰਭੀਰ, ਨਿਰਭੈ ਅਤੇ ਨਿਰਵੈਰ ਸੁਭਾਅ ਦੇ ਮਾਲਕ ਸਨ। ਆਪ ਨੇ ਗੁਰਮਤਿ ਤੇ ਹੋਰ ਧਰਮ ਗ੍ਰੰਥਾਂ ਦੀ ਪੜ੍ਹਾਈ ਦੇ ਨਾਲ ਨਾਲ ਸ਼ਸਤਰਾਂ ਦੀ ਵਰਤੋਂ ਅਤੇ ਘੋੜਸਵਾਰੀ ਆਦਿ ਦੀ ਸਿਖਲਾਈ ਵੀ ਲਈ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਕਰਤਾਪੁਰ ਦੀ ਜੰਗ ਵਿੱਚ ਆਪ ਨੇ ਤੇਗ ਦੇ ਖੂਬ ਜ਼ੌਹਰ ਵਿਖਾਉਂਦੇ ਹੋਏ ਦੁਸ਼ਮਣਾਂ ਦੇ ਆਹੂ ਦੀ ਲਾਹੇ। ਆਪ ਜੀ ਦੇ ਪਿਤਾ ਜੀ ਆਪ ਦੀ ਤੇਗ ਦੀ ਮੁਹਾਰਤ ਤੇ ਇਤਨੇ ਖੁਸ਼ ਹੋਇ ਕਿ ਆਪ ਦਾ ਨਾਮ ਬਾਬਾ ਤਿਆਗ ਮਲ ਜੀ ਤੋਂ ਬਦਲ ਕੇ ਬਾਬਾ ਤੇਗ਼ ਬਹਾਦੁਰ ਜੀ ਰੱਖ ਦਿੱਤਾ।
ਵਿਆਹ
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਵਿਆਹ ਕਰਤਾਪੁਰ ( ਜਲੰਧਰ ) ਨਿਵਾਸੀ ਸ੍ਰੀ ਲਾਲ ਚੰਦ ਜੀ ਦੀ ਸਪੁੱਤਰੀ ਬੀਬੀ ਗੁਜਰੀ ਜੀ ਨਾਲ 1632 ਈ: ਵਿਚ ਹੋਇਆ। ਬਾਬਾ ਬਕਾਲੇ ਦੇ ਸਥਾਨ ਤੇ ਆਪ ਇੱਕੀ ਵਰੇ ਟਿਕੇ ਰਹੇ। ਇੱਥੇ ਆਪ ਨੇ ਭੋਰੇ ਵਿੱਚ ਰਹਿ ਪਰਮਾਤਮਾ ਦਾ ਸਿਮਰਨ ਤੇ ਨਾਮ ਅਭਿਆਸ ਨਿਰੰਤਰ ਜਾਰੀ ਰੱਖਿਆ।
ਗੁਰਗੱਦੀ
ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਅਤੇ ਸ੍ਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਆਪ ਦੇ ਹੁੰਦਿਆਂ ਹੀ ਗੁਰੂ ਸਥਾਪਿਤ ਹੋ ਕੌਮ ਨੂੰ ਯੋਗ ਅਗਵਾਈ ਦੇਕੇ ਜੋਤੀ ਜੋਤਿ ਸਮਾ ਚੁੱਕੇ ਸਨ। ਸ੍ਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਦੇ ਅੰਤਮ ਬੋਲ ‘ਬਾਬਾ ਬਕਾਲੇ’ ਨੇ ਆਪ ਦੀ ਪਹਿਚਾਣ ਸਿੱਖ ਕੌਮ ਨਾਲ ਕਰਵਾ ਆਪ ਨੂੰ ਭਾਈ ਮੱਖਣ ਸ਼ਾਹ ਲੁਬਾਣੇ ਰਾਹੀਂ ਨੌਵੇਂ ਗੁਰੂ ਦੇ ਰੂਪ ਵਿੱਚ ਸਥਾਪਿਤ ਕੀਤਾ।
ਆਪ ਜੀ ਨੂੰ ਅਠਵੇਂ ਪਾਤਸ਼ਾਹ ਵਲੋਂ ਕੀਤੇ ਬਚਨਾਂ ਦੀ ਖਬਰ ਸੀ ਪਰ ਆਪ ਜੀ ਕਿਸੇ ਝਗੜੇ ਵਿਚ ਨ ਪਏ। ਬਾਬਾ ਬਕਾਲੇ ਦੇ ਸੰਕੇਤ ਅਨੁਸਾਰ ਪਿੰਡ ਬਕਾਲੇ ਅਨੇਕਾਂ ਲੋਕ ਮੰਜੀਆ ਡਾਹਕੇ ਗੁਰੂ ਹੋਣ ਦਾ ਸੁਆਂਗ ਰਚ ਬੈਠੇ ਗਏ। ਇਕ ਸਿੱਖ ਭਾਈ ਮੱਖਣ ਸ਼ਾਹ ਲੁਬਾਣਾ ਗੁਰੂ ਸਾਹਿਬ ਜੀ ਦੇ ਦਰਸ਼ਨਾਂ ਲਈ ਬਕਾਲੇ ਪੂਜਾ। ਮੱਖਣ ਸ਼ਾਹ ਇੰਨੇ ਗੁਰੂ ਵੇਖ ਹੈਰਾਨ ਦੇ ਹੋ ਗਿਆ। ਅਕਾਲ ਪੁਰਖ ਅੱਗੇ ਅਰਦਾਸ ਬੇਨਤੀ ਕਰ ਮੱਖਣ ਸ਼ਾਹ ਸਾਰੀ ਅਮਾਨਤ ਦੀ ਬਜਾਏ ਹਰ ਢੋਂਗੀ ਗੁਰੂ ਅਗੇ ਦੋ-ਦੋ ਮੋਹਰਾਂ ਰੱਖਣ ਲੱਗਾ। ਹਰ ਕੋਈ ਦੋ ਮੇਹਰਾਂ ਹੋ ਗਿਆ। ਢੋਂਗੀਆਂ ਦੇ ਇਸ ਕਰਮ ਤੋਂ ਮੱਖਣ ਸ਼ਾਹ ਸਮਝ ਵੇਖ ਗਿਆ ਕਿ ਇਹ ਸਭ ਪਾਖੰਡੀ ਗੁਰੂ ਹਨ।
ਜਦੋਂ ਉਸਨੇ ਸਾਰੇ ਪਾਖੰਡੀ ਗੁਰੂ ਵੇਖ ਡਿਠ ਲਏ ਤਾਂ ਉਹਨਾਂ ਲੋਕਾਂ ਪਾਸੋਂ ਪੁਛਿਆ ਕਿ ਏਥੇ ਕੋਈ ਹੋਰ ਗੁਰੂ ਭੀ ਹੈ? ਕਿਸੇ ਨੇ ਉਸ ਨੂੰ ਇਕਾਂਤਸ਼ਾਂਤ ਵਿਚ ਬੈਠੇ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੀ ਦਸ ਪਾਈ। ਭਾਈ ਮੱਖਣ ਸ਼ਾਹ ਉੱਥੇ ਗਿਆ ਜਿਥੇ ਗੁਰੂ ਸਾਹਿਬ ਜੀ ਬੰਦਗੀ ਵਿਚ ਲੀਨ ਸਨ। ਮਾਤਾ ਗੂਜਰੀ ਜੀ ਨੇ ਭਾਈ ਮੱਖਣ ਸ਼ਾਹ ਨੂੰ ਗੁਰੂ ਸਾਹਿਬ ਜੀ ਤਾਈਂ ਮਿਲਣ ਤੋਂ ਵਰਜ ਦਿੱਤਾ। ਭਾਈ ਮੱਖਣ ਸ਼ਾਹ ਨੇ ਮਾਤਾ ਜੀ ਨੂੰ ਗੁਰੂ ਦਾ ਵਾਸਤਾ ਪਾਇਆ। ਗੁਰੂ ਸਾਹਿਬ ਜੀ ਜੀ ਕੋਲ ਜਾ ਉਸਨੇ ਪਹਿਲੇ ਵਾਂਗ ਫਿਰ ਦੋ ਮੋਹਰਾਂ ਰੱਖ ਮਥਾ ਟੇਕਿਆ।
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਗੁਰਗੱਦੀ ਦੀ ਸੇਵਾ ਸੰਭਾਲਣ ਦਾ ਸਮਾਂ ਆ ਪੂਜਾ ਜਾਣ ਭਾਈ ਮੱਖਣ ਸ਼ਾਹ ਨੂੰ ਕਿਹਾ,
‘ਭਾਈ ਸਿੱਖਾ! ਗੁਰੂ ਦੀ ਅਮਾਨਤ ਦਿਤੀ ਹੀ ਭਲੀ ਹੁੰਦੀ ਹੈ। ਇਹ ਦੋ ਮੋਹਰਾਂ ਕਿਉਂ ਬਾਕੀ ਅਮਾਨਤ ਕਿੱਥੇ ਹੈ?’
ਆਪ ਜੀ ਦੇ ਇਹ ਬਚਨ ਸੁਣ ਮੱਖਣ ਸ਼ਾਹ ਗੁਰੂ ਸਾਹਿਬ ਜੀ ਦੇ ਦਰਸ਼ਨ-ਦੀਦਾਰੇ ਕਰ ਨਿਹਾਲ ਹੋ ਗਿਆ। ਗੁਰੂ ਸਾਹਿਬ ਜੀ ਦੇ ਅੱਗੇ ਰਹਿੰਦੀਆਂ ਮੋਹਰਾਂ ਧਰ ਭਾਈ ਮੱਖਣ ਸ਼ਾਹ ਨੇ ਕੋਠੇ ਉਪਰ ਚੜ੍ਹ ਕੇ ਪੱਲਾ ਫੇਰਿਆ ਅਤੇ ਉੱਚੀ ਆਵਾਜ਼ ਵਿੱਚ ਹੋਕਾ ਦਿੱਤਾ ‘ਗੁਰੂ ਲਾਧੋ ਰੇ।’ ‘ਗੁਰੂ ਲਾਧੋ ਰੇ।’ ਆਪ 1665 ਈ: ਨੂੰ ਬਾਬਾ ਬਕਾਲਾ, ਜ਼ਿਲ੍ਹਾ ਅੰਮ੍ਰਿਤਸਰ ਦੇ ਸਥਾਨ ਤੇ ਗੁਰਗੱਦੀ ਤੇ ਬਿਰਾਜਮਾਨ ਹੋਏ।
ਆਪ ਜੀ ਦੇ ਗੁਰਗੱਦੀ ਤੇ ਬਿਰਾਜਮਾਨ ਹੋਣ ਵੇਲੇ ਆਪ ਦੀ ਉਮਰ 44 ਵਰ੍ਹਿਆਂ ਦੀ ਸੀ। ਗੁਰੂ ਸਾਹਿਬ ਜੀ ਦੇ ਗੁਰਗੱਦੀ ਤੇ ਬਿਰਾਜਮਾਨ ਹੋਣ ਦਾ ਸਭ ਤੋ ਵਧ ਦੁਖ ਧੀਰਮਲ ਨੂੰ ਹੋਇਆ। ਇਕ ਦਿਨ ਉਹ ਆਪਣੇ ਨਾਲ ਦੇ ਕੁਝ ਮਸੰਦਾਂ ਨੂੰ ਇਕੱਠਾ ਕਰ ਗੁਰੂ ਸਾਹਿਬ ਜੀ ਨੂੰ ਖਤਮ ਕਰਨ ਲਈ ਤੁਰ ਪਿਆ। ਧੀਰਮਲ ਤੇ ਉਸਦੇ ਸਾਥੀਆਂ ਨੇ ਗੁਰੂ ਸਾਹਿਬ ਜੀ ਤੇ ਗੋਲੀ ਚਲਾਈ। ਗੁਰੂ ਸਾਹਿਬ ਜੀ ਜ਼ਖਮੀ ਹੋਏ ਪਰ ਸ਼ਾਂਤ ਅਡੋਲ ਚਿਤ ਰਹੇ।
ਜਦੋਂ ਭਾਈ ਮੱਖਣ ਸ਼ਾਹ ਨੂੰ ਧੀਰਮਲ ਦੀ ਇਸ ਕਰਤੂਤ ਦਾ ਪਤਾ ਲਗਾ ਤਾਂ ਮੱਖਣ ਸ਼ਾਹ ਤੇ ਹੋਰ ਸਿੱਖ ਇਕੱਠੇ ਹੋ ਧੀਰਮਲ ਤੇ ਉਸਦੇ ਸਾਥੀਆਂ ਤੇ ਜਾ ਪਏ। ਭਾਈ ਮੱਖਣ ਸ਼ਾਹ ਨੇ ਗੁਰੂ ਸਾਹਿਬ ਜੀ ਦੀ ਨਿਰਾਦਰੀ ਦਾ ਬਦਲਾ ਲਿਆ ਅਤੇ ਗੁਰੂ ਘਰ ਦੇ ਦੋਖੀਆਂ ਨੂੰ ਸੋਧਾ ਲਾਇਆ। ਗੁਰੂ ਸਾਹਿਬ ਜੀ ਨੇ ਰਹਿਮਤ ਕਰਦੇ ਹੋਏ ਧੀਰਮਲ ਨੂੰ ਬਖਸ਼ ਦਿੱਤਾ।
ਅਨੰਦਪੁਰ ਸਾਹਿਬ ਦੀ ਸਥਾਪਨਾ
ਗੁਰਗੱਦੀ ਤੇ ਬਿਰਾਜਮਾਨ ਹੋਣ ਤੋਂ ਕੁਝ ਸਮਾਂ ਉਪਰੰਤ ਆਪ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਆਏ। ਅੱਗੋਂ ਮੀਣਿਆਂ ਨੇ ਗੁਰੂ ਸਾਹਿਬ ਜੀ ਦੇ ਚਰਿੱਤਰ ਤੋਂ ਪ੍ਰਭਾਵਤ ਹੋ ਕੇ ਆਪਣੇ ਅਧਿਕਾਰ ਨੂੰ ਸਥਾਪਿਤ ਰੱਖਣ ਲਈ ਕਿਵਾੜ ਬੰਦ ਕਰ ਦਿੱਤੇ। ਗੁਰੂ ਸਾਹਿਬ ਥੜ੍ਹਾ ਸਾਹਿਬ ਦੇ ਸਥਾਨ ਤੇ ਬੈਠ ਵਾਪਸ ਮੁੜ ਗਏ। ਕੀਰਤਪੁਰ ਸਾਹਿਬ ਤੋਂ ਕੁਝ ਮੀਲ ਦੀ ਵਿੱਥ ਤੇ ਆਪ ਜੀ ਨੇ ਕਹਿਲੂਰ ਦੇ ਰਾਜੇ ਪਾਸੋਂ ਮਾਖੋਵਾਲ ਪਿੰਡ ਦੀ ਜ਼ਮੀਨ ਖਰੀਦ ਕੇ ਸਤਲੁਜ ਦਰਿਆ ਦੇ ਕੰਢੇ ਅਨੰਦਪੁਰ ਸਾਹਿਬ ਵਸਾਇਆ।
ਗੁਰੂ ਸਾਹਿਬ ਜੀ ਨੂੰ ਇਹ ਥਾਂ ਛੱਡਣ ਲਈ ਮਜ਼ਬੂਰ ਕੀਤਾ ਗਿਆ। ਵਿਚ ਆਪ ਮਾਲਵੇ ਅਤੇ ਬਾਂਗਰ ਦੇ ਇਲਾਕੇ ਵਿੱਚ ਸਿੱਖੀ ਦੀਆਂ ਚਾਰ ਯਾਤਰਾਵਾਂ ਤੇ ਨਿਕਲ ਤੁਰੇ। ਉਨ੍ਹਾਂ ਨੇ ਲੋਕਾਂ ਦੀ ਦਰਖਤ ਲਗਵਾਏ ਅਤੇ ਸਰੋਵਰਾਂ ਦੀ ਖੁਦਵਾਈ ਕਰਾਈ। ਇਸ ਤੋਂ ਅੱਗੇ ਗੁਰੂ ਸਾਹਿਬ ਜੀ ਆਗਰਾ, ਬਨਾਰਸ, ਗਯਾ ਤੋਂ ਹੁੰਦੇ ਹੋਏ ਪਟਨੇ ਪਹੁੰਚ ਗਏ। ਪਰਿਵਾਰ ਨੂੰ ਪਟਨੇ ਠਹਿਰਾ ਆਪ ਮੁੰਘੇਰ ਵਿਚੋਂ ਦੀ ਢਾਕੇ ਵੱਲ ਨੂੰ ਚਲੇ ਗਏ ਜੋ ਸਿੱਖੀ ਪ੍ਰਚਾਰ ਦਾ ਇਕ ਪ੍ਰਮੁੱਖ ਕੇਂਦਰ ਸੀ।
ਕਸ਼ਮੀਰੀ ਪੰਡਿਤਾਂ ਦੀ ਪੁਕਾਰ
ਢਾਕੇ ਵਿਖੇ ਹੀ ਗੁਰੂ ਸਾਹਿਬ ਜੀ ਨੂੰ ਪਟਨੇ ਵਿਚ ਪੈਦਾ ਹੋਏ ਆਪਣੇ ਸਪੁੱਤਰ ਬਾਲ ਗੋਬਿੰਦ ਰਾਏ ਦੀ ਖ਼ਬਰ ਮਿਲੀ। ਦੋ ਕੁ ਸਾਲ ਆਪ ਜੀ ਨੇ ਆਸਾਮ ਵਿੱਚ ਗੁਜ਼ਾਰੇ ਅਤੇ ਫਿਰ ਪਟਨੇ ਤੋਂ ਹੁੰਦੇ ਹੋਏ ਪੰਜਾਬ ਵਾਪਸ ਆ ਗਏ। ਇਫਤਾਰ ਖਾਂ ਜੋ ਕਸ਼ਮੀਰ ਦਾ ਗਵਰਨਰ ਸੀ ਉਥੋਂ ਦੇ ਬ੍ਰਾਹਮਣਾਂ ਉੱਪਰ ਅਤਿਆਚਾਰ ਕਰਦਿਆਂ ਉਹਨਾਂ ਨੂੰ ਜ਼ਬਰੀ ਮੁਸਲਮਾਨ ਬਣਾ ਰਿਹਾ ਸੀ। ਕਸ਼ਮੀਰੀ ਬ੍ਰਾਹਮਣਾਂ ਦਾ ਇਕ ਵਫਦ ਪੰਡਿਤ ਕਿਰਪਾ ਰਾਮ ਦੀ ਅਗਵਾਈ ਵਿਚ ਗੁਰੂ ਸਾਹਿਬ ਜੀ ਦੀ ਸ਼ਰਨੀ ਆਇਆ। ਗੁਰੂ ਸਾਹਿਬ ਜੀ ਨੇ ਬ੍ਰਾਹਮਣਾਂ ਦੇ ਦੁੱਖਾਂ ਨੂੰ ਬੜੀ ਹਮਦਰਦੀ ਨਾਲ ਸੁਣਿਆ ਤੇ ਉਹਨਾਂ ਨੂੰ ਉਪਦੇਸ਼ ਕੀਤਾ ਕਿ ਉਹ ਨਿਡਰਤਾ ਤੇ ਨਿਰਭੈਤਾ ਦੇ ਗੁਣਾਂ ਨੂੰ ਧਾਰਨ ਕਰਨ।
ਗਿਰਫ਼ਤਾਰੀ ਅਤੇ ਸ਼ਹੀਦੀ
ਬਾਦਸ਼ਾਹ ਨੂੰ ਜਦੋਂ ਇਸ ਬਾਰੇ ਪਤਾ ਲੱਗਾ ਤਾਂ ਉਸਨੇ ਹਸਨ ਅਬਦਾਲ ਤੋਂ ਹੁਕਮ ਭੇਜਿਆ ਕਿ ਗੁਰੂ ਸਾਹਿਬ ਜੀ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇ। ਨੂੰ ਦਿੱਲੀ ਦੇ ਸੂਬੇਦਾਰ ਅਤੇ ਕਾਜੀ ਨੇ ਗੁਰੂ ਸਾਹਿਬ ਜੀ ਨੂੰ ਕਰਾਮਾਤ ਵਿਖਾਉਣ ਜਾਂ ਮੁਸਲਮਾਨ ਬਣ ਜਾਣ ਲਈ ਧਮਕਾਇਆ। ਗੁਰੂ ਸਾਹਿਬ ਜੀ ਦੇ ਇਨਕਾਰੀ ਹੋਣ ਤੇ ਪਹਿਲੋਂ ਆਪ ਜੀ ਦੇ ਤਿੰਨ ਸਿੱਖਾਂ ਭਾਈ ਮਤੀ ਦਾਸ, ਭਾਈ ਸਤੀ ਦਾਸ ਤੇ ਭਾਈ ਦਿਆਲਾ ਜੀ ਨੂੰ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ ਤੇ ਫਿਰ ਗੁਰੂ ਸਾਹਿਬ ਜੀ ਨੂੰ 1675 ਈ: ਨੂੰ ਦਿੱਲੀ ਦੇ ਚਾਂਦਨੀ ਚੌਂਕ ਵਿਖੇ ਸ਼ਹੀਦ ਕਰ ਦਿੱਤਾ ਗਿਆ।
ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਮਦਮਾ ਸਾਹਿਬ ਵਿਖੇ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਕਲਨ ਦਾ ਕੰਮ ਸੰਪੂਰਨ ਕਰਵਾਇਆ ਤਾਂ ਆਪ ਜੀ ਦੇ 59 ਸ਼ਬਦ 14 ਰਾਗਾਂ ਵਿਚ ਅਤੇ 57 ਸਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਕਰਵਾਏ। ਆਪਨੇ ਧਰਮ ਦੀ ਆਜ਼ਾਦੀ ਦੀ ਖਾਤਰ ਸ਼ਹਾਦਤ ਦਾ ਜਾਮ ਪੀਤਾ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਦਾ ਧੁਰਾ ਧਰਮ ਆਜ਼ਾਦੀ ਸੀ ਜਿਸ ਧਰਮ ਦਾ ਸੰਬੰਧ ਕਿਸੇ ਇੱਕ ਧਰਮ ਨਾਲ ਨਾ ਹੋ ਕੇ ਸਗੋਂ ਸਮੁੱਚੀ ਮਨੁੱਖ ਜਾਤੀ ਦੇ ਧਰਮ ਨਾਲ ਸੀ।
ਇਸ ਸ਼ਹਾਦਤ ਦਾ ਪ੍ਰਯੋਜਨ ਭਾਵੇਂ ਤਿਲਕ ਜੰਙੁ ਦੀ ਰਖਿਆ ਸੀ ਪਰ ਬ੍ਰਹਮੰਡੀ ਮਨੁਖਤਾਵਾਦੀ ਦ੍ਰਿਸ਼ਟੀਕੋਣ ਤੋ ਮਨੁਖਤਾ ਦੀ ਧਾਰਮਿਕ ਆਜ਼ਾਦੀ ਨੂੰ ਕਾਇਮ ਰੱਖਣਾ ਇਸ ਸ਼ਹਾਦਤ ਦਾ ਉਦੇਸ਼ ਸੀ। ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੇ ਇਸ ਧਰਮ ਹੇਤੁ ਸਾਕੇ ਨੇ ਮਧਕਾਲੀ ਸਮਾਜ ਵਿੱਚ ਵਿਸ਼ਵ ਭਾਈਚਾਰੇ ਨੂੰ ਬਲਵਾਨਤਾ ਦਿਤੀ ਜਿਸ ਨਾਲ ਭਵਿੱਖ ਵਿਚ ਖਾਲਸਾ ਮਾਨਵਤਾ ਦੇ ਭਲੇ ਲਈ ਵਿਚਰਦਾ ਹੋਇਆ ਸ਼ਹੀਦੀਆਂ ਪ੍ਰਾਪਤ ਕਰਦਾ ਰਿਹਾ ਹੈ। ਜਿਸ ਜਗ੍ਹਾਂ ਆਪ ਜੀ ਨੂੰ ਸ਼ਹੀਦ ਕੀਤਾ ਗਿਆ ਉਸ ਜਗ੍ਹਾਂ ਗੁਰਦੁਆਰਾ ਸੀਸ ਗੰਜ ਸਾਹਿਬ ਚਾਂਦਨੀ ਚੌਂਕ ਦਿੱਲੀ ਵਿਖੇ ਹੈ ਅਤੇ ਜਿਸ ਜਗ੍ਹਾਂ ਆਪ ਜੀ ਦੇ ਧੜ ਦਾ ਅੰਤਮ ਸੰਸਕਾਰ ਕੀਤਾ ਗਿਆ ਉਸ ਜਗ੍ਹਾਂ ਗੁਰਦੁਆਰਾ ਰਕਾਬ ਗੰਜ ਹੈ ਜੋ ਕਿ ਦਿੱਲੀ ਵਿਖੇ ਸੁਸ਼ੋਭਿਤ ਹੈ।
ਪੜ੍ਹੋ :-
- Sri Guru Nanak Dev Ji History In Punjabi | ਸ੍ਰੀ ਗੁਰੂ ਨਾਨਕ ਦੇਵ ਜੀ ਦਾ ਇਤਿਹਾਸ
- Guru Arjan Dev Ji History In Punjabi | Shaheedi History
( Guru Teg Bahadur Ji Essay In Punjabi ) ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇਤਿਹਾਸ ਵਿੱਚ ਜੇਕਰ ਕੋਈ ਗ਼ਲਤੀ ਹੋਈ ਹੋਵੇ ਤਾਂ ਕਿਰਪਾ ਕਰ ਕੇ ਕੰਮੈਂਟ ਬਾਕਸ ਵਿੱਚ ਜਰੂਰ ਦੱਸਣ ਕਿਰਪਾਲਤਾ ਕਰਨੀ।
ਪੰਜਾਬੀ ਭਾਸ਼ਾ ਚ ਰਚਨਾਵਾਂ ਨੂੰ ਸਪੋਰਟ ਕਰਨ ਲਈ ਲਾਇਕ ਕਰੋ ਸਾਡਾ ਫੇਸਬੁੱਕ ਪੇਜ।
ਧੰਨਵਾਦ।