Baisakhi Poem In Punjabi Language | ਖਾਲਸਾ ਸਾਜਣਾ ਅਤੇ ਆਨੰਦਪੁਰ ਸਾਹਿਬ ਦੀ ਰੌਣਕ ‘ਤੇ ਕਵਿਤਾ
ਵਿਸਾਖੀ ਸਿੱਖ ਧਰਮ ਦਾ ਇੱਕ ਮਹਾਨ ਤੇ ਇਤਿਹਾਸਕ ਦਿਹਾੜਾ ਹੈ, ਜੋ ਸਿਰਫ਼ ਖੇਤੀਬਾੜੀ ਦੀ ਖੁਸ਼ੀ ਨਹੀਂ, ਸਗੋਂ ਖਾਲਸਾ ਪੰਥ ਦੀ ਸਿਰਜਣਾ ਦੀ ਯਾਦ ਨੂੰ ਵੀ ਮਨਾਉਂਦਾ ਹੈ। 1699 ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਸਾਹਿਬ ਵਿੱਚ ਖਾਲਸਾ ਪੰਥ ਦੀ ਸਥਾਪਨਾ ਕਰਕੇ ਸਿੱਖਾਂ ਨੂੰ ਇੱਕ ਨਵੀਂ ਪਹਿਚਾਣ ਦਿੱਤੀ।
ਇਹ ਕਵਿਤਾ ਉਸ ਪਵਿੱਤਰ ਮੌਕੇ ਦੀ ਮਹਿਮਾ, ਖਾਲਸੇ ਦੀ ਸ਼ਾਨ ਅਤੇ ਗੁਰੂ ਸਾਹਿਬ ਦੀ ਕਿਰਪਾ ਨੂੰ ਬਹੁਤ ਸੁੰਦਰ ਢੰਗ ਨਾਲ ਦਰਸਾਉਂਦੀ ਹੈ। ਇਹ ਸਿਰਫ਼ ਸ਼ਬਦ ਨਹੀਂ, ਸਗੋਂ ਇੱਕ ਆਤਮਿਕ ਅਨੁਭਵ ਹੈ ਜੋ ਸਾਨੂੰ ਗੁਰੂ ਨਾਲ ਜੋੜਦਾ ਹੈ।
Baisakhi Poem In Punjabi Language

ਆ ਗਈ ਵਿਸਾਖੀ ਸਭ ਖਿੱਚ ਲਓ ਤਿਆਰੀਆਂ।
ਅਨੰਦਪੁਰ ਜਾਣਾ ਓਥੇ ਰੌਣਕਾਂ ਨੇ ਭਾਰੀਆਂ।
ਪਿਤਾ ਦਸ਼ਮੇਸ਼ ਜੀ ਨੇ ਖਾਲਸਾ ਸਜਾਇਆ ਸੀ।
ਖੰਡੇ ਬਾਟੇ ਵਾਲਾ ਓਥੇ ਅੰਮ੍ਰਿਤ ਛਕਾਇਆ ਸੀ।
ਦਇਆ,ਤੇ ਧਰਮ ਨਾਲ ਹਿੰਮਤ ਵੀ ਭਰੀ ਸੀ।
ਮੋਹ ਨੂੰ ਮਿਟਾ ਕੇ ਤੇ ਸਾਹਿਬ ਬਾਂਹ ਫੜੀ ਸੀ।
ਕੇਸ ਕੰਘਾ ਕੜਾ ਤੇ ਕਛਹਿਰਾ ਕਿਰਪਾਨ ਜੀ।
ਪੰਜ ਇਹ ਕਕਾਰ ਬਣੇ ਖਾਲਸੇ ਦੀ ਸ਼ਾਨ ਜੀ।
ਪੰਜਾਂ ਨੂੰ ਸਜਾ ਕੇ ਤੇ ਪਿਆਰੇ ਉਹਨਾਂ ਆਖਿਆ ।
ਖਾਲਸੇ ਏਹ ਜੱਗ ਤੋਂ ਨਿਆਰੇ ਉਹਨਾਂ ਆਖਿਆ ।
ਸੰਗਤੇ ਇਹ ਮੇਰੇ ਨੇ ਦੁਲਾਰੇ ਉਹਨਾਂ ਆਖਿਆ।
ਕੇਸਗੜ੍ਹ ਸਾਹਿਬ ਵਾਲਾ ਓਥੇ ਅਸਥਾਨ ਹੈ।
ਜਿੱਥੇ ਕੀਤਾ ਗੁਰਾਂ ਨੇ ਇਹ ਕਾਰਜ ਮਹਾਨ ਹੈ।
ਮੁਰਦਿਆਂ ਦੇ ਵਿੱਚ ਉੱਥੇ ਨਵੀਂ ਜਾਨ ਪਾਈ ਸੀ।
ਖੰਡੇ ਬਾਟੇ ਵਾਲੀ ਗੁਰਾਂ ਪਾਹੁਲ ਛਕਾਈ ਸੀ।
ਦਸਵੇਂ ਗੁਰਾਂ ਨੇ ਨਵੀਂ ਰੀਤ ਚਲਾਈ ਸੀ ।
ਵੱਖਰੀ ਪਹਿਚਾਣ ਉੱਥੇ ਸਿੱਖ ਦੀ ਬਣਾਈ ਸੀ।
ਜਾ ਕੇ ਉਸ ਧਰਤੀ ਨੂੰ ਸੀਸ ਝੁਕਾਅ ਲਈਏ।
ਬਹਿ ਕੇ ਗੁਰ ਚਰਨਾਂ ਚ ਜਸ ਉਹਦਾ ਗਾ ਲਈਏ ।
ਧੂੜੀ ਉਸ ਦਰ ਦੀ ਨੂੰ ਮੱਥੇ ਨਾਲ ਲਾ ਲਈਏ ।
ਮਾਨਸ ਜਨਮ ਇਹ ਸਫਲ ਬਣਾ ਲਈਏ।
ਵੱਡੇ ਭਾਗਾਂ ਵਾਲੇ ਸਤਸੰਗ ਵਿੱਚ ਜਾਂਦੇ ਨੇ ।
ਕਹੇ ਗੁਰਬਾਣੀ ਭਾਗਹੀਨ ਚੋਟਾਂ ਖਾਂਦੇ ਨੇ।
ਸੁਲੱਖਣੀ ਘੜੀ ਉਹ ਜਦੋਂ ਗੁਰੂ ਦਰ ਜਾਈਦਾ ।
ਦੋਵੇਂ ਹੱਥ ਜੋੜ ਉਹਦਾ ਸ਼ੁਕਰ ਮਨਾਈਦਾ।
ਚੱਲੀਏ ਅਨੰਦਪੁਰ ਕਾਹ ਤੋਂ ਲਾਈਆਂ ਡੇਰੀਆਂ ।
ਕੰਮ ਕਾਰ ਲਈ ਨੇ ਹੋਰ ਘੜੀਆਂ ਬਥੇਰੀਆਂ ।
ਸਾਲ ਪਿੱਛੇ ਆਉਂਦਾ ਹੈ ਵਿਸਾਖੀ ਦਾ ਦਿਹਾੜਾ ਜੀ ।
ਹੁੰਦਾ ਹੈ ਆਨੰਦਪੁਰ ਵਿੱਚ ਕੱਠ ਭਾਰਾ ਜੀ ।
ਵੇਖਿਆਂ ਹੀ ਬਣਦਾ ਹੈ ਅਜਬ ਨਜਾਰਾ ਜੀ।
ਪਰਗਟ ਸਿੰਘਾ ਚੰਗੇ ਭਾਗ ਜੇ ਜਗਾਉਣੇ ਨੇਂ ।
ਜਨਮਾਂ ਜਮਾਂਤਰਾਂ ਦੇ ਪਾਪ ਜੇ ਮਿਟਾਉਣੇ ਨੇਂ।
ਸੋਧ ਅਰਦਾਸੇ ਨੂੰ ਜਾ ਸੰਗਤਾਂ ਨਾਲ ਰਲੀਏ ।
ਚਲੋ ਗੁਰੂ ਪਿਆਰਿਓ ਅਨੰਦਪੁਰ ਚੱਲੀਏ।
ਪੜ੍ਹੋ :- Anandpur Sahib Poem Punjabi | ਖਾਲਸਾ ਸਾਜਣਾ ਦਿਵਸ ਤੇ ਕਵਿਤਾ
ਇਹ ਕਵਿਤਾ ਸਾਨੂੰ ਯਾਦ ਦਿਵਾਉਂਦੀ ਹੈ ਕਿ ਖਾਲਸਾ ਪੰਥ ਸਿਰਫ਼ ਇੱਕ ਪਹਿਚਾਣ ਨਹੀਂ, ਸਗੋਂ ਜੀਵਨ ਜੀਣ ਦਾ ਇੱਕ ਉੱਚਾ ਮਾਰਗ ਹੈ। ਗੁਰੂ ਗੋਬਿੰਦ ਸਿੰਘ ਜੀ ਵੱਲੋਂ ਦਿੱਤੀ ਇਹ ਸਿੱਖਿਆ ਅੱਜ ਵੀ ਸਾਨੂੰ ਸੱਚ, ਹਿੰਮਤ ਅਤੇ ਧਰਮ ਦੇ ਰਾਹ ‘ਤੇ ਚੱਲਣ ਲਈ ਪ੍ਰੇਰਿਤ ਕਰਦੀ ਹੈ।
ਆਨੰਦਪੁਰ ਸਾਹਿਬ ਦੀ ਧਰਤੀ ਸਾਨੂੰ ਹਰ ਸਾਲ ਬੁਲਾਉਂਦੀ ਹੈ ਕਿ ਅਸੀਂ ਗੁਰੂ ਦੇ ਦਰ ਤੇ ਜਾ ਕੇ ਆਪਣਾ ਜੀਵਨ ਸਫਲ ਬਣਾਈਏ।
👉 ਜੇ ਤੁਹਾਨੂੰ ਇਹ ਕਵਿਤਾ ਪਸੰਦ ਆਈ ਹੋਵੇ, ਤਾਂ ਇਸਨੂੰ ਸ਼ੇਅਰ ਕਰੋ ਅਤੇ ਆਪਣੇ ਦੋਸਤਾਂ ਨਾਲ ਵਿਸਾਖੀ ਦੀਆਂ ਵਧਾਈਆਂ ਸਾਂਝੀਆਂ ਕਰੋ।
ਜੇਕਰ ਤੁਸੀਂ ਵੀ ਰੱਖਦੇ ਹੋ ਲਿਖਣ ਦਾ ਹੁਨਰ ਅਤੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਰਚਨਾ ਬਲਾੱਗ ਰਾਹੀਂ ਸਾਰੇ ਪਾਠਕਾਂ ਤਕ ਪਹੁੰਚੇ। ਤਾਂ ਆਪਣੀ ਕਵਿਤਾ, ਕਹਾਣੀ ਜਾਂ ਲੇਖ ਭੇਜੋ ਇਸ ਈ-ਮੇਲ blogapratim@gmail.com ਤੇ।
ਪੰਜਾਬੀ ਭਾਸ਼ਾ ਚ ਰਚਨਾਵਾਂ ਨੂੰ ਸਪੋਰਟ ਕਾਰਨ ਲਈ ਲਾਇਕ ਕਰੋ ਸਾਡਾ ਫੇਸਬੁੱਕ ਪੇਜ।
ਧੰਨਵਾਦ।
