Poem On Khalsa Sajna Diwas In Punjabi | ਖਾਲਸਾ ਸਾਜਣਾ ਦਿਵਸ ਤੇ ਕਵਿਤਾ
Poem On Khalsa Sajna Diwas In Punjabi – ਪਰਗਟ ਸਿੰਘ ਦੀ ਲਿਖੀ ਖਾਲਸਾ ਸਾਜਣਾ ਦਿਵਸ ਤੇ ਕਵਿਤਾ :-
Poem On Khalsa Sajna Diwas
ਖਾਲਸਾ ਸਾਜਣਾ ਦਿਵਸ ਤੇ ਕਵਿਤਾ

ਮੇਰੇ ਦਸਵੇਂ ਪਿਤਾ ਨੇ ਸੰਗਤਾਂ ਨੂੰ ਲਿਖ ਲਿਖ ਕੇ ਚਿੱਠੀਆਂ ਪਾਈਆਂ।
ਜਦ ਸੱਦਾ ਮਿਲਿਆ ਸੰਗਤਾਂ ਨੂੰ ਨਾ ਦੇਰੀਆਂ ਸੰਗਤਾਂ ਲਾਈਆਂ।
ਸ੍ਰੀ ਅਨੰਦਪੁਰ ਸਾਹਿਬ ਚ ਸੰਗਤਾਂ ਹੁੰਮ-ਹੁਮਾ ਕੇ ਆਈਆਂ।
ਅੱਜ ਪੁਰੀ ਅਨੰਦਾਂ ਵਾਲੀ ਅੰਦਰ ਸੰਗਤਾਂ ਰੌਣਕਾਂ ਲਾਈਆਂ।
ਕੋਈ ਲੰਗਰ ਪਿਆ ਪਕਾਵੇ ਜੀ, ਤੇ ਕੋਈ ਲੰਗਰ ਛਕਾਵੇ ਜੀ।
ਕੋਈ ਜੂਠੇ ਭਾਂਡੇ ਮਾਂਜ ਰਿਹਾ,ਕੋਈ ਬਹਿ ਕੇ ਲੰਗਰ ਖਾਵੇ ਜੀ।
ਕੋਈ ਸੇਵਾ ਕਰਦਾ ਝਾੜੂ ਦੀ,ਕੋਈ ਪਾਣੀ ਢੋਈ ਜਾਵੇ ਜੀ।
ਕੋਈ ਲੰਗਰ ਦੇ ਵਿੱਚ ਬਾਲਣ ਦੇ ਲਈ ਲੱਕੜਾਂ ਲੈ ਕੇ ਆਵੇ ਜੀ।
ਕੋਈ ਗੁਰਬਾਣੀ ਸਿੱਖਦਾ ਹੈ,ਤੇ ਕੋਈ ਪਿਆ ਸਖਾਵੇ ਜੀ।
ਕੋਈ ਸਿੱਖ ਗੁਰੂ ਦਾ ਉੱਚੀ ਧੁਣ ਵਿੱਚ ਗੁਰਬਾਣੀ ਨੂੰ ਗਾਵੇ ਜੀ।
ਜਿਨੂੰ ਜਿੱਥੇ ਸੇਵਾ ਮਿਲਦੀ ਚਾ ਨਾਲ ਸੇਵਾ ਨਿਭਾਵੇ ਜੀ।
ਹਰ ਕੋਈ ਬਾਜਾਂ ਵਾਲੇ ਦੀਆਂ ਖੁਸ਼ੀਆਂ ਲੈਣਾ ਚਾਹਵੇ ਜੀ।
ਕੀ ਕੌਤਕ ਕਰਨਾ ਸਤਿਗੁਰ ਨੇ ਇਹ ਵੇਖਣ ਲਈ ਉਤਸ਼ਾਹ ਬੜਾ।
ਗੁਰਾਂ ਸੱਦਾ ਭੇਜ ਬੁਲਾਇਆ ਹੈ ਇਸ ਗੱਲ ਦਾ ਸਭ ਨੂੰ ਚਾ ਬੜਾ।
ਹੁਣ ਇੰਤਜਾਰ ਸੀ ਸੰਗਤਾਂ ਨੂੰ ਵਿਸਾਖੀ ਵਾਲੇ ਦਿਹਾੜੇ ਦਾ।
ਇੱਕ ਨਵਾਂ ਰੂਪ ਹੀ ਵੇਖਨਾ ਹੈ ਸੰਗਤਾਂ ਨੇ ਸਤਿਗੁਰ ਪਿਆਰੇ ਦਾ।
ਫਿਰ ਆ ਗਿਆ ਦਿਨ ਵਿਸਾਖੀ ਦਾ,ਤੇ ਲੱਗਿਆ ਸੀ ਪੰਡਾਲ ਵੱਡਾ।
ਸਭ ਭਲੀ-ਭਾਂਤ ਹੀ ਜਾਣਦੇ ਸੀ ਕੋਈ ਕੌਤਕ ਹੋਊ ਵਿਸ਼ਾਲ ਵੱਡਾ।
ਫਿਰ ਵੱਡੀ ਜੇਹੀ ਸਟੇਜ ਉੱਤੇ, ਆਇਆ ਦਸਵਾਂ ਪੀਰ ਸੀ।
ਸੀ ਮੁੱਖੜੇ ਉੱਤੇ ਤੇਜ਼ ਬੜਾ,ਤੇ ਹੱਥ ਫੜੀ ਸ਼ਮਸ਼ੀਰ ਸੀ।
ਇਹ ਅਜਬ ਨਜ਼ਾਰਾ ਵੇਖ ਕੇ ਚੁੱਪ ਚਾਪ ਚੌਫੇਰਾ ਹੋ ਗਿਆ ਸੀ।
ਮੇਰਾ ਕਲਗੀਆਂ ਵਾਲਾ ਪ੍ਰੀਤਮ, ਆ ਕੇ ਸਾਹਣੇ ਜਦੋਂ ਖਲੋ ਗਿਆ ਸੀ।
ਉਹ ਹੱਥ ਵਿਚ ਫੜੀ ਸ਼ਮਸ਼ੀਰ, ਬਿਜਲੀ ਵਾਂਗ ਚਮਕਦੀ ਸੀ।
ਮੇਰੇ ਸਤਿਗੁਰੂ ਜੀ ਦੀ ਅੱਜ ਤਾਂ ਵੱਖਰੀ ਸੋਭ ਡਮਕਦੀ ਸੀ।
ਗੁਰਾਂ ਗਰਜਵੀਂ ਜਿਹੀ ਅਵਾਜ਼ ਵਿਚ,ਸੰਗਤਾਂ ਨੂੰ ਗੱਲ ਆਖੀ।
ਸਿਰ ਮੰਗਦੀ ਹੈਂ ਸ਼ਮਸ਼ੀਰ ਮੇਰੀ ਇਹ ਹੈ ਲਹੂ ਪਿਆਸੀ।
ਕੋਈ ਉੱਠੋ,ਇਸ ਸ਼ਮਸ਼ੀਰ ਦੀ, ਭੇਟਾ ਚੜਨਾ ਚਾਹਵੇ ਜੋ।
ਗੁਰੂ ਘਰ ਦੇ ਲਈ ਸਿਰ ਆਪਣਾ, ਅਰਪਨ ਕਰਨਾ ਚਾਹਵੇ ਜੋ।
ਹੋ ਹੱਕੇ-ਭੱਕੇ ਵੇਖਣ ਸਾਰੇ ਖੱਬੇ ਸੱਜੇ ਜੀ।
ਕਈ ਲੰਗਰਾਂ ਦੇ ਸ਼ੌਕੀਨ ਛੱਡ ਭੰਡਾਰ ਨੂੰ ਭੱਜੇ ਜੀ।
ਜਦ ਦੂਜੀ ਵਾਰੀ ਸਿਰ ਮੰਗਿਆ ਸੀ ਜਗਤ ਦੇ ਵਾਲੀ ਜੀ।
ਉਦੋਂ ਅੱਧੇ ਨਾਲੋਂ ਵੱਧ ਪੰਡਾਲ ਸੀ ਹੋ ਗਿਆ ਖਾਲੀ ਜੀ।
ਹੁਣ ਟਾਂਵੇ ਟਾਂਵੇ ਲੋਕ ਸੀ ਰਹੇ ਪੰਡਾਲ ਦੇ ਅੰਦਰ ਜੀ।
ਸਭ ਡਰਦੇ ਜਾਂ ਖਿਸਕਦੇ ਵੇਖਕੇ ਮੌਤ ਦਾ ਮੰਜ਼ਰ ਜੀ।
ਫਿਰ ਦਇਆ ਰਾਮ ਸੀ ਉਠਿਆ ਗੁਰਾਂ ਦੇ ਸਨਮੁਖ ਆਇਆ ਜੀ।
ਓਹਨੇ ਸੀਸ ਕੱਟਣ ਲਈ ਸਤਿਗੁਰ ਜੀ ਦਾ ਤਰਲਾ ਪਾਇਆ ਜੀ।
ਗੁਰਾਂ ਸਭ ਦੇ ਸਨਮੁੱਖ ਦਇਆ ਰਾਮ ਦਾ ਸਿਰ ਸੀ ਲਾਹਿਆ ਜੀ।
ਇਕ ਹੋਰ ਸੀਸ ਦੀ ਲੋੜ ਹੈ ਸੰਗਤਾਂ ਨੂੰ ਫੁਰਮਾਇਆ ਜੀ।
ਸਿਰ ਦੂਜਾ ਸੀ ਗਾ ਧਰਮ ਚੰਦ ਦਾ ਤੀਜਾ ਹਿੰਮਤ ਰਾਏ ਦਾ।
ਚੌਥਾ ਮੋਹਕਮ ਚੰਦ ਸੀ ਉੱਠਿਆ ਪੰਜਵਾਂ ਸਾਹਿਬ ਸਦਾਏਂ ਦਾ।
ਹੁਣ ਪੰਜਾਬ ਪਿੱਛੋਂ ਛੇਂਵੇਂ ਸਿਰ ਦੀ ਮੰਗ ਨਾ ਆਈ ਸੀ।
ਗੁਰਾਂ ਸੀਸ ਧੜਾਂ ਨਾਲ ਜੁੜ ਕੇ ਉੱਤੇ ਚਾਦਰ ਪਾਈ ਸੀ।
ਰੱਖ ਸਰਬ ਲੋਹੇ ਦਾ ਬਾਟਾ ਗੁਰਾਂ ਵਿੱਚ ਪਾਣੀ ਪਾਇਆ ਸੀ।
ਲਾ ਬੀਰ ਆਸਣ ,ਖੰਡੇ ਬਾਟੇ ਵਿੱਚ ਫਿਰਾਇਆ ਸੀ।
ਜਪੁ ਜਾਪ ਸਵੈਯੇ ਚੌਪਈ ਅਨੰਦ ਬਾਣੀ ਨੂੰ ਗਾਇਆ ਸੀ।
ਮਾਨ ਸਾਹਿਬ ਦੇਵਾਂ ਨੇ ਪੂਰ ਪਤਾਸਿਆਂ ਦਾ ਵਿੱਚ ਰਲਾਇਆ ਸੀ।
ਹੁਣ ਪਾਣੀ ਰਿਹਾ ਨਾ ਪਾਣੀ ਇਹ ਅੰਮ੍ਰਿਤ ਦਾ ਬਾਟਾ ਸੀ।
ਗੁਰਾਂ ਛਿੜਕ ਕੇ ਅੰਮ੍ਰਿਤ ਜਿਸਮਾਂ ਤੇ ਪੰਜਾਂ ਨੂੰ ਉਠਾਯਾ ਸੀ।
ਲਜਾਅ ਤੰਬੂ ਦੇ ਵਿਚ ਦੇ ਦਿੱਤਾ ਪਹਿਰਾਵਾ ਖਾਸਾ ਸੀ।
ਗੁਰਾਂ ਪੰਜ ਕਕਾਰ ਪਹਿਨਾ ਕੇ ਅਪਣਾ ਰੂਪ ਬਣਾ ਤਾ ਸੀ।
ਗੁਰਾਂ ਸਭ ਦੇ ਸਨਮੁਖ ਪੰਜਾਂ ਨੂੰ ਅੰਮ੍ਰਿਤ ਛਕਾਇਆ ਸੀ।
ਪੰਜ ਚੂਲੇ ਛਕਾ ਕੇ ਪੰਜ ਵਾਰੀ ਕੇਸਾਂ ਵਿੱਚ ਪਾਇਆ ਸੀ।
ਪੰਜ ਵਾਰ ਅੱਖਾਂ ਵਿਚ ਪਾ ਅੰਮ੍ਰਿਤ ਗੁਰ ਨਾਮ ਜਪਾਇਆ ਸੱਚੇ।
ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।
ਪੰਜਾਂ ਦੇ ਨਾਮ ਦੇ ਪਿੱਛੇ ਗੁਰਾਂ ਨੇ ਸਿੰਘ ਲਗਾਇਆ।
ਦਇਆ ਸਿੰਘ ਧਰਮ ਸਿੰਘ ਹਿੰਮਤ ਸਿੰਘ ਸਦਾਇਆ।
ਮੋਹਕਮ ਸਿੰਘ ਸਾਹਿਬ ਸਿੰਘ ਖਾਲਸਾ ਖਾਸ ਕਹਾਇਆ।
ਇਹ ਮੇਰੇ ਪੰਜ ਪਿਆਰੇ ਨੇ ਗੁਰਾਂ ਆਖ ਸੁਣਾਇਆ।
ਫਿਰ ਕਿਹਾ ਗੁਰਾਂ ਨੇ ਪੰਜਾਂ ਨੂੰ ਮੈਨੂੰ ਅੰਮ੍ਰਿਤ ਤੁਸੀ ਛਕਾਓ।
ਹੁਣ ਗੋਬਿੰਦ ਰਾਏ ਤੋਂ ਮੈਨੂੰ ਵੀ ਗੋਬਿੰਦ ਸਿੰਘ ਬਣਾਓ।
ਕਿਹਾ ਦਯਾ ਸਿੰਘ ਨੇ ਸਤਿਗੁਰੁ ਜੀ ਅੰਮ੍ਰਿਤ ਦਾ ਮੁੱਲ ਚੁਕਾਓ।
ਗੁਰਾਂ ਕਿਹਾ ਮੁੱਲ ਨਹੀਂ ਦੇ ਸਕਦਾ, ਭੇਟਾ ਜੋ ਤੁਸੀਂ ਚਾਹੋ।
ਫਿਰ ਅੰਮ੍ਰਿਤ ਕੀਤਾ ਪਾਣ ਗੁਰੂ ਨੇ ਬਣ ਚੇਲੇ ਦਾ ਚੇਲਾ।
ਸਭ ਵੇਖ ਕੇ ਹੋਏ ਹੈਰਾਨ,ਗੁਰਾਂ ਨੇ ਖੇਲ ਇਹ ਕੈਸਾ ਖੇਲਾ।
ਵਹਿ ਪ੍ਰਗਟਿਓ ਮਰਦ ਅਗੰਮੜਾ ਵਰਿਆਮ ਅਕੇਲਾ।
ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ।
ਗੁਰਾਂ ਆਖਿਆ ਜਿਹੜਾ ਅੱਜ ਤੋਂ ਸਾਡਾ ਸਿੱਖ ਕਹਾਵੇ।
ਖੰਡੇ ਦੀ ਪਾਹੁਲ ਲੈਣ ਲਈ ਪੰਜਾਂ ਕੋਲ ਆਵੇ।
ਮਰਿਆਦਾ ਪੰਜ ਕਕਾਰਾਂ ਦੀ ਜੀਅ ਨਾਲ ਨਿਭਾਵੇ।
ਰੱਖ ਸੱਚਾ ਸੁੱਚਾ ਕਿਰਦਾਰ ਖਾਲਸਾ ਖਾਸ ਕਹਾਵੇ।
ਫਿਰ ਸਭ ਨੇ ਅੰਮ੍ਰਿਤ ਛਕਿਆ, ਸੀ ਵਾਰੀ-ਵਾਰੀ।
ਖੰਡੇ ਦੀ ਪਾਹੁਲ ਲੈਣ ਲਈ ਜੁੜੀ ਸੰਗਤ ਭਾਰੀ।
ਪਰਗਟ ਸਿਆਂ ਖੁਸ਼ੀਆਂ ਵੰਡ ਦਾ ਗੁਰ ਪਰ ਉਪਕਾਰੀ।
ਇਸ ਖਾਲਸਾ ਸਾਜਨਾ ਦਿਵਸ ਤੋਂ, ਮੈਂ ਘੁੰਮਾਂ ਵਾਰੀ।
ਪੜ੍ਹੋ :- ਅਰਦਾਸ | ਪਰਮਾਤਮਾ ਨੂੰ ਸਮਰਪਿਤ ਪੰਜਾਬੀ ਗੀਤ
ਕੰਮੈਂਟ ਬਾਕਸ ਵਿੱਚ ” ਖਾਲਸਾ ਸਾਜਣਾ ਦਿਵਸ ਤੇ ਕਵਿਤਾ ” ( Poem On Khalsa Sajna Diwas In Punjabi ) ਬਾਰੇ ਆਪਣੀ ਰਾਇ ਜਰੂਰ ਲਿਖੋ। ਜਿਸ ਨਾਲ ਲੇਖਕ ਦੀ ਹਿੰਮਤ ਅਤੇ ਸਤਿਕਾਰ ਵਧਾਇਆ ਜਾ ਸਕੇ।
ਜੇਕਰ ਤੁਸੀਂ ਵੀ ਰੱਖਦੇ ਹੋ ਲਿਖਣ ਦਾ ਹੁਨਰ ਅਤੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਰਚਨਾ ਬਲਾੱਗ ਰਾਹੀਂ ਸਾਰੇ ਪਾਠਕਾਂ ਤਕ ਪਹੁੰਚੇ। ਤਾਂ ਆਪਣੀ ਕਵਿਤਾ, ਕਹਾਣੀ ਜਾਂ ਲੇਖ ਭੇਜੋ ਇਸ ਈ-ਮੇਲ [email protected] ਤੇ ਜਾਂ ਸਾਡੇ ਵਹਟਸਐੱਪ ਨੰਬਰ 9115672434 ਤੇ।
ਪੰਜਾਬੀ ਭਾਸ਼ਾ ਚ ਰਚਨਾਵਾਂ ਨੂੰ ਸਪੋਰਟ ਕਾਰਨ ਲਈ ਲਾਇਕ ਕਰੋ ਸਾਡਾ ਫੇਸਬੁੱਕ ਪੇਜ।
ਧੰਨਵਾਦ।