Poem On Baba Deep Singh Ji In Punjabi | ਬਾਬਾ ਦੀਪ ਸਿੰਘ ਜੀ ਦੀ ਸ਼ਹੀਦੀ ਤੇ ਕਵਿਤਾ
Poem On Baba Deep Singh Ji In Punjabi – ਤੁਸੀਂ ਪੜ੍ਹ ਰਹੇ ਹੋ ਬਾਬਾ ਦੀਪ ਸਿੰਘ ਜੀ ਦੀ ਸ਼ਹੀਦੀ ਤੇ ਕਵਿਤਾ :-
Poem On Baba Deep Singh Ji In Punjabi
ਬਾਬਾ ਦੀਪ ਸਿੰਘ ਜੀ ਦੀ ਸ਼ਹੀਦੀ ਤੇ ਕਵਿਤਾ
ਜਦ ਅੰਮ੍ਰਿਤਸਰ ਵਿਚ ਬਹਿ ਗਿਆ ਅਬਦਾਲੀ ਆ ਕੇ
ਅੰਮ੍ਰਿਤ ਦਾ ਸਰੋਵਰ ਪੂਰਿਆ ਉਸ ਨੇ ਲਿੱਦ ਪਾ ਕੇ
ਜੋ ਸਿੱਖ ਸੀ ਜਾਂਦਾ ਦੀਦ ਨੂੰ,ਸੁੱਟ ਦੇਣ ਮੁਕਾ ਕੇ।
ਸਿੱਖੀ ਦੀ ਹੋਂਦ ਮਿਟਾਉਣ ਲਈ, ਤੁਰਿਆ ਸੌਂਹ ਖਾ ਕੇ।
ਜਦੋਂ ਇੱਕ ਗੁਰੂ ਦੇ ਲਾਲ ਨੇ ਇਹ ਦ੍ਰਿਸ਼ ਸੀ ਤੱਕਿਆ।
ਉਹ ਰੋਇਆ ਧਾਹਾਂ ਮਾਰ ਕੇ ਦੁੱਖ ਜਰ ਨਾ ਸਕਿਆ।
ਪਹੁੰਚਾ ਤਲਵੰਡੀ ਸਾਬੋ ਕੀ ਉਹ ਨੱਸਿਆ ਨੱਸਿਆ।
ਉਸ ਬਾਬਾ ਦੀਪ ਸਿੰਘ ਨੂੰ ਜਾ ਹਾਲ ਸੀ ਦੱਸਿਆ।
ਜਦ ਸੁਣਿਆ ਬੁੱਢੇ ਸ਼ੇਰ ਨੇ, ਅਬਦਾਲੀ ਦਾ ਕਾਰਾ
ਉਹਦੇ ਲਹੂ ਅੱਖਾਂ ਵਿੱਚ ਆ ਗਿਆ ਦੇਹੀ ਦਾ ਸਾਰਾ।
ਉਸ ਪਿਛਲੀ ਉਮਰੇ ਚੁੱਕ ਲਿਆ ਖੰਡਾ ਦੋ ਧਾਰਾ।
ਉਹ ਅੰਮ੍ਰਿਤਸਰ ਨੂੰ ਤੁਰ ਪਿਆ, ਦਸਮੇਸ਼ ਦੁਲਾਰਾ।
ਛੱਡ ਮਾਲਾ ਬਾਬੇ ਦੀਪ ਸਿੰਘ ਖੰਡਾ ਹੱਥ ਫੜਿਆ।
ਗੁਰੂ ਰਾਮਦਾਸ ਦੇ ਚਰਨਾਂ ਵਿੱਚ ਅਰਦਾਸਾ ਕਰਿਆ।
ਉਹ ਪੁੱਤ ਗੁਰੂ ਦਸ਼ਮੇਸ਼ ਦਾ, ਜੋ ਕਦੇ ਨਾ ਡਰਿਆ।
ਅੱਜ ਬੁੱਢਾ ਨਾਲ ਜਵਾਨੀ ਦੇ ਲੜਨੇਂ ਨੂੰ ਚੜ੍ਹਿਆ।
ਉਹਦਾ ਚਿੱਟਾ ਦਾੜ੍ਹਾ ਦੁੱਧ ਜਿਓਂ ਚਿਹਰੇ ਤੇ ਲਾਲੀ।
ਕਈ ਸੂਰਜਾਂ ਨਾਲੋਂ ਵੱਧ ਸੀ, ਉਹਦੀ ਚਮਕ ਨਿਰਾਲੀ।
ਅੱਠ ਸਿੰਘਾਂ ਨੂੰ ਲੈ ਤੁਰ ਪਿਆ ਉਹ ਕਾਹਲ਼ੀ-ਕਾਹਲ਼ੀ।
ਸਿੰਘ ਵਖਤ ਜਮਾਂ ਨੂੰ ਪਾ ਦੇਣ, ਕੀ ਹੈ ਅਬਦਾਲੀ।
ਉਹ ਤਰਨ ਤਾਰਨ ਵਿੱਚ ਪਹੁੰਚ ਗਏ ਮੰਜਲਾ ਨੂੰ ਮੁਕਾ ਕੇ।
ਕੋਈ ਗਿਣਤੀ ਪੰਜ ਹਜ਼ਾਰ ਦੀ ਸੀ ਏਥੇ ਆ ਕੇ।
ਫਿਰ ਖਿੱਚੀ ਲਕੀਰ ਜਰਨੈਲ ਨੇ, ਤੇ ਕਿਹਾ ਸੁਣਾ ਕੇ।
ਉਹ ਹੀ ਇਸ ਲੀਕ ਨੂੰ ਟੱਪਿਓ ਜਿਨ੍ਹਾਂ ਮਰਨਾ ਜਾ ਕੇ।
ਸਭ ਛਾਲਾਂ ਮਾਰ ਕੇ ਟੱਪ ਗਏ ਕੋਈ ਰਿਹਾ ਨਾ ਪਿੱਛੇ।
ਜੋ ਕਰਨ ਮਖੌਲਾਂ ਮੌਤ ਨੂੰ, ਉਹ ਡਰਦੇ ਕਿੱਥੇ।
ਤੁਰੇ ਲਾੜੀ ਮੌਤ ਵਿਆਹੁਣ ਲਈ ਕੲੀ ਲਾੜੇ ਦਿੱਸੇ।
ਇਹ ਚਣੇ ਲੋਹੇ ਦੇ, ਤੁਰਕਾਂ ਤੋਂ, ਜਾਂਣੇ ਨਾਂ ਚਿੱਥੇ।
ਫਿਰ ਚੱਬੇ ਦੇ ਮੈਦਾਨ ਵਿੱਚ ਮੱਚਿਆ ਘਮਸਾਣ।
ਕਿਤੇ ਨੇਜੇ ਤੇਗਾਂ ਚੱਲਦੇ ਕਿਤੇ ਚੱਲਦੇ ਬਾਣ।
ਕਈ ਸੌ ਗਏ ਨੀਂਦ ਸਦਾ ਦੀ ਛੱਡ ਗਏ ਜਹਾਣ।
ਲਹੂ ਡੁੱਲਿਆ ਧਰਤੀ ਹੋ ਗਈ ਸੀ ਲ਼ਹੂ ਲੁਹਾਣ।
ਲਾਹ ਲਾਹ ਕੇ ਆਹੂ ਸੁੱਟਦਾ,ਬਾਬੇ ਦਾ ਖੰਡਾ।
ਅੱਜ ਤੁਰਕਾਂ ਉਤੇ ਬੁੱਕਦਾ,ਬਾਬੇ ਦਾ ਖੰਡਾ।
ਜਰਨੈਲਾਂ ਤੋਂ ਰੁੱਕ ਦਾ ਬਾਬੇ ਦਾ ਖੰਡਾ।
ਅਬਦਾਲੀ ਦੀਆਂ ਜੜ੍ਹਾਂ ਪੁੱਟਦਾ, ਬਾਬੇ ਦਾ ਖੰਡਾ।
ਜਬਰਦਸਤ ਖਾਂ ਰੁਸਤਮ ਖਾਂ ਤੁਰ ਗਏ ਜਹਾਨੋਂ।
ਅੱਜ ਤੁਰਕਾਂ ਉੱਤੇ ਡਿੱਗਦੀ ਬਿਜਲੀ ਅਸਮਾਨੋਂ।
ਬਾਬੇ ਨੂੰ ਕਿਹਾ ਜਮਾਲ ਖਾਂ, ਕਿਓਂ ਗੱਲ ਵਧਾਨੋਂ।
ਆ ਅੱਗੇ ਮੇਰੀ ਤੇਗ ਦੇ ਤੇਨੂੰ ਮਾਰਾਂ ਜਾਨੋਂ।
ਫਿਰ ਆਹਮੋ ਸਾਹਮਣੇ ਆਣ ਕੇ ਜਰਨੈਲ ਲੜੇ ਸੀ।
ਉਸ ਘੰਟਿਆਂ ਬੱਧੀ ਜੰਗ ਨੇ ਇਤਿਹਾਸ ਘੜੇ ਸੀ।
ਫਿਰ ਲੜ ਦਿਆਂ ਲੜਦਿਆਂ ਦੋਨਾਂ,ਸਾਂਝੇ ਵਾਰ ਕਰੇ ਸੀ।
ਦੋਹਾਂ ਦੇ ਸਾਂਝੇ ਵਾਰ ਨੇ,ਸਿਰ ਵੱਢ ਧਰੇ ਸੀ।
ਫਿਰ ਸਿੰਘ ਇੱਕ ਨੇ ਆਖਿਆ, ਅਰਦਾਸਾ ਕਰਿਆ।
ਸਿਰ ਭੇਟ ਝੜ੍ਹਾਉਣਾ ਗੁਰੂ ਦੀ, ਰਾਹ ਵਿੱਚ ਕਿਉਂ ਖੜਿਆ।
ਪੁੱਟਣੇ ਝੰਡੇ ਅਬਦਾਲੀ ਦੇ, ਕਿਓਂ ਪਹਿਲਾਂ ਮਰਿਆ।
ਹੁਣ ਉਠਿਆ ਬਾਬਾ ਦੀਪ ਸਿੰਘ, ਸਿਰ ਤਲ਼ੀ ਤੇ ਧਰਿਆ।
ਉਸ ਤੇਜ਼ ਹਵਾ ਨੂੰ ਚੀਰਵਾਂ ਖੰਡਾ ਖੜਕਾਇਆ।
ਜੋ ਖੰਡੇ ਅੱਗੇ ਆ ਗਿਆ ਉਹਨੂੰ ਪਾਰ ਬੁਲਾਇਆ।
ਸਭ ਵਾਹਣੋ ਵਾਹਣੀਂ ਭੱਜਦੇ ਜਦ ਬਾਬਾ ਧਾਇਆ।
ਕਹਿੰਦੇ ਵੱਸ ਪਏ ਹਾਂ ਸਿੰਘਾਂ ਦੇ ਰੱਖਣ ਲਈਂ ਖ਼ੁਦਾਇਆ।
ਸਿੰਘ ਸ਼ੇਰ ਗੁਰੂ ਦੇ ਗੱਜਦੇ,ਤੇ ਵੈਰੀ ਭੱਜੇ।
ਸਿੰਘਾਂ ਅੰਮ੍ਰਿਤਸਰ ਵਿਚ ਪਹੁੰਚ ਕੇ, ਜੈਕਾਰੇ ਛੱਡੇ।
ਸਿਰ ਭੇਟਾ ਕੀਤਾ ਸਿੱਖ ਨੇਂ ਸਤਿਗੁਰ ਦੇ ਅੱਗੇ।
ਜੋਧਿਆਂ ਦੇ ਬੰਡਾਲੇ ਵਾਲਿ਼ਆ, ਇਤਿਹਾਸ ਨੇਂ ਵੱਡੇ।
ਪੜ੍ਹੋ :- ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਚਰਨਾਂ ਵਿਚ ਡੰਡਾਉਤ
ਕੰਮੈਂਟ ਬਾਕਸ ਵਿੱਚ ” ਬਾਬਾ ਦੀਪ ਸਿੰਘ ਜੀ ਦੀ ਸ਼ਹੀਦੀ ਤੇ ਕਵਿਤਾ ” ( Poem On Baba Deep Singh Ji In Punjabi ) ਬਾਰੇ ਆਪਣੀ ਰਾਇ ਜਰੂਰ ਲਿਖੋ। ਜਿਸ ਨਾਲ ਲੇਖਕ ਦੀ ਹਿੰਮਤ ਅਤੇ ਸਤਿਕਾਰ ਵਧਾਇਆ ਜਾ ਸਕੇ।
ਜੇਕਰ ਤੁਸੀਂ ਵੀ ਰੱਖਦੇ ਹੋ ਲਿਖਣ ਦਾ ਹੁਨਰ ਅਤੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਰਚਨਾ ਬਲਾੱਗ ਰਾਹੀਂ ਸਾਰੇ ਪਾਠਕਾਂ ਤਕ ਪਹੁੰਚੇ। ਤਾਂ ਆਪਣੀ ਕਵਿਤਾ, ਕਹਾਣੀ ਜਾਂ ਲੇਖ ਭੇਜੋ ਇਸ ਈ-ਮੇਲ blogapratim@gmail.com ਤੇ ਜਾਂ ਸਾਡੇ ਵਹਟਸਐੱਪ ਨੰਬਰ 9115672434 ਤੇ।
ਪੰਜਾਬੀ ਭਾਸ਼ਾ ਚ ਰਚਨਾਵਾਂ ਨੂੰ ਸਪੋਰਟ ਕਾਰਨ ਲਈ ਲਾਇਕ ਕਰੋ ਸਾਡਾ ਫੇਸਬੁੱਕ ਪੇਜ।
ਧੰਨਵਾਦ।