Poem On Saka Nankana Sahib Ji Te Kavita | ਸਾਕਾ ਨਨਕਾਣਾ ਸਹਿਬ ਜੀ ਤੇ ਕਵਿਤਾ
Poem On Saka Nankana Sahib Ji
ਸਾਕਾ ਨਨਕਾਣਾ ਸਹਿਬ ਜੀ ਤੇ ਕਵਿਤਾ
ਸਮਾਂ ਭਾਰੀ ਸੀ ਆਇਆ ਜਦ ਖਾਲਸੇ ਤੇ,
ਸਿੱਖ ਜੰਗਲਾਂ ਬੇਲਿਆਂ ਚ ਰਹਿਣ ਲੱਗੇ।
ਹੋਣ ਲੱਗ ਪਏ ਉਦੋਂ ਗੁਰੂ ਘਰ ਸੁੰਨੇ,
ਹਾਕਮ ਸਮੇਂ ਦੇ ਸਾਡੇ ਨਾਲ ਖਹਿਣ ਲੱਗੇ।
ਸਾਡੀ ਹਸਤੀ ਮਿਟਾਉਣ ਨੂੰ ਜ਼ੋਰ ਲੱਗੇ,
ਮੁੱਲ ਸਾਡਿਆਂ ਸਿਰਾਂ ਦੇ ਪੈਣ ਲੱਗੇ।
ਕਹਿਰ ਵੱਡੇ ਤੋਂ ਵੱਡੇ ਇਸ ਖਾਲਸੇ ਤੇ,
ਆਏ ਦਿਨ ਹੀ ਲਗਾਤਾਰ ਢਹਿਣ ਲੱਗੇ।
ਖਾਲੀ ਵੇਖ ਕੇ ਗੁਰੂ ਦੇ ਧਾਮ ਸਾਰੇ,
ਕੀਤੀ ਸੇਵਾ ਸੰਭਾਲ ਉਦਾਸੀਆਂ ਨੇ।
ਅੱਖੋਂ ਓਹਲੇ ਨਾ ਮੂਲ ਵੀ ਕਰ ਹੁੰਦੀ,
ਜਿਹੜੀ ਘਾਲੀ ਹੈ ਘਾਲਿ ਉਦਾਸੀਆਂ ਨੇ।
ਓਸ ਸਮੇਂ ਤਾਂ ਸਾਥ ਸੀ ਪੂਰਾ ਦਿੱਤਾ,
ਖੜ੍ਹ ਕੇ ਖਾਲਸੇ ਦੇ ਨਾਲ ਉਦਾਸੀਆਂ ਨੇ।
ਗੁਰੂ ਘਰ ਸੀ ਸਾਰੇ ਬਹਾਲ ਰੱਖੇ,
ਇਹ ਸੀ ਕੀਤੀ ਕਮਾਲ ਉਦਾਸੀਆਂ।
ਫਿਰ ਸ਼ੇਰ-ਏ-ਪੰਜਾਬ ਦਾ ਸਮਾਂ ਆਇਆ,
ਹੋਇਆ ਖਾਲਸੇ ਦਾ ਰਾਜ ਪੰਜਾਬ ਅੰਦਰ।
ਹਰ ਕੌਮ ਨੇ ਸੁੱਖ ਦਾ ਸਾਹ ਲੀਤਾ,
ਹੁੰਦੇ ਸਭ ਦੇ ਕਾਜ ਪੰਜਾਬ ਅੰਦਰ।
ਮਹਾਰਾਜੇ ਰਣਜੀਤ ਸਿੰਘ ਦੇ ਰਾਜ ਉਤੇ,
ਸੀ ਗਾ ਪਰਜਾ ਨੂੰ ਨਾਜ਼ ਪੰਜਾਬ ਅੰਦਰ।
ਰੱਬਾ ਸ਼ੁਕਰ ਹੈ ਤੇਰਾ ਇਸ ਰਾਜ ਵਾਸਤੇ,
ਆਉਂਦੀ ਏਹੋ ਆਵਾਜ਼ ਸੀ ਪੰਜਾਬ ਅੰਦਰ।
ਮਹਾਰਾਜੇ ਨੇ ਜਦੋਂ ਗੁਰੂ ਧਾਮ ਵੇਖੇ,
ਉਹਨੂੰ ਜਾਪੀ ਸੀ ਮਾਇਆ ਦੀ ਲੋੜ ਕਾਫ਼ੀ।
ਗੁਰੂ ਘਰਾਂ ਵਿਚ ਆਉਦੀਆਂ ਸੰਗਤਾਂ ਲਈ,
ਸਹੂਲਤਾਂ ਚਾਹੀਦੀਆਂ ਸੀ ਕਈ ਹੋਰ ਕਾਫੀ।
ਇਸੇ ਗੱਲ ਨੂੰ ਮੱਦੇਨਜ਼ਰ ਰੱਖ ਕੇ ਤੇ,
ਗੁਰ ਧਾਮਾਂ ਦੇ ਨਾਮ ਜੈਦਾਤ ਲਾਈ।
ਦਿਮਾਗ ਹੋਣ ਲੱਗਾ ਖਰਾਬ ਮਹੰਤਾਂ ਦਾ,
ਜਦੋਂ ਹੱਥ ਉਨ੍ਹਾਂ ਦੇ ਜੈਦਾਤ ਆਈ।
ਮਹਾਰਾਜੇ ਨੇ ਅੱਖਾਂ ਜਦੋਂ ਮੀਟ ਲਈਆਂ,
ਓਦੋਂ ਖ਼ਾਲਸੇ ਦੇ ਰਾਜ ਦੀ ਚਿਖਾ ਮੱਚੀ।
ਭੁੱਬਾਂ ਮਾਰ ਕੇ ਰੋਇਆ ਪੰਜਾਬ ਸਾਰਾ,
ਕਿਵੇਂ ਦੱਸਾਂ, ਨਾ ਜਾਵੇ ਦਾਸਤਾਂ ਦੱਸੀ।
ਬੱਬਰ ਸ਼ੇਰ ਜਾਂ ਚਿਖਾ ਦੇ ਵਿਚ ਸੁੱਤਾ,
ਰਾਜ ਖਿੰਡਿਆ ਰੇਤ ਦੇ ਮਹਿਲ ਵਾਂਗੂੰ।
ਜਦੋਂ ਬੁੱਕਲ ਦੇ ਸੱਪਾਂ ਨੇ ਡੰਗ ਮਾਰੇ,
ਅਸੀਂ ਹਾਰ ਗਏ ਜੂਵੇ ਦੇ ਖੇਲ ਵਾਂਗੂੰ
ਕਾਬਜ਼ ਹੋਇਆਂ ਅੰਗਰੇਜ਼ ਪੰਜਾਬ ਉੱਤੇ,
ਪਿੱਠ ਵਿੰਡੀ ਗਦਾਰਾਂ ਨੇ ਖਾਲਸੇ ਦੀ।
ਹੋਂਦ ਮੇਟਣ ਦੇ ਲਈ ਪੂਰੀ ਵਾਹ ਲਾਈ,
ਸਮੇਂ-ਸਮੇਂ ਸਰਕਾਰਾਂ ਨੇ ਖਾਲਸੇ ਦੀ।
ਜਿੰਨਾਂ ਜੋਰ ਸੀ ਪੂਰਾ ਅਜ਼ਮਾ ਕਰਕੇ,
ਅਣਖ ਪਰਖੀ ਹਜ਼ਾਰਾਂ ਨੇ ਖਾਲਸੇ ਦੀ।
ਬੜੇ ਡੂੰਘੇ ਨੇ ਜਖਮ ਸਾਡੀ ਅਣਖ ਉੱਤੇ,
ਛਾਤੀ ਚੀਰੀ ਤਲਵਾਰਾਂ ਨੇ ਖਾਲਸੇ ਦੀ।
ਗੋਰੀ ਚਮੜੀ ਮਹੰਤਾਂ ਦੇ ਨਾਲ ਰਲ ਗਈ,
ਫਿਰ ਸ਼ਰਮ ਤੇ ਧਰਮ ਦੀ ਗੱਲ ਮੁੱਕੀ।
ਮੇਰੇ ਗੁਰੂ ਦੇ ਘਰ ਨਨਕਾਣੇ ਅੰਦਰ,
ਸੱਚੇ ਸੁੱਚੇ ਕਰਮ ਦੀ ਗੱਲ ਮੁੱਕੀ।
ਇਜ਼ਤ ਆਬਰੂ ਓਥੇ ਮਹਿਫ਼ੂਜ਼ ਕੋਈ ਨਾ,
ਸਾਰੇ ਭੇੜੀਏ ਬੈਠੇ ਮਹੰਤ ਬਣਕੇ।
ਪੂਰੇ ਵੈਛੀਏ ਹੈਵਾਨ ਨਰੈਣੂ ਵਰਗੇ,
ਚੋਰ ਲੁਟੇਰੇ ਸੀ ਫਿਰਦੇ ਸੰਤ ਬਣ ਕੇ।
ਉਹਨਾਂ ਵੇਸਵਾਂ ਨਚਾਈਆਂ ਨਨਕਾਣੇ ਅੰਦਰ,
ਓਹਨਾ ਸਿਖਾਂ ਦੇ ਲਾਹੇ ਕਕਾਰ ਓਥੇ।
ਉਹਨਾਂ ਪੀਤੀ ਸ਼ਰਾਬ ਸ਼ਰੇਆਮ ਓਥੇ,
ਨਿੱਤ ਕਰਦਾ ਨਰੈਣੂ ਬਿਬਚਾਰ ਓਥੇ।
ਕੁਝ ਧੀਆਂ ਸੀ ਆਈਆਂ ਜੜ੍ਹਾਂ ਵਾਲੇ ਪਿੰਡ ਤੋਂ,
ਇੱਜਿਤ ਉਨ੍ਹਾਂ ਦੀ ਰੋਲਤੀ ਭੇੜੀਆਂ ਨੇ।
ਹੋਰ ਬੋਲ ਕੇ ਕੀ ਕੀ ਦੱਸਾਂ ਸਿੱਖੋ,
ਕਰਤੂਤਾਂ ਕੀਤੀਆਂ ਮਹੰਤ ਨੇ ਜੇੜ੍ਹੀਆਂ ਨੇ।
ਇੱਕ ਸਿੰਧੀ ਸਮੇਤ ਪਰਿਵਾਰ ਆਇਆ,
ਨਨਕਾਣਾ ਸਾਹਿਬ ਦੇ ਦੀਦਾਰ ਪਾਉਣ ਵਾਸਤੇ।
ਤੇਰਾਂ ਸਾਲ ਦੀ ਉਸਦੀ ਮਾਸੂਮ ਬੱਚੀ,
ਤੇਲ ਲੈਣ ਗਈ ਦੀਵਾ ਜਗਾਉਣ ਵਾਸਤੇ।
ਭੁੱਖੇ ਹਵਸ਼ ਦੇ ਨਰੈਣੂ ਦੇ ਚੇਲਿਆਂ ਨੇ,
ਇਜ਼ਤ ਬੱਚੀ ਦੀ ਝੱਟ ਤਾੜ ਤਾੜ ਕੀਤੀ।
ਫਿਰ ਰੋਂਦੀ ਕਰਲਾਉਂਦੀ ਬੱਚੀ ਨੇ,
ਆਪਣੇ ਪਿਤਾ ਨੂੰ ਦੱਸੀ ਸਾਰੀ ਆਪ ਬੀਤੀ।
ਆਖਿਆ ਸਿੰਧੀ ਨੇ ਜਾ ਕੇ ਮਹੰਤ ਤਾਈਂ,
ਓਏ ਤੇਰੇ ਚੱਲਿਆਂ ਜ਼ੁਲਮ ਕਮਾਇਆ ਹੈ।
ਮਹੰਤ ਆਖਦਾ ਮਾਰੂਂ ਪਰਿਵਾਰ ਸਾਰਾ
ਜੇ ਤੂੰ ਭੋਰਾ ਵੀ ਰੌਲਾ ਪਾਇਆ ਈ।
ਧੀ ਖੋਹ ਲਈ ਮਹੰਤ ਨੇ ਸਿੰਧੀ ਦੀ,
ਜਾ ਕੇ ਵਾਪਸ ਸੀ ਟੇਸ਼ਣ ਦੇ ਬਾਹਰ ਕੀਤੀ।
ਹੋਇਆ ਬੇ ਵੱਸ ਉਦੋਂ ਪਰਿਵਾਰ ਸਾਰਾ,
ਓਨ੍ਹਾਂ ਖ਼ਾਲਸੇ ਨੂੰ ਜਾ ਕੇ ਪੁਕਾਰ ਕੀਤੀ।
ਕਹਿੰਦਾ ਸੱਚੀ ਗੱਲ ਦੱਸਿਓ ਖਾਲਸਾ ਜੀ,
ਸਿੱਖ ਮਰ ਗਏ ਨੇ,ਕਿ ਜਿਓਂਦੇ ਹਾਲੇ ?
ਜਿਹੜੇ ਹੋਰਾਂ ਦੀ ਪੱਤ ਬਚਾਵਂਦੇ ਸੀ,
ਕਿਉਂ ਨਹੀਂ ਆਪਣੀ ਪੱਤ ਬਚਾਉਂਦੇ ਹਾਲੇ।
ਜਾਪੇ ਹੋ ਗਿਆ ਤੁਸਾਂ ਦਾ ਖ਼ੂਨ ਪਾਣੀ,
ਜਾਪੇ ਤੁਸਾਂ ਨੇ ਅਣਖ ਭੁਲਾ ਦਿੱਤੀ।
ਤਾਂਹੀ ਅੱਜ ਨਰੈਣੂ ਨੇ ਇੱਜ਼ਤ ਮੇਰੀ,
ਸਿੰਘੋ ਮਿੱਟੀ ਦੇ ਵਿੱਚ ਮਿਲਾ ਦਿੱਤੀ।
ਓਦੋਂ ਖੌਲਿਆ ਖੂਨ ਸਰਦਾਰਾਂ ਦਾ,
ਜਦੋਂ ਸਿੰਧੀ ਨੇ ਸਾਰੀ ਦਾਸਤਾਂ ਦੱਸੀ।
ਸਿੰਘ ਆਖਦੇ ਮਰਨਾ ਜਾਂ ਮਾਰ ਦੇਣਾ,
ਇਹ ਬਿਅਦਬੀ ਨਾ ਸਾਡੇ ਤੋਂ ਜਾਵੇ ਤੱਕੀ।
ਭਾਈ ਹੀਰਾ ਸਿੰਘ ਦਰਦ ਜੀ ਕਹਿਣ ਲੱਗੇ,
ਸਿੰਘੋ ਜੋਸ਼ ਵਿੱਚ ਹੋਸ਼ ਗਵਾਇਓ ਨਾਂ।
ਕੰਮ ਕਰਾਂਗੇ ਪੰਥ ਦੀ ਸਲਾਹ ਲੈ ਕੇ,
ਐਵੇਂ ਆਪ ਕੋਈ ਕਦਮ ਉਠਾਇਓ ਨਾਂ।
ਜਦ ਮਹੰਤ ਨਾਂ ਕਰਤੂਤਾਂ ਤੋਂ ਬਾਜ਼ ਆਇਆ,
ਫਿਰ ਕਦਮ ਉਠਾਇਆ ਖਾਲਸੇ ਨੇ।
ਨਨਕਾਣਾ ਸਾਹਿਬ ਆਜ਼ਾਦ ਕਰਵਾਉਣ ਵਾਸਤੇ,
ਇੱਕ ਮਤਾ ਪਕਾਇਆ ਖਾਲਸੇ।
ਲਛਮਣ ਸਿੰਘ ਧਾਰੋਵਾਲ ਕਰਤਾਰ ਸਿੰਘ ਝੱਬਰ,
ਬੂਟਾ ਸਿੰਘ ਲੈਲਪੁਰ ਅੱਗੇ ਲੱਗ ਤੁਰ ਪਏ।
ਮੰਗਲ ਸਿੰਘ ਕੇਹਰ ਸਿੰਘ ਕਈ ਹੋਰ ਯੋਦੇ,
ਲਾੜੀ ਮੌਤ ਵਿਆਹੁਣ ਲਈ ਸੱਜ ਤੁਰ ਪਏ।
ਜਦੋਂ ਲਗਿਆ ਪਤਾ ਮਾਸਟਰ ਤਾਰਾ ਸਿੰਘ ਨੂੰ,
ਉਨ੍ਹਾਂ ਜਥਿਆਂ ਨੂੰ ਰੋਕਣ ਲਈ ਸੰਦੇਸ਼ ਦਿੱਤਾ।
ਜਿਸਨੂੰ ਮਿਲਿਆ ਸੁਨੇਹਾ ਉਹ ਰੁਕ ਗਏ,
ਬਾਕੀ ਜਥਿਆਂ ਨਨਕਾਣੇ ਵੱਲ ਕੂਚ ਕੀਤਾ।
ਲਛਮਣ ਸਿੰਘ ਨੂੰ ਸੁਨੇਹਾ ਸੀ ਓਦੋਂ ਮਿਲਿਆ,
ਜਦੋਂ ਪਹੁੰਚ ਗਿਆ ਜਥਾ ਟਿਕਾਣੇ ਜੀ।
ਓਨ੍ਹਾਂ ਆਖਿਆ ਕਰਕੇ ਅਰਦਾਸ ਆਏ ਹਾਂ,
ਜਾ ਕੇ ਹੋਣਾ ਸ਼ਹੀਦ ਨਨਕਾਣੇ ਜੀ।
ਉਹਨਾਂ ਕੀਤਾ ਪ੍ਰਵੇਸ਼ ਨਨਕਾਣੇ ਅੰਦਰ,
ਗੁਰੂ ਸਾਹਿਬ ਦੇ ਸ਼ੁਕਰ ਗੁਜ਼ਾਰ ਹੋਏ।
ਫਿਰ ਪਾਪੀ ਮਹੰਤ ਨੇ ਚਾਲ ਚੱਲੀ,
ਫੈਰ ਗੋਲੀਆਂ ਦੇ ਤਾੜ ਤਾੜ ਹੋਏ।
ਬੱਚੇ ਬੁੱਢੇ ਜਵਾਨ ਤੇ ਬੀਬੀਆਂ ਕੀ,
ਜੋ ਵੀ ਆ ਗਿਆ ਦਾਅ ਉਹਨੂੰ ਮਾਰ ਦਿੱਤਾ।
ਲਛਮਣ ਸਿੰਘ ਨੂੰ ਜੰਡ ਨਾਲ ਪੁੱਠਾ ਬੰਨ ਕੇ,
ਪਾ ਕੇ ਤੇਲ ਜਿਓਂਦੇ ਨੂੰ ਸਾੜ ਦਿੱਤਾ।
ਅੱਠ ਸਾਲਾਂ ਦੇ ਬੱਚੇ ਦਰਬਾਰਾ ਸਿੰਘ ਨੂੰ,
ਲੱਕ ਤੋਂ ਚੀਰ ਕੇ ਅੱਗ ਵਿੱਚ ਪਾ ਦਿੱਤਾ।
ਅੱਧ ਮੋਇਆਂ ਨੂੰ ਕੀਮਾ ਕੀਮਾ ਕਰਕੇ,
ਵਾਂਗ ਨਦੀਆਂ ਲਹੂ ਵਗਾ ਦਿੱਤਾ।
ਵੀਹ ਫਰਵਰੀ ਉੱਨੀ ਸੌ ਇੱਕੀ ਦੀ ਨੇ,
ਵੱਡਾ ਘੱਲੂਘਾਰਾ ਵਰਤਾ ਦਿੱਤਾ।
ਕਰਤਾਰ ਸਿੰਘ ਝੱਬਰ ਨੂੰ ਜਾਂ ਪਤਾ ਲੱਗਾ,
ਓਨ੍ਹੇ ਜੰਗ ਦਾ ਬਿਗੁਲ ਵਜਾ ਦਿੱਤਾ।
ਕਹਿੰਦਾ ਚੁੱਕੋ ਹਥਿਆਰ ਹੁਣ ਖਾਲਸਾ ਜੀ,
ਅੱਜ ਮਰ ਜਾਣਾ ਜਾਂ ਮਾਰਨਾ ਏਂ।
ਜਿਹੜਾ ਕਰਜ਼ ਮਹੰਤ ਨੇ ਚਾੜ੍ਹ ਦਿੱਤਾ,
ਦੂਣ ਸਵਾਇਆ ਕਰਕੇ ਉਤਾਰਨਾ ਏਂ।
ਜਦੋਂ ਹੱਥ ਪੈ ਜਾਣ ਹਥਿਆਰਾਂ ਨੂੰ,
ਫਿਰ ਰੋਕਿਆਂ ਕਿੱਥੇ ਤੁਫਾਨ ਰੁਕਦੇ।
ਜਦੋਂ ਧਰਤੀ ਦੇ ਹੇਠਾਂ ਭੁਚਾਲ ਆਉਂਦਾ,
ਉਦੋਂ ਵੱਡੇ ਤੋਂ ਵੱਡੇ ਚੱਟਾਨ ਟੁੱਟਦੇ।
ਕੂਚ ਕੀਤਾ ਨਨਕਾਣੇ ਨੂੰ ਖਾਲਸੇ ਨੇ,
ਹਰ ਚਿਹਰੇ ਤੇ ਡਾਢਾ ਜਲਾਲ ਜਾਪੇ।
ਕਿਹੜਾ ਵਹਿੰਦੇ ਦਰਿਆਵਾਂ ਨੂੰ ਬੰਨ੍ਹ ਮਾਰੇ,
ਕਿਹੜਾ ਬੀਰਤਾ ਦੀ ਗਹਿਰਾਈ ਨਾਪੇ।
ਫਿਰ ਰੋਕਣ ਦੇ ਲਈ ਖਾਲਸੇ ਨੂੰ,
ਭਾਰੀ ਫੋਰਸ ਨੂੰ ਲੈ ਕੇ ਅੰਗਰੇਜ਼ ਆਇਆ।
ਸਿੰਘ ਆਖਦੇ ਅਸਾਂ ਨੇ ਨਹੀਂ ਰੁਕਣਾ,
ਜਿੰਨਾ ਚਿਰ ਨਨਕਾਣਾ ਅਜ਼ਾਦ ਨਾ ਕਰਾਇਆ।
ਰੋਭ ਸਿੰਘਾਂ ਦਾ ਵੇਖ ਅੰਗਰੇਜ਼ ਡਰਿਆ,
ਓਨ੍ਹੇ ਚਾਬੀਆਂ ਦਿੱਤੀਆਂ ਖਾਲਸੇ ਨੂੰ।
ਗੁਰ ਮਰਿਆਦਾ ਸੀ ਫੇਰ ਬਹਾਲ ਹੋਈ,
ਰੱਬ ਬਖ਼ਸ਼ਸ਼ਾਂ ਕੀਤੀਆਂ ਖਾਲਸੇ ਨੂੰ।
ਸਿੰਘਾਂ ਕਰਕੇ ਪ੍ਰਵੇਸ਼ ਨਨਕਾਣੇ ਅੰਦਰ
ਦ੍ਰਿਸ਼ ਵੇਖ ਕੇ ਅੱਖਾਂ ਵਿੱਚ ਨੀਰ ਭਰਿਆ।
ਟੁਕੜੇ ਹੋਏ ਸ਼ਹੀਦਾਂ ਦੇ ਸਰੀਰ ਸਾਰੇ
ਕੱਠੇ ਕਰ ਕੇ ਓਹਨਾਂ ਸਸਕਾਰ ਕੀਤਾ।
ਪਰਗਟ ਸਿੰਘਾ ਸੰਤਾਲੀ ਦੀ ਵੰਡ ਵੇਲੇ,
ਨਾ-ਸਮਝਾਂ ਜਿਹਾ ਕਦਮ ਉਠਾ ਬੈਠੇ।
ਜਾਨਾਂ ਵਾਰ ਕੇ ਸੀ ਨਨਕਾਣਾ ਮਿਲਿਆ,
ਅਸੀਂ ਕੌਡੀਆਂ ਵੱਟੇ ਗਵਾ ਬੈਠੇ।
ਪੜ੍ਹੋ :- ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੇ ਕਵਿਤਾ | ਰਾਵੀ ਦੇਆ ਪਾਣੀਆਂ
ਕੰਮੈਂਟ ਬਾਕਸ ਵਿੱਚ ” ਅਧਿਆਪਕ ਲਈ ਵਿਦਾਈ ਕਵਿਤਾ ” ( Poem On Saka Nankana Sahib Ji ) ਬਾਰੇ ਆਪਣੀ ਰਾਇ ਜਰੂਰ ਲਿਖੋ। ਜਿਸ ਨਾਲ ਲੇਖਕ ਦੀ ਹਿੰਮਤ ਅਤੇ ਸਤਿਕਾਰ ਵਧਾਇਆ ਜਾ ਸਕੇ।
ਜੇਕਰ ਤੁਸੀਂ ਵੀ ਰੱਖਦੇ ਹੋ ਲਿਖਣ ਦਾ ਹੁਨਰ ਅਤੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਰਚਨਾ ਬਲਾੱਗ ਰਾਹੀਂ ਸਾਰੇ ਪਾਠਕਾਂ ਤਕ ਪਹੁੰਚੇ। ਤਾਂ ਆਪਣੀ ਕਵਿਤਾ, ਕਹਾਣੀ ਜਾਂ ਲੇਖ ਭੇਜੋ ਇਸ ਈ-ਮੇਲ [email protected] ਤੇ ਜਾਂ ਸਾਡੇ ਵਹਟਸਐੱਪ ਨੰਬਰ 9115672434 ਤੇ।
ਪੰਜਾਬੀ ਭਾਸ਼ਾ ਚ ਰਚਨਾਵਾਂ ਨੂੰ ਸਪੋਰਟ ਕਾਰਨ ਲਈ ਲਾਇਕ ਕਰੋ ਸਾਡਾ ਫੇਸਬੁੱਕ ਪੇਜ।
ਧੰਨਵਾਦ।