ਹਾਏ ਹਾਏ ਕੋਰੋਨਾ – ਪਰਗਟ ਸਿੰਘ ਜੀ ਦੀ ਲਿਖੀ ਹਾਸ ਰਸ ਕਵਿਤਾ
ਹਾਏ ਹਾਏ ਕੋਰੋਨਾ

ਆਹ ਹਾ ਹਾ ਕਾਰ ਕੀ ਮੱਚੀ ਏ।
ਇਹ ਝੂਠੀ ਏ. ਕਿ ਸੱਚੀ ਏ।
ਕੁੱਲ ਦੁਨੀਆਂ ਬੰਨ ਕੇ ਰੱਖ ਦਿੱਤੀ,
ਇਹ ਕੈਸੀ ਸਮੇ ਦੀ ਰੱਸੀ ਏ।
ਮੱਸਿਆ ਦੀ ਮੱਸਿਆ ਨਹਾਉਂਦੇ ਸੀ।
ਮੂੰਹ ਹੱਥ ਤਿੱਜੇ ਦਿਨ ਧੋਂਦੇ ਸੀ।
ਜੋ ਚੜੇ ਸਿਆਲ ਚ ਪਾਏ ਕੱਪੜੇ,
ਗਰਮੀਆਂ ਦੇ ਵਿੱਚ ਲਹੁੰਦੇ ਸੀ।
ਹੁਣ ਧੋ ਧੋ ਹੱਥ ਘਸਾਅ ਬੈਠੇ।
ਇਹ ਕੈਸੀ ਬਿਪਤਾ ਪਾ ਬੈਠੇ।
ਸੀ ਸਾਬੁਨ ਇੱਕ ਮਹੀਨੇ ਦਾ
ਇੱਕ ਦਿਨ ਦੇ ਵਿੱਚ ਮੁਕਾ ਬੈਠੇ।
ਨਜਦੀਕ ਜੋ ਬਹੁਤੇ ਦਿਲ ਦੇ ਸੀ।
ਮਿਲ ਫੁੱਲਾਂ ਵਾਂਗ ਜੋ ਖਿਲਦੇ ਸੀ।
ਅੱਜ ਡਰਨ ਜਿਓਂ ਚੂਹਾ ਬਿੱਲੀ ਤੋਂ,
ਜੋ ਜੱਫੀਆਂ ਪਾ ਪਾ ਮਿਲ ਦੇ ਸੀ।
ਸਭ ਦੂਰੀਆਂ ਪਾ ਕੇ ਰੱਖਦੇ ਨੇ।
ਐਵੇਂ ਝੂਠਾ ਜਿਹਾ ਹੀ ਹੱਸਦੇ ਨੇ।
ਹੁਣ ਰਿਸ਼ਤੇ ਦਾਰ ਬਲਾਉਂਦੇ ਨਹੀਂ,
ਘਰ ਆਉਣ ਤੋਂ ਸਭ ਨੂੰ ਡੱਕਦੇ ਨੇ।
ਹਾਏ ਹਾਏ ਕਰੋਨਾ ਆ ਗਿਆ ਨੀ।
ਦੁਨੀਆ ਦੀ ਹੋਸ਼ ਭੁਲਾ ਗਿਆ ਨੀ।
ਉਸ ਕਾਦਰ ਦੀ ਇਸ ਕੁਦਰਤ ਦਾ
ਇਕ ਵੱਖਰਾ ਰੰਗ ਵਿਖਾਗਿਆ ਨੀ।
ਸਭ ਦੁਨੀਆ ਥਰ ਥਰ ਕੰਬੀ ਏ।
ਰਫਤਾਰ ਤੇਜ ਅੱਜ ਥੰਭੀ ਏ।
ਇੱਕ ਅਨ ਡਿੱਠੇ ਜਹਿ ਵੈਰਸ ਨੇਂ,
ਸੂਲੀ ਤੇ ਦੁਨੀਆਂ ਟੰਗੀ ਏ।
ਥੋੜ੍ਹੀ ਜਿਹੀ ਕਰਲੋ ਕੇਅਰ ਲੋਕੋ।
ਦੁਖ ਲੱਗੂ ਨਾ ਇਹ ਫੇਰ ਲੋਕੋ।
ਦੋਨੋ ਹੱਥ ਜੋੜ ਕੇ ਦਾਤੇ ਨੂੰ,
ਯਾਦ ਕਰ ਲੋ ਸ਼ਾਮ ਸਵੇਰ ਲੋਕੋ।
ਓਹ ਅੱਗ ਵਿੱਚੋਂ ਵੀ ਰੱਖ ਲੈਂਦਾ।
ਸਭ ਦੇ ਓਹ ਪੜਦੇ ਢੱਕ ਲੈਂਦਾ।
ਦੁਨੀਆ ਦੀ ਬਿਮਾਰੀ ਚੀਜ ਹੈ ਕੀ,
ਓਹ ਜਮਾ ਦੇ ਫਾਹੇ ਕੱਟ ਦੇਂਦਾ।
ਸਭ ਮਿਲ ਕੇ ਕਰੋ ਅਰਦਾਸੇ ਨੂੰ।
ਆਖੋ ਦੁਨੀਆ ਦੇ ਰਾਖੇ ਨੂੰ।
ਪਰਗਟ ਓਹ ਆਪ ਸਮੇਟ ਲਵੇ,
ਇਸ ਚਲ ਰਹੇ ਖੇਲ ਤਮਾਸ਼ੇ ਨੂੰ ।
ਕੰਮੈਂਟ ਬਾਕਸ ਵਿੱਚ ” ਹਾਏ ਹਾਏ ਕੋਰੋਨਾ ” ( Punjabi Hasya Kavita Haye Haye Corona ) ਬਾਰੇ ਆਪਣੀ ਰਾਇ ਜਰੂਰ ਲਿਖੋ।
ਜੇਕਰ ਤੁਸੀਂ ਵੀ ਰੱਖਦੇ ਹੋ ਲਿਖਣ ਦਾ ਹੁਨਰ ਅਤੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਰਚਨਾ ਬਲਾੱਗ ਰਾਹੀਂ ਸਾਰੇ ਪਾਠਕਾਂ ਤਕ ਪਹੁੰਚੇ। ਤਾਂ ਆਪਣੀ ਕਵਿਤਾ, ਕਹਾਣੀ ਜਾਂ ਲੇਖ ਭੇਜੋ ਇਸ ਈ-ਮੇਲ blogapratim@gmail.com ਤੇ ਜਾਂ ਸਾਡੇ ਵਹਟਸਐੱਪ ਨੰਬਰ 9115672434 ਤੇ।
ਧੰਨਵਾਦ।