Meri Maa Poem In Punjabi :- ਮਾਂ ਨੂੰ ਸਮਰਪਿਤ ਕਵੀ ਪਰਗਟ ਸਿੰਘ ਦੀ ਇਕ ਕਵਿਤਾ
Meri Maa Poem In Punjabi – ਮਾਂ ਜੋ ਸਾਨੂੰ ਜਨਮ ਦਿੰਦੀ ਹੈ। ਸਾਡਾ ਖਿਆਲ ਰੱਖਦੀ ਹੈ। ਜਿਸਨੇ ਰੱਬ ਨਹੀਂ ਦੇਖਿਆ ਓ ਮਾਂ ਨੂੰ ਦੇਖ ਸਕਦਾ ਹੈ। ਕਿਉਂਕਿ ਦੁਨੀਆ ਚ ਬਸ ਮਾਂ ਹੀ ਸਮਝਦੀ ਹੈ ਕਿ ਉਸਦੀ ਔਲਾਦ ਕੀ ਚਾਹੁੰਦੀ ਹੈ। ਉਸ ਵਿੱਚ ਏਨੀ ਹਿੰਮਤ ਹੁੰਦੀ ਹੈ ਕਿ ਉਹ ਇਕੱਲੀ ਹੀ ਆਪਣੀ ਔਲਾਦ ਨੂੰ ਪਾਲ ਸਕਦੀ ਹੈ। ਉਸੇ ਮਾਂ ਨੂੰ ਹੀ ਸਮਰਪਿਤ ਹੈ ਇਹ ਕਵਿਤਾ ( Meri Maa Poem In Punjabi ) ” ਮੇਰੀ ਮਾਂ ” :-
Meri Maa Poem In Punjabi
ਮੇਰੀ ਮਾਂ
ਜਦੋਂ ਜਨਮ ਲਿਆ ਮੂੰਹ ਚੋਂ ਮਾਂ ਕਹਿਆ
ਮਾਂ ਨੇ ਘੁੱਟ ਕੇ ਛਾਤੀ ਦੇ ਨਾਲ ਲਾਇਆ,
ਵਾਰ-ਵਾਰ ਮੈਂ ਪੁੱਤਰ ਤੋਂ ਵਾਰੀ ਜਾਵਾਂ
ਮੇਰੇ ਲਾਡਲੇ ਨੂੰ ਰੋਣਾ ਕਿਉਂ ਆਇਆ।
ਗਿੱਲਾ ਪੋਤੜਾ ਲਾਹ ਕੇ ਸੁੱਕਾ ਪਾ ਦਿੱਤਾ
ਸੁੱਕਾ ਕੱਪੜਾ ਥੱਲੇ ਵਿਛਾ ਦਿੱਤਾ,
ਲੋਕੋ ਮਾਂ ਦੀ ਕੀ-ਕੀ ਸਿਫਤ ਆਖਾਂ
ਉਨੇ ਹਰ ਸੁੱਖ ਸਾਡੇ ਨਾਂ ਲਾ ਦਿੱਤਾ।
ਮਾਂ ਨਾਲ ਲੜਦੇ ਸੀ ਬਾਪੂ ਤੋਂ ਡਰਦੇ ਸੀ
ਬਾਪੂ ਝਿੜਕਦਾ ਮਾਂ ਪਿਆਰਦੀ ਸੀ,
ਸਾਡੀ ਜਿੱਦ ਨੂੰ ਪੁਗਾਉਣ ਲਈ ਕਈ ਵਾਰੀ
ਉਹੋ ਬਾਪੂ ਦੀਆਂ ਝਿੜਕਾਂ ਸਹਾਰਦੀ ਸੀ।
ਕਦੀ ਭੁੱਲ ਕੇ ਵੀ ਜੇ ਸਾਡੇ ਚਪੇੜ ਮਾਰੀ
ਅੱਖ ਉਸਦੀ ਹੀ ਤਿਪ-ਤਿਪ ਚੋ ਪੈਂਦੀ,
ਤਤਕਾਲ ਹੀ ਗਲ ਨਾਲ ਲਾ ਸਾਨੂੰ
ਮੇਰੀ ਭੋਲੀ ਮਾਂ ਸੀ ਰੋ ਪੈਂਦੀ।
ਇਕ ਪਲ ਵੀ ਜੇ ਅੱਖਾਂ ਤੋਂ ਦੂਰ ਹੋਈਏ
ਉਹ ਤਾਂ ਪਲ ਦਾ ਵਿਛੋੜਾ ਨਾ ਜਰਦੀ ਸੀ,
ਭੁੱਲ ਜਾਂਦਾ ਸੀ ਉਸਨੂੰ ਖਾਣਾ ਪੀਣਾ
ਸਾਡਾ ਫਿਕਰ ਓ ਏਨਾ ਕਰਦੀ ਸੀ।
ਰਾਤ ਉੱਠ-ਉੱਠ ਕੇ ਪਾਣੀ ਸਾਨੂੰ ਪੁੱਛਦੀ ਸੀ
ਰੱਬ ਜਾਣੇ ਕਦੋਂ ਉਹ ਸੌਂਦੀ ਸੀ,
ਰਹੇ ਹੱਸਦਾ ਖੇਡਦਾ ਲਾਲ ਮੇਰਾ
ਮੇਰੀ ਮਾਂ ਤਾਂ ਏਹੋ ਹੀ ਚਾਹੁੰਦੀ ਸੀ।
ਘਰੋਂ ਹੋ ਕੇ ਤਿਆਰ ਜਦੋਂ ਜਾਂਦੇ ਸੀ ਸਕੂਲ
ਸਾਨੂੰ ਬੂਹੇ ਚ ਖਲੋ ਕੇ ਮਾਂ ਤੱਕਦੀ ਸੀ ਹੁੰਦੀ,
ਜਿੰਨਾ ਚਿਰ ਅਸੀਂ ਅੱਖੀਆਂ ਤੋਂ ਓਹਲੇ ਨਹੀਂ ਸੀ ਹੁੰਦੇ
ਮੇਰੀ ਮਾਂ ਓਨਾ ਚਿਰ ਨਹੀਂ ਸੀ ਪੈਰ ਅਟਕਾਉਂਦੀ।
ਫਿਰ ਸਾਰਾ ਦਿਨ ਨਿਗਾਹ ਦਰਵਾਜੇ ਵੱਲ ਰਹਿੰਦੀ
ਰੋਟੀ ਖਾਧੀ ਜਾਂ ਨਹੀਂ ਉਹ ਰੱਬ ਜਾਂਦਾ ਸੀ,
ਪਰ ਸੱਚੀ ਗੱਲ ਆਖਾਂ ਸੱਚੇ ਰੱਬ ਦੀ ਕਸਮ
ਮੈਂ ਤਾਂ ਮਾਂ ਦੇ ਸਹਾਰੇ ਬਸ ਮੌਜਾਂ ਮਾਣਦਾ ਸੀ।
ਉਹ ਜੱਗ ਤੇ ਆਇਆ ਵੀ ਕੀ ਆਇਆ
ਆਪਣੀ ਮਾਂ ਦੀ ਕਦਰ ਨਾ ਪਾਏ ਜਿਹੜਾ,
ਓਹਦੇ ਵਰਗਾ ਨਾ ਜੱਗ ਤੇ ਹੋਰ ਪਾਪੀ
ਆਪਣੀ ਮਾਂ ਦਾ ਦਿਲ ਦੁਖਾਏ ਜਿਹੜਾ।
ਮਾਂ ਏਥੇ ਰਹੇ ਤੇ ਭਾਵੇਂ ਉਥੇ ਰਹੇ
ਅਸੀਸਾਂ ,ਮਾਂ ਦੀਆਂ ਬੱਚਿਆਂ ਦੇ ਨਾਲ ਰਹਿੰਦੀਆਂ ਨੇ,
“ਪ੍ਰਗਟ ਸਿੰਘਾ” ਜੋ ਮਾਂ ਦੀ ਕਦਰ ਕਰਦਾ
ਆਖਰ ਕਦਰਾਂ ਓਹਦੀਆਂ ਪੈਂਦੀਆਂ ਨੇ।
ਪੜ੍ਹੋ :- ਮਾਂ ਤੇ ਪੰਜਾਬੀ ਕਵਿਤਾ “ਉਹ ਹੈ ਮੇਰੀ ਮਾਂ”
ਕੰਮੈਂਟ ਬਾਕਸ ਵਿੱਚ ” ਮੇਰੀ ਮਾਂ ਕਵਿਤਾ ” ( Meri Maa Poem In Punjabi ) ਬਾਰੇ ਆਪਣੀ ਰਾਇ ਜਰੂਰ ਲਿਖੋ। ਜਿਸ ਨਾਲ ਲੇਖਕ ਦੀ ਹਿੰਮਤ ਅਤੇ ਸਤਿਕਾਰ ਵਧਾਇਆ ਜਾ ਸਕੇ। ਜੇਕਰ ਤੁਸੀਂ ਵੀ ਰੱਖਦੇ ਹੋ ਲਿਖਣ ਦਾ ਹੁਨਰ ਅਤੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਰਚਨਾ ਬਲਾੱਗ ਰਾਹੀਂ ਸਾਰੇ ਪਾਠਕਾਂ ਤਕ ਪਹੁੰਚੇ। ਤਾਂ ਆਪਣੀ ਕਵਿਤਾ, ਕਹਾਣੀ ਜਾਂ ਲੇਖ ਭੇਜੋ ਇਸ ਈ-ਮੇਲ blogapratim@gmail.com ਤੇ ਜਾਂ ਸਾਡੇ ਵਹਟਸਐੱਪ ਨੰਬਰ 9115672434 ਤੇ।
ਧੰਨਵਾਦ।