Guru Teg Bahadur Ji Poem In Punjabi |ਸ੍ਰੀ ਗੁਰੂ ਤੇਗ ਬਹਾਦਰ ਜੀ ਤੇ ਕਵੀ ਪਰਗਟ ਸਿੰਘ ਦੀ ਕਵਿਤਾ
400 ਸਾਲਾ ਪ੍ਰਕਾਸ਼ ਪੁਰਬ ਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸਮਰਪਿਤ ਕਵੀ ਪਰਗਟ ਸਿੰਘ ਦੀ ਲਿਖੀ ਕਵਿਤਾ ( Guru Teg Bahadur Ji Poem In Punjabi ) :-
Guru Teg Bahadur Ji Poem In Punjabi
ਸ੍ਰੀ ਗੁਰੂ ਤੇਗ ਬਹਾਦਰ ਜੀ ਤੇ ਕਵਿਤਾ
ਕਾਗਜ ਕਲਮ ਉਠਾ ਲਈ ਸਾਈਆਂ, ਸਿਫਤ ਲਿਖਣ ਲਈ ਤੇਰੀ ।
ਕਰੋ ਮਿਹਰ ਗੁਰੂ ਤੇਗ ਬਹਾਦਰ, ਕਲਮ ਚੱਲੇ ਇਹ ਮੇਰੀ ।
ਮੇਰੀ ਕੀ ਉਕਤ ਦਾਤਿਆ ਸਿਫਤ ਤੇਰੀ ਲਿਖ ਪਾਵਾਂ ।
ਕਿਰਪਾ ਕਰਕੇ ਆਪ ਲਿਖਾ ਲੋ, ਏਹੀ ਕਰਾਂ ਦਵਾਵਾਂ ।
ਗਾਗਰ ਦੇ ਵਿਚ ਸਾਗਰ ਪਾਉਣਾ ਵੱਸ ਨਾ ਦਾਤਾ ਮੇਰੇ ।
ਨਾ ਮਾਤਰ ਜੇਹੀ ਸੋਚ ਹੈ ਮੇਰੀ, ਗੁਣ ਵਿਸ਼ਾਲ ਨੇ ਤੇਰੇ ।
ਹੱਥਾਂ ਵਿਚ ਮੇਰੇ ਹੱਥ ਫੜਕੇ, ਲਿਖਣਾ ਆਪ ਸਿਖਾਦੇ ।
ਕਿਨਕਾ ਸ਼ਾਇਰੀ ਵਾਲਾ ਮੇਰੀ ਝੋਲੀ ਦੇ ਵਿਚ ਪਾ ਦੇ ।
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਘਰ ਦਾ ਰਾਜ ਦੁਲਾਰਾ ।
ਦੁਨੀਆ ਤਾਰਨ ਆਇਆ ਨਾਨਕੀ ਮਾਂ ਦੀ ਅੱਖ ਦਾ ਤਾਰਾ।
ਅੰਮ੍ਰਿਤਸਰ ਦੀ ਧਰਤੀ ਉੱਤੇ, ਰੌਣਕਾਂ ਖੁਸ਼ੀਆਂ ਆਈਆਂ।
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੂੰ ਸੰਗਤਾਂ ਦੇਣ ਵਧਾਈਆਂ ।
ਤੇਗ ਮੱਲ ਤੋਂ ਨਾਮ ਓਨਾ ਦਾ ਪੈ ਗਿਆ ਤੇਗ ਬਹਾਦਰ ।
ਸਮਾ ਆਇਆ ਤੇ ਤੇਗ ਬਹਾਦਰ ,ਬਣ ਗਏ ਹਿੰਦ ਦੀ ਚਾਦਰ ।
ਨਾਲ ਸਬਰ ਦੇ ਜਬਰ ਨੂੰ ਠਲ੍ਹਿਆ ,ਗਲ ਨਾਲ ਲਾਏ ਨਿਮਾਣੇ ।
ਤੇਰੇ ਭੇਦ ਨੇ ਡੂੰਘੇ ਦਾਤਾ, ਤੇਰੀਆਂ ਤੂੰ ਹੀ ਜਾਣੇ।
ਨੂਰੀ ਮੁੱਖ ਹੈ ਬੋਲ ਅਲਾਹੀ, ਕੋਮਲ ਸਰਲ ਸੁਭਾਅ ਹੈ ।
ਖੁਦਾ ਜੇਹਾ ਨਾ ਆਖਿਓ ਕੋਈ, ਓਹ ਤਾਂ ਆਪ ਖੁਦਾ ਹੈ ।
ਨਾਨਕੀ ਮਾਂ ਦੇ ਜਿਗਰ ਦਾ ਟੋਟਾ, ਅੰਮ੍ਰਿਤਸਰ ਵਿਚ ਘੁੰਮੇ ।
ਵੱਡਿਆਂ ਭਾਗਾਂ ਵਾਲੀ ਧਰਤੀ, ਪੈਰ ਓਨ੍ਹਾਂ ਦੇ ਚੁੰਮੇ ।
ਉਮਰ ਹੋਈ ਜਾਂ ਵਿਆਹਣ ਵਾਲੀ, ਮਾਪਿਆਂ ਕਾਜ ਰਚਾਏ ।
ਰੱਬ ਦੀ ਰਜਾ ਨੂੰ ਮੰਨਣ ਵਾਲੀ ਗੁਜਰੀ ਨਾਲ ਵਿਆਹੇ ।
ਆਪਣੇ ਆਪ ਚ ਲੀਣ ਹੋਣ ਲਈ, ਆ ਗਏ ਨਗਰ ਬਕਾਲੇ ।
ਕਈ ਸਾਲ ਓਥੇ ਭਗਤੀ ਕੀਤੀ ਜਗ ਤੋੰ ਹੋ ਨਿਰਾਲੇ ।
ਸ੍ਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ, ਤਿਆਗਣ ਲੱਗੇ ਚੋਲਾ ।
ਬਾਬਾ ਵੱਸਦਾ ਨਗਰ ਬਕਾਲੇ, ਮੁੱਖ ਤੋਂ ਬੋੱਲਾ ।
ਦੀਦ ਕਰਨ ਲਈ ਗੁਰੂ ਦੇ ਆਇਆ ਮੱਖਣ ਸ਼ਾਹ ਲੁਬਾਣਾ ।
ਬਣਕੇ ਗੁਰੂ ਪਖੰਡੀ ਬੈਠੇ ਸਤਿਗੁਰ ਕਿਵੇਂ ਪਛਾਣਾ ।
ਮਿਹਰਾਂ ਵਾਲੇ ਮਿਹਰ ਜਾਂ ਕੀਤੀ, ਸਿੱਖ ਨੇ ਦਰਸ਼ਨ ਪਾਏ ।
ਲਾਧੋ ਨੇ ਗੁਰ ਸਾਚਾ ,ਸਭ ਨੂੰ ,ਦਸਿਆ ਢੋਲ ਵਜਾਏ।
ਸਿੱਖੀ ਦਾ ਪ੍ਰਚਾਰ ਕਰਨ ਲਈ ਚਾਲੇ ਗੁਰਾਂ ਨੇ ਪਾਏ ।
ਪਟਨੇ ਦੇ ਵਿਚ ਜਾ ਕੇ ਨੌਂਵੇ ਗੁਰੂ ਨੇ ਡੇਰੇ ਲਾਏ ।
ਮਾਂ ਗੁਜਰੀ ਦੇ ਘਰ ਵਿਚ ਓਥੇ ਪ੍ਰਗਟੇ ਗੋਬਿੰਦ ਰਾਏ ।
ਸ਼ਿਵਦਤ ਵਰਗੇ ਸਿੱਖ ਬਣੇ ,ਤੇ ਵਲੀਆਂ ਸੀਸ ਝੁਕਾਏ ।
ਮੁੜਕੇ ਆ ਪੰਜਾਬ ਗੁਰਾਂ ਨੇ ਅਨੰਦਪੁਰ ਸਾਹਿਬ ਵਸਾਇਆ ।
ਏਸੇ ਪੁਰੀ ਅਨੰਦਾਂ ਦੀ ਤੋਂ ਦਿੱਲੀ ਚਾਲਾ ਪਾਇਆ ।
ਔਰੰਗਜ਼ੇਬ ਦੇ ਜੁਲਮਾ ਨੇ ਸੀ, ਹਿੰਦੂ ਧਰਮ ਡਰਾਇਆ ।
ਧਾਹਾਂ ਮਾਰਨ ਹਿੰਦੋਸਤਾਨੀ, ਸੰਕਟ ਧਰਮ ਤੇ ਆਇਆ ।
ਸ੍ਰੀ ਅਨੰਦਪੁਰ ਸਾਹਿਬ ਚ ਜਾ ਕੇ, ਪੰਡਿਤ ਸੀ ਕੁਰਲਾਏ ।
ਨੌਂਵੇ ਗੁਰਾਂ ਨੇ ਦੇ ਕੇ ਸ਼ਹੀਦੀ, ਜੰਞੂੰ ਤਿਲਕ ਬਚਾਏ ।
ਵੱਡਾ ਸਾਕਾ ਕਲਯੁਗ ਅੰਦਰ, ਕਰਕੇ ਗੁਰੂ ਵਖਾਇਆ ।
ਪਰ ਉਪਕਾਰੀ ਸਤਿਗੁਰ ਮੇਰਾ ਦੁਨੀਆ ਤਾਰਨ ਆਇਆ ।
ਪਰਗਟ ਦੀ ਹੈ ਇੱਕ ਬੇਨਤੀ ਮਿਹਰ ਵਾਲਾ ਹੱਥ ਰੱਖੀਂ ।
ਬਿਖੜੇ ਪੈਂਡੇ ਡੋਲ ਨਾ ਜਾਵਾਂ ਭੁੱਲਿਆਂ ਨੂੰ ਰਾਹ ਦੱਸੀ।
ਪੜ੍ਹੋ :- ” ਅਰਦਾਸ ” ਪਰਮਾਤਮਾ ਨੂੰ ਸਮਰਪਿਤ ਗੀਤ
ਕੰਮੈਂਟ ਬਾਕਸ ਵਿੱਚ ” ਸ੍ਰੀ ਗੁਰੂ ਤੇਗ ਬਹਾਦਰ ਜੀ ਤੇ ਕਵਿਤਾ ” ( Guru Teg Bahadur Ji Poem In Punjabi ) ਬਾਰੇ ਆਪਣੀ ਰਾਇ ਜਰੂਰ ਲਿਖੋ। ਜਿਸ ਨਾਲ ਲੇਖਕ ਦੀ ਹਿੰਮਤ ਅਤੇ ਸਤਿਕਾਰ ਵਧਾਇਆ ਜਾ ਸਕੇ।
ਜੇਕਰ ਤੁਸੀਂ ਵੀ ਰੱਖਦੇ ਹੋ ਲਿਖਣ ਦਾ ਹੁਨਰ ਅਤੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਰਚਨਾ ਬਲਾੱਗ ਰਾਹੀਂ ਸਾਰੇ ਪਾਠਕਾਂ ਤਕ ਪਹੁੰਚੇ। ਤਾਂ ਆਪਣੀ ਕਵਿਤਾ, ਕਹਾਣੀ ਜਾਂ ਲੇਖ ਭੇਜੋ ਇਸ ਈ-ਮੇਲ blogapratim@gmail.com ਤੇ ਜਾਂ ਸਾਡੇ ਵਹਟਸਐੱਪ ਨੰਬਰ 9115672434 ਤੇ।
ਧੰਨਵਾਦ।