Punjabi Poem On Bandi Chhod Diwas | ਬੰਦੀ ਛੋੜ ਦਿਵਸ ਤੇ ਕਵਿਤਾ
( Punjabi Poem On Bandi Chhod Diwas ) ਤੁਸੀਂ ਪੜ੍ਹ ਰਹੇ ਹੋ ਬੰਦੀ ਛੋੜ ਦਿਵਸ ਤੇ ਕਵਿਤਾ :-
Punjabi Poem On Bandi Chhod Diwas
ਬੰਦੀ ਛੋੜ ਦਿਵਸ ਤੇ ਕਵਿਤਾ

ਅੱਜ ਅੰਮ੍ਰਿਤਸਰ ਦੀ ਧਰਤੀ ਉੱਤੇ ਰੌਣਕਾਂ ਲੱਗੀਆਂ ਨੇ।
ਹੋਈਆਂ ਮੀਰੀ ਪੀਰੀ ਵਾਲੜੇ ਦੀਆਂ ਬਖਸ਼ਿਸ਼ਾਂ ਵੱਡੀਆਂ ਨੇ।
ਜੋ ਉਮਰਾਂ ਲਈ ਸੀ ਬੱਝੇ, ਸਤਿਗੁਰਾਂ ਮੁਕਤ ਕਰਾਏ ਨੇ।
ਮੇਰੇ ਦਾਤਾ ਬੰਦੀ ਛੋੜ, ਛੇਵੇਂ ਸਤਿਗੁਰ ਆਏ ਨੇ।
ਉਸ ਜਹਾਂਗੀਰ ਦੇ ਕਿਲ੍ਹੇ ਗਵਾਲੀਅਰ ਦੇ ਅੰਦਰ ਜੀ।
ਕਈ ਲੋਕਾਂ ਦੇ ਲਈ ਬਣਿਆ ਸੀ ਗਾ ਮੌਤ ਦਾ ਮੰਜ਼ਰ ਜੀ।
ਰੱਬ ਅੱਗੇ ਅਰਜ਼ਾਂ ਕਰਦੇ ਸੀਗੇ ਸ਼ਾਮ ਸਵੇਰੇ ਜੀ।
ਜੋ ਰਾਜੇ ਹਮਲੇ ਕਰਕੇ ਸੀ ਜਹਾਂਗੀਰ ਨੇ ਘੇਰੇ ਜੀ।
ਉਸ ਕਿਲੇ ਅੰਦਰ ਜ਼ਿੰਦਗੀ ਦੇ ਕਈਆਂ ਪੰਧ ਮੁਕਾਏ ਨੇ।
ਮੇਰੇ ਦਾਤਾ ਬੰਦੀ ਛੋੜ ਛੇਵੇਂ ਸਤਿਗੁਰ ਆਏ ਨੇ।
ਉਸ ਬੇ-ਅਕਲੇ ਜਹਾਂਗੀਰ ਨੇ ਫੜ੍ਹ ਲਿਆ ਮੇਰੇ ਸਤਿਗੁਰ ਨੂੰ।
ਉਸ ਕਿਲ੍ਹੇ ਅੰਦਰ ਸੀ ਕੈਦ ਕਰ ਲਿਆ ਮੇਰੇ ਸਤਿਗੁਰ ਨੂੰ।
ਜਿੱਥੇ ਹਾਏ ਹਾਏ ਸੀ ਹੁੰਦੀ ਓਥੇ ਕੀਰਤਨ ਹੋਣ ਲੱਗਾ ।
ਮੇਰੇ ਸਤਿਗੁਰ ਦਾ ਦੀਦਾਰ,ਸਭ ਦੇ ਦੁੱਖ ਮਿਟਾਉਣ ਲੱਗਾ।
ਉਹ ਥਾਨ ਸੁਹੰਦਾ ਜਿੱਥੇ ਚਰਨ ਗੁਰਾਂ ਨੇ ਪਾਏ ਨੇ।
ਮੇਰੇ ਦਾਤਾ ਬੰਦੀ ਛੋੜ ਛੇਵੇਂ ਸਤਿਗੁਰ ਆਏ ਨੇ।
ਸੱਭ ਸੰਗਤਾ ਹੋਈਆਂ ਵਿਆਕੁਲ, ਹੁੰਦੇ ਸੀ ਦੀਦਾਰ ਨਾ।
ਸੀ ਸਮਾਂ ਹੋ ਗਿਆ ਕਾਫੀ ਸਤਿਗੁਰ ਆਏ ਬਾਹਰ ਨਾ।
ਨਾ ਕਿਲੇ ਦੇ ਅੰਦਰ ਜਾਣ ਦੀ ਆਗਿਆ ਹੁੰਦੀ ਸਿੱਖਾਂ ਨੂੰ।
ਸੀ ਪੀੜ ਵਿਛੋੜੇ ਵਾਲੀ ਪਈ ਸਤਾਉਂਦੀ ਸਿੱਖਾਂ ਨੂੰ।
ਉਨ੍ਹਾਂ ਬਾਬਾ ਬੁੱਢਾ ਜੀ ਕੋਲ ਜਾ ਕੇ ਅਰਜ਼ਾਂ ਕਰੀਆਂ ਜੀ।
ਬੇਖੌਫ ਹੋ ਕੇ ਬੈਠਾ ਜਹਾਂਗੀਰ, ਤੇ ਕਰਦਾ ਅੜੀਆਂ ਜੀ।
ਫਿਰ ਬਾਬਾ ਬੁੱਢਾ ਜੀ ਨੇ ਡਿਊਟੀ ਲਾਈ ਸਿੱਖ਼ਾਂ ਦੀ।
ਓਸ ਜਹਾਂਗੀਰ ਨੂੰ ਤਾਕਤ ਅਸਲ ਵਿਖਾਈ ਸਿੱਖਾਂ ਦੀ।
ਭਾਈ ਜੇਠਾ ਜੀ, ਤੇ ਬਿਧੀਚੰਦ ਨੇ ਸਵਾਂਗ ਰਚਾਇਆ ਜੀ।
ਜਾ ਸੁਪਨੇ ਦੇ ਵਿਚ ਜਹਾਂਗੀਰ ਨੂੰ ਬਹੁਤ ਡਰਾਇਆ ਜੀ।
ਉਹ ਤੌਬਾ ਤੌਬਾ ਕਰਦਾ ਮੀਆਂ ਮੀਰ ਕੋ ਆਇਆ ਜੀ।
ਕਹੇ ਸੁਪਨੇ ਦੇ ਵਿੱਚ ਸ਼ੇਰਾਂ ਮੈਨੂੰ ਬਹੁਤ ਸਤਾਇਆ ਜੀ।
ਫਿਰ ਮੀਆਂਮੀਰ ਜੀ ਆਂਦੇ ਕੈਦ ਖ਼ੁਦਾ ਨੂੰ ਕਰਿਆ ਤੂੰ।
ਇੱਕ ਅੱਧੀ ਰਾਤ ਚ ਸ਼ੇਰਾਂ ਹੱਥੋਂ ਮਰਿਆ ਈ ਮਰਿਆ ਤੂੰ।
ਜਾਂ ਹੱਥ ਜੋੜ ਕੇ ਸਤਿਗੁਰ ਕੋਲੋਂ ਭੁੱਲ ਬਖਸ਼ਾ ਲੈ ਤੂੰ।
ਚਰਨਾਂ ਵਿੱਚ ਸੀਸ ਝੁਕਾ ਕੇ ਬਚਦੀ ਜਾਨ ਬਚਾ ਲੈ ਤੂੰ।
ਫਿਰ ਬਿਨਾ ਡੇਰੀਓਂ ਜਹਾਂਗੀਰ ਨੇ ਕਿਲ੍ਹੇ ਚ ਜਾ ਕੇ ਜੀ।
ਹੁਣ ਸਤਿਗੁਰ ਜੀ ਤੁਸੀ ਜਾਓ ਆਖਿਆ ਸੀਸ ਝੁਕਾ ਕੇ ਜੀ।
ਗੁਰੂ ਹਰਗੋਬਿੰਦ ਜੀ ਕਹਿੰਦੇ ਏਦਾਂ ਨਾ ਅਸੀਂ ਜਾਣਾ ਹੈ।
ਜੋ ਕੀਤੇ ਨੇ ਤੂੰ ਕੈਦ ਇਨ੍ਹਾਂ ਨੂੰ ਨਾਲ਼ ਲਿਜਾਣਾ ਹੈ।
ਉਹ ਸੋਚ ਵਿਚਾਰ ਕੇ ਕਹਿੰਦਾ ਮੇਰਾ ਜੋਰ ਹੈ ਕਾਹਦਾ ਜੀ।
ਪਰ ਓਹੀ ਜਾ ਸਕਦਾ ਜੋ ਪੱਲਾ ਫੜਲੇ ਤੁਹਾਡਾ ਜੀ।
ਫਿਰ ਬਾਵਨ ਕਲੀਆ ਚੋਲਾ ਸਤਿਗੁਰ ਨੇ ਬਣਵਾਇਆ ਜੀ।
ਉਮਰਾਂ ਲਈ ਬੱਝੇ ਰਾਜਿਆਂ ਨੂੰ ਗੁਰਾਂ ਮੁਕਤ ਕਰਾਇਆ ਜੀ।
ਓਨ੍ਹਾਂ ਰਾਜਿਆਂ ਦਾਤਾ ਬੰਦੀ ਛੋੜ ਆਖਿਆ ਸਤਿਗੁਰ ਨੂੰ।
ਤੂੰ ਖੁਦ ਖ਼ੁਦਾ ਹੈਂ ਖੁਦਾ ਨਾ ਹੋਰ ਆਖਿਆ ਸਤਿਗੁਰ ਨੂੰ।
ਫਿਰ ਗਵਾਲੀਅਰ ਤੋਂ ਸਤਿਗੁਰ ਅੰਮ੍ਰਿਤਸਰ ਨੂੰ ਆਏ ਨੇ।
ਇਸ ਖੁਸ਼ੀ ਚ ਬਾਬਾ ਬੁੱਢਾ ਜੀ ਨੇ ਦੀਪ ਜਗਾਏ ਨੇ।
ਬੰਡਾਲੇ ਵਾਲ਼ਾ ਪਰਗਟ ਅਰਜ਼ ਗੁਜਾਰੇ ਸਤਿਗੁਰ ਜੀ।
ਕੱਟ ਮੇਹਰਾਂ ਵਾਲਿਆ ਸਾਡੇ ਬੰਧਨ ਭਾਰੇ ਸਤਿਗੁਰ ਜੀ।
ਸ਼ੁਕਰਾਨਾ ਕਰਨਾ ਆ ਜੇ, ਏਹੀ ਤਰਲੇ ਪਾਏ ਨੇ।
ਮੇਰੇ ਦਾਤਾ ਬੰਦੀ ਛੋੜ ਛੇਵੇਂ ਸਤਿਗੁਰ ਆਏ ਨੇ।
ਪੜ੍ਹੋ :- ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੇ ਕਵਿਤਾ | ਰਾਵੀ ਦੇਆ ਪਾਣੀਆਂ
ਕੰਮੈਂਟ ਬਾਕਸ ਵਿੱਚ ” ਬੰਦੀ ਛੋੜ ਦਿਵਸ ਤੇ ਕਵਿਤਾ ” ( Punjabi Poem On Bandi Chhod Diwas ) ਬਾਰੇ ਆਪਣੀ ਰਾਇ ਜਰੂਰ ਲਿਖੋ। ਜਿਸ ਨਾਲ ਲੇਖਕ ਦੀ ਹਿੰਮਤ ਅਤੇ ਸਤਿਕਾਰ ਵਧਾਇਆ ਜਾ ਸਕੇ।
ਜੇਕਰ ਤੁਸੀਂ ਵੀ ਰੱਖਦੇ ਹੋ ਲਿਖਣ ਦਾ ਹੁਨਰ ਅਤੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਰਚਨਾ ਬਲਾੱਗ ਰਾਹੀਂ ਸਾਰੇ ਪਾਠਕਾਂ ਤਕ ਪਹੁੰਚੇ। ਤਾਂ ਆਪਣੀ ਕਵਿਤਾ, ਕਹਾਣੀ ਜਾਂ ਲੇਖ ਭੇਜੋ ਇਸ ਈ-ਮੇਲ blogapratim@gmail.com ਤੇ ਜਾਂ ਸਾਡੇ ਵਹਟਸਐੱਪ ਨੰਬਰ 9115672434 ਤੇ।
ਪੰਜਾਬੀ ਭਾਸ਼ਾ ਚ ਰਚਨਾਵਾਂ ਨੂੰ ਸਪੋਰਟ ਕਾਰਨ ਲਈ ਲਾਇਕ ਕਰੋ ਸਾਡਾ ਫੇਸਬੁੱਕ ਪੇਜ।
ਧੰਨਵਾਦ।