Punjabi Poem On Sawan | ਸਾਵਨ ਤੇ ਪੰਜਾਬੀ ਕਵਿਤਾ
Punjabi Poem On Sawan – ਤੁਸੀਂ ਪੜ੍ਹ ਰਹੇ ਹੋ ਸਾਵਨ ਤੇ ਪੰਜਾਬੀ ਕਵਿਤਾ :-
Punjabi Poem On Sawan
ਮੈਂ ਵਾਰੀ ਤੈਥੋਂ ਸਾਵਨ ਮਹੀਨਿਆਂ
ਤੂੰ ਵਿਛੜੀਆਂ ਸਖੀਆਂ ਮਿਲਾਵੇਂ।
ਮੈਂ ਛੱਡ ਆਈ ਦੇਸ ਬਾਬਲੇ ਦਾ,
ਉਸ ਦੇਸ਼ ਦੇ ਤੂੰ ਦੀਦ ਕਰਾਵੇਂ।
ਜਾਨ ਤੋਂ ਪਿਆਰੀ ਸ਼ਹਿਜ਼ਾਦੀ ਸੀ ਮੈਂ ਬਾਪ ਦੀ।
ਬਾਬਲ ਦੇ ਵਿਹੜੇ ਤੋਂ ਲੁਕਾਈ ਛੋਟੀ ਜਾਪਦੀ।
ਮੈਂ ਬੇਬੇ ਬਾਪੂ ਜਾ ਨਿਹਾਰਨੇ,
ਤੇ ਵੀਰਾਂ ਨੂੰ ਵੀ ਲੈਣਾ ਹੈ ਕਲਾਵੇ।
ਮੈਂ ਵਾਰੀ ਤੈਥੋਂ ਸਾਵਨ ਮਹੀਨਿਆਂ
ਤੂੰ ਵਿਛੜੀਆਂ ਸਖੀਆਂ ਮਿਲਾਵੇਂ।
ਜਿੱਥੇ ਪੀਂਘਾਂ ਝੂਟੀ ਜਿਥੇ ਖੇਡੀ ਸੀ ਮੈਂ ਗੀਟੀਆਂ।
ਸਖੀਆਂ ਦੇ ਨਾਲ ਜਿੱਥੇ ਖੇਡਾਂ ਸੀ ਮੈਂ ਕੀਤੀਆਂ
ਉਹ ਥਾਂ ਨੂੰ ਜਾ ਕੇ ਚੁਮਣਾਂ ਹੈ ਮੈਂ
ਜਿੱਥੋਂ ਮਹਿਕ ਬਚਪਨ ਦੀ ਆਵੇ।
ਮੈਂ ਵਾਰੀ ਤੈਥੋਂ ਸਾਵਨ ਮਹੀਨਿਆਂ
ਤੂੰ ਵਿਛੜੀਆਂ ਸਖੀਆਂ ਮਿਲਾਵੇਂ।
ਉਮਰਾਂ ਦੀ ਸਾਂਝ ਮੈਂ ਤਾਂ ਸਖੀਆਂ ਨਾ ਪਾਈ ਸੀ।
ਹੋਈਆਂ ਸਾਂਝਾ ਚੂਰ ਜਦੋਂ ਡੋਲੀ ਚੜ੍ਹ ਆਈ ਸੀ।
ਤੇ ਹੌਲੀ ਹੌਲੀ ਸਖੀਆਂ ਦੇ ਵੀ
ਸਮੇਂ ਸਮੇਂ ਤੇ ਤੁਰੇ ਮੁਕਲਾਵੇ।
ਮੈਂ ਵਾਰੀ ਤੈਥੋਂ ਸਾਵਨ ਮਹੀਨਿਆਂ
ਤੂੰ ਵਿਛੜੀਆਂ ਸਖੀਆਂ ਮਿਲਾਵੇਂ
ਕੁੜੀਆਂ ਤੇ ਚਿੜੀਆਂ ਦੀ ਗਾਥਾ ਵੀ ਅਜੀਬ ਹੈ।
ਕਿੱਥੇ ਜੰਮੀ ਕਿੱਥੇ ਵੱਸੀ ਕੈਸਾ ਇਹ ਨਸੀਬ ਹੈ।
ਵੇ ਸਾਡਾ ਕੀ ਐ ਵੀਰਾ ਸਾਵਣਾ
ਕੋਈ ਬੇਗਾਨੀ ਕੋਈ ਪਰਾਈ ਕਹਿ ਬੁਲਾਵੇ।
ਮੈਂ ਵਾਰੀ ਤੈਥੋਂ ਸਾਵਨ ਮਹੀਨਿਆਂ
ਤੂੰ ਵਿਛੜੀਆਂ ਸਖੀਆਂ ਮਿਲਾਵੇਂ।
ਸੱਚੀਂ ਵੀਰਾ ਸਾਵਣਾ ਤੂੰ ਪੁੰਨ ਕਮਾਵੇਂ ਵੇ।
ਜਾਣ ਤੋਂ ਪਿਆਰਿਆਂ ਦਾ ਮੇਲ ਕਰਾਵੇਂ ਵੇ।
ਬੰਡਾਲਾ ਪਿੰਡ ਝੂੰਮ ਉੱਠਦਾ
ਟੋਲਾ ਸਖੀਆਂ ਦਾ ਤੀਆਂ ਨੂੰ ਜਾਂ ਜਾਵੇ।
ਮੈਂ ਵਾਰੀ ਤੈਥੋਂ ਸਾਵਨ ਮਹੀਨਿਆਂ
ਤੂੰ ਵਿਛੜੀਆਂ ਸਖੀਆਂ ਮਿਲਾਵੇਂ।
ਪੜ੍ਹੋ :- ਪੰਜਾਬੀ ਕਵਿਤਾ | ਆ ਵੇ ਸੌਣ ਮਹੀਨਿਆਂ
ਕੰਮੈਂਟ ਬਾਕਸ ਵਿੱਚ ” ਸਾਵਣ ਤੇ ਕਵਿਤਾ ” ( Punjabi Poem On Sawan ) ਬਾਰੇ ਆਪਣੀ ਰਾਇ ਜਰੂਰ ਲਿਖੋ। ਜਿਸ ਨਾਲ ਲੇਖਕ ਦੀ ਹਿੰਮਤ ਅਤੇ ਸਤਿਕਾਰ ਵਧਾਇਆ ਜਾ ਸਕੇ।
ਜੇਕਰ ਤੁਸੀਂ ਵੀ ਰੱਖਦੇ ਹੋ ਲਿਖਣ ਦਾ ਹੁਨਰ ਅਤੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਰਚਨਾ ਬਲਾੱਗ ਰਾਹੀਂ ਸਾਰੇ ਪਾਠਕਾਂ ਤਕ ਪਹੁੰਚੇ। ਤਾਂ ਆਪਣੀ ਕਵਿਤਾ, ਕਹਾਣੀ ਜਾਂ ਲੇਖ ਭੇਜੋ ਇਸ ਈ-ਮੇਲ [email protected] ਤੇ ਜਾਂ ਸਾਡੇ ਵਹਟਸਐੱਪ ਨੰਬਰ 9115672434 ਤੇ।
ਪੰਜਾਬੀ ਭਾਸ਼ਾ ਚ ਰਚਨਾਵਾਂ ਨੂੰ ਸਪੋਰਟ ਕਰਨ ਲਈ ਲਾਇਕ ਕਰੋ ਸਾਡਾ ਫੇਸਬੁੱਕ ਪੇਜ।
ਧੰਨਵਾਦ।