Shaheed Udham Singh Poem In Punjabi | ਸ਼ਹੀਦ ਊਧਮ ਸਿੰਘ ਜੀ ਤੇ ਪੰਜਾਬੀ ਕਵਿਤਾ
Shaheed Udham Singh Poem In Punjabi
Shaheed Udham Singh Poem In Punjabi
ਮਿਹਰਾਂ ਵਾਲਿਆ ਮਿਹਰ ਦੀ ਨਜ਼ਰ ਕਰਦੇ,
ਕੁਝ ਬੋਲ ਝੋਲੀ ਵਿਚ ਪਾ ਸਾਈਆਂ ।
ਬੈਠ ਗਏ ਹਾਂ ਹੱਥ ਵਿਚ ਕਲਮ ਫ਼ੜ ਕੇ,
ਕਿਰਪਾ ਕਰ ਕੇ ਕਲਮ ਚਲਾ ਸਾਂਈਆਂ।
ਝੋਲੀ ਅੱਡ ਕੇ ਲਫਜ਼ਾਂ ਦੀ ਦਾਤ ਮੰਗਾਂ
ਇਸ ਕਲਮ ਨੂੰ ਭਾਗ ਲਗਾ ਸਾਈਆਂ।
ਪਰਗਟ ਜੋੜ ਕੇ ਹੱਥ ਅਰਦਾਸ ਕਰਦਾ,
ਨੇੜੇ ਹੋਕੇ ਸੁਣੀਂ ਖ਼ੁਦਾ ਸਾਈਆਂ।
ਹਿੰਦੂ ਟੱਲ ਖੜਕਾਉਣ ਲੱਗੇ ਮੰਦਰਾਂ ਚੋਂ
ਮੁਸਲਮਾਨ ਸੀ ਪੜ੍ਹਨ ਨਮਾਜ਼ ਲੱਗੇ।
ਗੁਰੂ ਘਰਾਂ ਵਿੱਚ ਹੋਣ ਪ੍ਰਕਾਸ਼ ਲੱਗਾ
ਪਾਠੀ ਸਿੰਘ ਸੀ ਲੈਣ ਆਵਾਜ਼ ਲੱਗੇ।
ਪੰਛੀ ਗਾਉਣ ਲਈ ਗੀਤ ਤਿਆਰ ਹੋਸੀ,
ਗਵਈਏ ਉੱਠ ਕੇ ਕਰਨ ਰਿਆਜ਼ ਲੱਗੇ।
ਪਾਈ ਚਾਟੀ ਮਧਾਣੀ ਸੁਆਣੀਆਂ ਨੇ,
ਜੰਮ ਗਏ ਸੀ ਦੁੱਧ,ਜੋ ਜਾਗ ਲੱਗੇ।
26 ਦਸੰਬਰ 1899 ਨੂੰ ਜਦੋਂ
ਫ਼ਕੀਰ ਸੀ ਕਰਨ ਨਿਆਜ਼ ਲੱਗੇ।
ਊਧਮ ਸਿੰਘ ਸੀ ਜਨਮਿਆ ਸੁਨਾਮ ਅੰਦਰ,
ਹਰਨਾਮ ਕੌਰ ਦੀ ਕੁੱਖ ਨੂੰ ਭਾਗ ਲੱਗੇ।
ਟਹਿਲ ਸਿੰਘ ਦੀ ਕੁੱਲ ਵਿੱਚ ਫੁੱਲ ਖਿੜਿਆ,
ਨੂਰੀ ਮੁੱਖ ਤੇ ਤੇਜ ਮਹਿਤਾਬ ਦਾ ਜੀ।
ਰੂਪ ਓਸ ਦਾ ਮਨਾਂ ਨੂੰ ਮੋਹਣ ਲੱਗਾ,
ਮਹਿਕਾਂ ਵੰਡਦਾ ਫੁੱਲ ਗੁਲਾਬ ਦਾ ਜੀ।
ਵੇਖ ਘਰ ਵਿੱਚ ਜਨਮਿਆਂ ਵੀਰ ਛੋਟਾ,
ਸਾਧੂ ਸਿੰਘ ਖੁਸ਼ ਹੋਇਆ ਬੇ ਹਿਸਾਬ ਦਾ ਜੀ।
ਊਧਮ ਸਿੰਘ ਦੇ ਮੱਥੇ ਦਾ ਤੇਜ ਦੱਸਦਾ,
ਹੈ ਇਹ ਜੋਧਾ ਮਹਾਂਣ ਪੰਜਾਬ ਦਾ ਜੀ।
ਦੋ ਸਾਲਾਂ ਦਾ ਹੋਇਆ ਤਾਂ ਮਾਂ ਤੁਰ ਗਈ,
ਹੋਇਆ ਅੱਠਾਂ ਦਾ ਬਾਪੂ ਵੀ ਨਾ ਨਾਂ ਰਹਿਆ।
ਹੋਇਆ 14 ਦਾ ਸਾਧੂ ਸਿੰਘ ਵੀਰ ਤੁਰ ਗਿਆ,
ਭੈੜੀ ਮੌਤ ਨੂੰ ਕਿਸੇ ਕੁਝ ਨਾ ਕਹਿਆ।
ਮਾਪੇ ਮਰਨ ਤੇ ਦੁਖ ਜੋ ਸਹਿਣਾ ਪੈਂਦਾ,
ਐਸਾ ਦੁੱਖ ਹੋਰ ਕਿਸੇ ਨੇ ਨਹੀਂ ਸਹਿਆ।
ਲੱਖ ਰਿਸ਼ਤੇਦਾਰ ਹੋਣ ਲਖ ਵਾਰੀ,
ਐ ਪਰ ਹੁੰਦਾ ਨਾ ਕੋਈ ਮਾਂ ਪਿਓ ਜਹਿਆ।
ਮਾਪੇ ਤੁਰ ਗਏ ਵੀਰ ਵੀ ਛੱਡ ਤੁਰਿਆ,
ਸਿਰ ਦੁੱਖਾਂ ਦਾ ਪਹਾੜ ਓਹਦੇ ਢੈਣ ਲੱਗਾ।
ਛੱਡ ਸੁਨਾਮ ਨੂੰ ਅੰਮ੍ਰਿਤਸਰ ਆਇਆ,
ਜਤੀਮ ਖਾਨੇ ਵਿੱਚ ਊਧਮ ਸਿੰਘ ਰਹਿਣ ਲੱਗਾ।
ਜਿਵੇਂ ਚਮਕ ਨੂੰ ਹੋਰ ਵਧਾਉਣ ਵਾਸਤੇ,
ਕੰਚਨ ਪਰਖ ਦੀ ਭੱਠੀ ਵਿੱਚ ਪੈਣ ਲੱਗਾ ।
ਊਧਮ ਸਿੰਘ ਸਰਦਾਰ ਦੇ ਹੌਸਲੇ ਦੀ,
ਇੰਝ ਜਾਪੇ ਪਰਖ ਸਮਾਂ ਲੈਣ ਲੱਗਾ।
ਜਦੋਂ ਜਲਿਆਂਵਾਲੇ ਬਾਗ ਅੰਦਰ,
ਜ਼ੁਲਮ ਹੋਇਆ ਆਜ਼ਾਦੀ ਦਿਆਂ ਲਾੜ੍ਹਿਆਂ ਤੇ।
ਮੀਂਹ ਵਾਂਗ ਵਰ੍ਹਾਈਆਂ ਗੋਲੀਆਂ ਸੀ,
ਜ਼ਾਲਮ ਸਰਕਾਰ ਨੇ ਨਿਹੱਥਿਆਂ ਵਿਚਾਰਿਆਂ ਤੇ।
ਊਧਮ ਸਿੰਘ ਨੇ ਖਾਧੀ ਸੀ ਕਸਮ, ਖੜ੍ਹ ਕੇ ,
ਲਹੂ ਮਿੱਝ ਦੇ ਪਏ ਖਲਾਰਿਆਂ ਤੇ।
ਭਾਜੀ ਮੋੜਾਂਗਾ ਦੂਣ-ਸਵਾਈ ਕਰਕੇ,
ਭਾਰੀ ਪਊਂਗਾ ਜ਼ਾਲਮਾਂ ਭਾਰਿਆਂ ਤੇ।
ਬਦਲਾ ਲਏ ਬਿਨ ਅੱਗ ਇਹ ਬੁੱਝਨੀਂ ਨਾਂ,
ਜੇੜੀ ਬਲੀ਼ ਹੈ ਅੱਗ ਸਰੀਰ ਅੰਦਰ।
ਹੇਰ ਫੇਰ ਤਾਂ ਸਮੇਂ ਦਾ ਹੋ ਸਕਦੈ,
ਫਰਕ ਪੈਣਾ ਨਹੀਂ ਸਾਡੀ ਜ਼ਮੀਰ ਅੰਦਰ।
ਜਿੰਨਾ ਚਿਰ ਨਹੀਂ ਵੈਰੀ ਨੂੰ ਢੇਰ ਕਰਦੇ,
ਸਾਂਭ ਰੱਖਾਂਗੇ ਬਾਗ ਦੀ ਪੀੜ ਅੰਦਰ।
ਸਿੱਖ ਗੁਰੂ ਦਾ ਬਚਨ ਦਾ ਬਲੀ ਹੁੰਦੈ,
ਨਹੀਂ ਡੋਲਦਾ ਬਣੀ ਹੋਈ ਭੀੜ ਅੰਦਰ।
ਕਈ ਮੁਸ਼ਕਲਾਂ ਮੁਸੀਬਤਾਂ ਕਈ ਵਾਰ ਆਈਆਂ,
ਰਾਹੀ ਬਿਨਾ ਰੁਕੇ ਪੰਧ ਮਕੌਣ ਲੱਗਾ।
ਵੀਹ ਸਾਲਾਂ ਦੀ ਲੰਮੀ ਉਡੀਕ ਪਿਛੋਂ,
ਅੱਜ ਸਮਾਂ ਸੁਭਾਗਾ ਆਉਣ ਲੱਗਾ।
ਅੱਜ ਲੰਡਨ ਦੇ ਕੈਕਸਟਨ ਹਾਲ ਅੰਦਰ,
ਕੋਈ ਮੀਟਿੰਗ ਅੰਗਰੇਜ਼ਾਂ ਦੀ ਹੋਣ ਲੱਗੀ।
ਭੇਸ ਬਦਲ ਕੇ ਉਧਮ ਸਿੰਘ ਗਿਆ ਓਥੇ,
ਅੱਜ ਘੜੀ ਸੁਲੱਖਣੀ ਆਉਣ ਲੱਗਾ।
ਜਦ ਓਡਵਾਇਰ ਸੀ ਦੇ ਕੇ ਸਪੀਚ ਹਟਿਆ,
ਉਧਮ ਸਿੰਘ ਸੀ ਤਾਂਣ ਹਥਿਆਰ ਦਿੱਤਾ।
ਬੇਦੋਸਾਂ ਦੇ ਕਤਲ ਦੇ ਦੋਸ਼ੀ ਨੂੰ ,
ਸ਼ਰੇਆਮ ਯੋਧੇ ਨੇ ਲਲਕਾਰ ਦਿੱਤਾ ।
ਸਬ ਦੀਆਂ ਮੂੰਹ ਵਿੱਚ ਉਂਗਲਾਂ ਪੈ ਗਈਆਂ,
ਜਦੋਂ ਸ਼ੇਰ ਨੇ ਕਰ ਸ਼ਿਕਾਰ ਦਿੱਤਾ।
ਘੋੜਾ ਦੱਬਿਆਂ ਬੰਦੂਕ ਦਾ ਸੂਰਮੇ ਨੇ,
ਮਾਈਕਲ ਫਰਾਂਸਿਸ ਨੂੰ ਥਾਂ ਤੇ ਮਾਰ ਦਿੱਤਾ।
ਉਡਵਾਇਰ ਡਿੱਗਿਆਂ ਜ਼ਿਮੀਂ ਤੇ ਤੜ੍ਹਾ ਕਰਕੇ,
ਊਧਮ ਸਿੰਘ ਨੇ ਮੋੜ ਉਧਾਰ ਦਿੱਤਾ।
ਫੇਰ ਯੋਧੇ ਨੇ ਉੱਚੀ ਅਵਾਜ਼ ਦਿੱਤੀ
ਊਧਮ ਸਿੰਘ ਸਰਦਾਰ ਹੈ ਨਾਮ ਮੇਰਾ।
ਮੈਂ ਪੁੱਤ ਹਾਂ ਧਰਤ ਪੰਜਾਬ ਦੀ ਦਾ ,
ਦੇਸ਼ ਭਗਤਾਂ ਨੂੰ ਸਦਾ ਪਰਨਾਮ ਮੇਰਾ।
ਉਡਵਾਇਰ ਮਾਰਿਆ ਹੋਸ਼-ਓ-ਹਵਾਸ਼ ਅੰਦਰ,
ਪੂਰਾ ਹੋਇਆ ਹੈ ਅੱਜ ਇੰਤਕਾਮ ਮੇਰਾ।
20 ਸਾਲਾਂ ਤੋਂ ਬੋਝ ਸੀ ਸਿਰ ਮੇਰੇ,
ਖਾਣਾ ਪੀਣਾ ਸੀ ਹੋਇਆ ਹਰਾਮ ਮੇਰਾ।
ਪਰਗਟ ਸਿੰਘਾ ਮੈਂ ਸੁਰਖ਼ਰੂ ਅੱਜ ਹੋਇਆ,
ਨਹੀਂ ਫ਼ਿਕਰ ਕੀ ਹੋਊ ਇਲਜ਼ਾਮ ਮੇਰਾ।
ਜੁਲਾਈ ਕੱਤੀ 1940 ਨੂੰ,
ਊਧਮ ਸਿੰਘ ਸ਼ਹੀਦੀਆਂ ਪਾ ਗਿਆ।
ਰਿਣੀ ਰਹੂਗੀ ਯੋਧਿਆ ਕੌਮ ਤੇਰੀ
ਤੂੰ ਕੌਂਮ ਸਿਰੋਂ ਕਰਜ਼ਾ ਲਾਹ ਗਿਆ ।
ਪੂਰਾ ਸਿੱਖ ਸਰਦਾਰ ਕਹਿਣੀ ਕਰਨੀ ਦਾ,
ਮੂੰਹੋ ਕੱਢੇ ਹੋਏ ਬੋਲ ਪੁਗਾ ਗਇਆ।
ਊਧਮ ਸਿੰਘ ਸਰਦਾਰ ਬੰਡਾਲੀਆ ਵੇ
ਜ਼ਿੰਦਗਾਨੀ ਨੂੰ ਕੌਮ ਲੇਖੇ ਲਾ ਗਇਆ
ਪੜ੍ਹੋ :- ਜਲਿਆਂਵਾਲਾ ਬਾਗ ਤੇ ਕਵਿਤਾ | Jallianwala Bagh Poem In Punjabi
ਕੰਮੈਂਟ ਬਾਕਸ ਵਿੱਚ ” ਸ਼ਹੀਦ ਊਧਮ ਸਿੰਘ ਜੀ ਤੇ ਪੰਜਾਬੀ ਕਵਿਤਾ ” ( Shaheed Udham Singh Poem In Punjabi ) ਬਾਰੇ ਆਪਣੀ ਰਾਇ ਜਰੂਰ ਲਿਖੋ। ਜਿਸ ਨਾਲ ਲੇਖਕ ਦੀ ਹਿੰਮਤ ਅਤੇ ਸਤਿਕਾਰ ਵਧਾਇਆ ਜਾ ਸਕੇ।
ਜੇਕਰ ਤੁਸੀਂ ਵੀ ਰੱਖਦੇ ਹੋ ਲਿਖਣ ਦਾ ਹੁਨਰ ਅਤੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਰਚਨਾ ਬਲਾੱਗ ਰਾਹੀਂ ਸਾਰੇ ਪਾਠਕਾਂ ਤਕ ਪਹੁੰਚੇ। ਤਾਂ ਆਪਣੀ ਕਵਿਤਾ, ਕਹਾਣੀ ਜਾਂ ਲੇਖ ਭੇਜੋ ਇਸ ਈ-ਮੇਲ blogapratim@gmail.com ਤੇ ਜਾਂ ਸਾਡੇ ਵਹਟਸਐੱਪ ਨੰਬਰ 9115672434 ਤੇ।
ਪੰਜਾਬੀ ਭਾਸ਼ਾ ਚ ਰਚਨਾਵਾਂ ਨੂੰ ਸਪੋਰਟ ਕਰਨ ਲਈ ਲਾਇਕ ਕਰੋ ਸਾਡਾ ਫੇਸਬੁੱਕ ਪੇਜ।
ਧੰਨਵਾਦ।