Bhrun Hatya Essay In Punjabi Language | ਭਰੂਣ ਹੱਤਿਆ ਤੇ ਲੇਖ
Bhrun Hatya Essay In Punjabi – ਤੁਸੀਂ ਪੜ੍ਹਨ ਜਾ ਰਹੇ ਹੋ ” ਭਰੂਣ ਹੱਤਿਆ ਤੇ ਲੇਖ ” –
Bhrun Hatya Essay In Punjabi

ਸਮਾਜ ਦੀ ਸਭ ਤੋਂ ਛੋਟੀ ਇਕਾਈ ਇੱਕ ਪਰਿਵਾਰ ਨੂੰ ਮੰਨਿਆ ਜਾਂਦਾ ਹੈ। ਔਰਤ ਅਤੇ ਮਰਦ ਦੋਵੇਂ ਪਰਿਵਾਰਦੀ ਰੂਪੀ ਗੱਡੀ ਦੇ ਦੋ ਪਹੀਏ ਹਨ। ਦੋਵੇਂ ਇੱਕ-ਦੂਜੇ ਦੇ ਪੂਰਕ ਹਨ। ਕੋਈ ਵੀ ਵੱਡਾ ਜਾਂ ਛੋਟਾ, ਚੰਗਾ ਜਾਂ ਮਾੜਾ ਨਹੀਂ। ਪਰ ਅੱਜ ਦੇ ਸਮੇਂ ਵਿੱਚ ਮਨੁੱਖ ਦੀ ਸੋਚ ਵਿੱਚ ਏਨੀ ਜ਼ਿਆਦਾ ਗਿਰਾਵਟ ਆ ਚੁੱਕੀ ਹੈ ਕਿ ਉਹ ‘ਜੱਗ-ਜਣਨੀ’ ਔਰਤ ਨੂੰ ਵਾਧੂ ਅਤੇ ਘਟੀਆ ਸਮਝਣ ਲੱਗ ਪਿਆ ਹੈ। ਹਾਲਾਤ ਏਨੇ ਬਦਤਰ ਹੋ ਗਏ ਹਨ ਕਿ ਧੀਆਂ ਨੂੰ ਜਨਮ ਲੈਣ ਤੋਂ ਪਹਿਲਾਂ ਹੀ ਖ਼ਤਮ ਕੀਤਾ ਜਾ ਰਿਹਾ ਹੈ। ਵਿਗਿਆਨਿਕ ਮਸ਼ੀਨਾਂ ਰਾਹੀਂ ਮਾਂ ਦੇ ਗਰਭ ਵਿੱਚ ਪਲ ਰਹੇ ਬੱਚੇ ਦੇ ਲਿੰਗ ਸੰਬੰਧੀ ਪਤਾ ਲਾ ਲਿਆ ਜਾਂਦਾ ਹੈ। ਜੇਕਰ ਬੱਚਾ ਮਾਦਾ ਹੋਵੇ ਤਾਂ ਉਸ ਨੂੰ ਖ਼ਤਮ ਕਰ ਦਿੱਤਾ ਜਾਂਦਾ ਹੈ।
ਮਾਂ ਦੀ ਕੁੱਖ ਵਿੱਚ ਵਿਕਸਿਤ ਹੋ ਰਿਹਾ ਬੱਚਾ ਜਦੋਂ ਲਗ-ਪਗ ਅੱਠ ਹਫ਼ਤਿਆਂ ਦਾ ਹੁੰਦਾ ਹੈ, ਉਸ ਨੂੰ ਭਰੂਣ ਕਿਹਾ ਜਾਂਦਾ ਹੈ। ਵਿਕਾਸ ਦੇ ਇਸ ਪੜਾਅ ਉੱਤੇ ਬੱਚੇ ਦੇ ਲਿੰਗ ਸਮੇਤ ਸਾਰੇ ਅੰਗਾਂ ਨੂੰ ‘ਅਲਟ੍ਰਾ-ਸਾਊਂਡ ਸਕੈਨਿੰਗ ਰਾਹੀਂ ਪਛਾਣਿਆ ਜਾ ਸਕਦਾ ਹੈ। ਜੇਕਰ ਭਰੂਣ ਦੀ ਪਛਾਣ ‘ਨਰ’ ਵਜੋਂ ਹੋਵੇ ਤਾਂ ਉਸ ਨੂੰ ਖ਼ੁਸ਼ੀ-ਖ਼ੁਸ਼ੀ ਸ੍ਰੀਕਾਰ ਕਰ ਲਿਆ ਜਾਂਦਾ ਹੈ। ਜੇਕਰ ਭਰੂਣ ‘ਮਾਦਾ’ ਹੋਵੇ ਤਾਂ ਹੀ ਉਸ ਦੀ ਹੱਤਿਆ ਕਰਵਾਈ ਜਾਂਦੀ ਹੈ। 1980 ਵਿੱਚ ‘ਅਲਟ੍ਰਾ-ਸਾਊਂਡ ਸਕੈਨਿੰਗ’ ਮਸ਼ੀਨਾਂ ਭਾਰਤ ਵਿੱਚ ਆਈਆਂ। ਉਦੋਂ ਤੋਂ ਹੀ ਮਾਦਾ-ਭਰੂਣ-ਹੱਤਿਆ ਸ਼ੁਰੂ ਹੋਈ ਹੈ ਜਿਸਦੇ ਨਤੀਜੇ ਵਜੋਂ ਸਮਾਜ ਵਿੱਚ ਅਸੰਤੁਲਨ ਪੈਦਾ ਹੋ ਰਿਹਾ ਹੈ ਅਤੇ ਔਰਤਾਂ ਦੀ ਗਿਣਤੀ ਮਰਦਾਂ ਦੇ ਮੁਕਾਬਲੇ ਘਟ ਰਹੀ ਹੈ।
ਭਾਰਤੀ ਸਮਾਜ ਵਿੱਚ ਔਰਤ ਦਾ ਮਹੱਤਵ ਸਮੇਂ-ਸਮੇਂ ਬਦਲਦਾ ਰਿਹਾ ਹੈ। ਵੈਦਿਕ ਕਾਲ ਵਿੱਚ ਔਰਤ ਦੀ ਸਥਿਤੀ ਬਹੁਤ ਸਨਮਾਨ ਵਾਲੀ ਸੀ। ਪੁਰਾਣਾਂ ਵਿੱਚ ਤਾਂ ਔਰਤ ਨੂੰ ਲੱਛਮੀ, ਸਰਸਵਤੀ ਅਤੇ ਸ਼ਕਤੀ ਦਾ ਰੂਪ ਮੰਨਿਆ ਗਿਆ ਹੈ। ਕਦੇ ਇਹ ਕਿਹਾ ਜਾਂਦਾ ਸੀ, “ਜਿਸ ਪਹਿਲੀ ਜਾਈ ਲੱਛਮੀ, ਸੋਈ ਕੁੱਖ ਸੁਲੱਖਣੀ।” ਅਰਥਾਤ ਜਿਹੜੀ ਔਰਤ ਪਹਿਲਾਂ ਧੀ ਦੀ ਮਾਂ ਬਣਦੀ ਹੈ, ਉਸ ਦੀ ਕੁੱਖ ਸੁਲੱਖਣੀ ਹੁੰਦੀ ਹੈ।
ਫਿਰ ਸਾਡੇ ਸਮਾਜ ਵਿੱਚ ਉਹ ਸਮਾਂ ਵੀ ਆਇਆ ਜਦੋਂ ਧੀਆਂ ਨੂੰ ਜਨਮ ਤੋਂ ਤੁਰੰਤ ਬਾਅਦ ਮੂੰਹ ਵਿੱਚ ਗੁੜ ਪਾ ਕੇ, ਹੱਥ ਵਿੱਚ ਪੂਣੀ ਫੜਾ ਕੇ, ਘੜੇ ਵਿੱਚ ਪਾ ਕੇ ਦੱਬ ਦਿੱਤਾ ਜਾਂਦਾ ਸੀ ਅਤੇ ਕਿਹਾ ਜਾਂਦਾ ਸੀ, “ਗੁੜ ਖਾਈਂ, ਪੂਣੀ ਕੱਤੀਂ; ਆਪ ਨਾ ਆਈਂ, ਵੀਰ ਨੂੰ ਘੱਤੀਂ, ਪਰ ਸਮਾਜ-ਸੁਧਾਰਕ ਇਸ ਕੁਰੀਤੀ ਨੂੰ ਭੰਡਦੇ ਰਹੇ ਹਨ। ਅੱਜ ਤੋਂ ਲਗ-ਪਗ ਪੰਜ ਸਦੀਆਂ ਪਹਿਲਾਂ ਗੁਰੂ ਨਾਨਕ ਦੇਵ ਜੀ ਨੇ ਔਰਤ ਜਾਤੀ ਪ੍ਰਤਿ ਸਤਿਕਾਰ ਪ੍ਰਗਟ ਕਰਦਿਆਂ ਆਖਿਆ ਸੀ, “ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ।” ਇਸੇ ਪ੍ਰਕਾਰ ਬਾਅਦ ਵਿੱਚ ਗੁਰੂ ਅਮਰਦਾਸ ਜੀ ਨੇ ‘ਸਤੀ-ਪ੍ਰਥਾ’ ਵਿਰੁੱਧ ਅਵਾਜ਼ ਉਠਾ ਕੇ ਔਰਤ ਦੇ ਹੱਕ ਦੀ ਗੱਲ ਕੀਤੀ।
ਨਿਰਸੰਦੇਹ ਔਰਤ ਤੋਂ ਬਿਨਾਂ ਸਮਾਜ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਵਿਚਾਰਨ ਦੀ ਲੋੜ ਹੈ ਕਿ ਧੀਆਂ ਪ੍ਰਤਿ ਮਾਪਿਆਂ ਅਤੇ ਸਮਾਜ ਦੀ ਸੋਚ ਨਾਂਹ-ਪੱਖੀ ਕਿਉਂ ਹੈ ? ਯਕੀਨਨ ਹੀ ਦਾਜ ਦੀ ਲਾਹਨਤ ਅਤੇ ਸਮਾਜਿਕ ਅਸੁਰੱਖਿਆ ਇਸ ਦਾ ਵੱਡਾ ਕਾਰਨ ਹੈ। ਅੱਜ ਦੇ ਪਦਾਰਥਵਾਦੀ ਯੁੱਗ ਵਿੱਚ ਦਾਜ ਵਿੱਚ ਮੰਗੀਆਂ ਜਾਣ ਵਾਲੀਆਂ ਵਸਤੂਆਂ ਦੀ ਕੋਈ ਸੀਮਾ ਨਹੀਂ ਰਹੀ। ਵਿਆਹਾਂ ਦੌਰਾਨ ਖਾਣ-ਪੀਣ ਦੇ ਸਮਾਨ ਅਤੇ ਸਜਾਵਟ ਆਦਿ ਕਰਨ ਦੇ ਖ਼ਰਚੇ ਵੀ ਬਹੁਤ ਵਧ ਗਏ ਹਨ। ਇਸ ਕਾਰਨ ਮਾਪੇ ਧੀਆਂ ਨੂੰ ਬੋਝ ਸਮਝਣ ਲੱਗੇ ਹਨ।
ਵਿਆਹ ਤੋਂ ਬਾਅਦ ਦਿੱਤੇ ਜਾਣ ਵਾਲੇ ਛਛਕ ਅਤੇ ਹਰੇਕ ਤਿਉਹਾਰ ਉੱਤੇ ਧੀ ਦੇ ਮਾਪਿਆਂ ਵੱਲੋਂ ਦਿੱਤੇ ਜਾਣ ਵਾਲੇ ਸੰਧਾਰੇ ਆਦਿ ਵੀ ਮਾਪਿਆਂ ਦਾ ਆਰਥਿਕ ਬੋਝ ਵਧਾਉਂਦੇ ਹਨ। ਸਾਡੇ ਸਮਾਜ ਵਿੱਚ ਨੈਤਿਕ ਕਦਰਾਂ-ਕੀਮਤਾਂ ਨਿਘਾਰ ਵੱਲ ਜਾ ਰਹੀਆਂ ਹਨ। ਅਨੈਤਿਕਤਾ ਦਾ ਬੋਲ-ਬਾਲਾ ਹੋ ਰਿਹਾ ਹੈ। ਪਰਾਈਆਂ ਔਰਤਾਂ ਨੂੰ ਮਾਂਵਾਂ, ਧੀਆਂ, ਭੈਣਾਂ ਸਮਝਣਾ ਹੁਣ ਸਾਡੇ ਚਰਿੱਤਰ ਦਾ ਅੰਗ ਨਹੀਂ ਰਿਹਾ। ਇਸੇ ਕਰਕੇ ਦੋਰ-ਸਵੇਰ ਘਰੋਂ ਨਿਕਲਨ ਲੱਗਿਆਂ ਲੜਕੀਆਂ ਅਸੁਰੱਖਿਅਤ ਮਹਿਸੂਸ ਕਰਦੀਆਂ ਹਨ।
ਧੀਆਂ ਨੂੰ ਜਨਮ ਤੋਂ ਪਹਿਲਾਂ ਹੀ ਖ਼ਤਮ ਕਰਨਾ ਕਿਸੇ ਸਮੱਸਿਆ ਦਾ ਹੱਲ ਨਹੀਂ। ਅਜਿਹਾ ਕਰਕੇ ਮਨੁੱਖ ਆਪਣੇ ਪੈਰੀਂ ਆਪ ਕੁਹਾੜਾ ਮਾਰ ਰਿਹਾ ਹੈ ਕਿਉਂਕਿ ਧੀਆਂ ਨੂੰ ਖ਼ਤਮ ਕਰਨ ਦਾ ਅਰਥ ਹੈ ਭਵਿਖ ਦੀਆਂ ਮਾਂਵਾਂ ਨੂੰ ਖ਼ਤਮ ਕਰਨਾ। ਇਸ ਬੁਰਾਈ ਦਾ ਅੰਤ ਕਰਨ ਲਈ ਸਰਕਾਰ ਨੇ ਕਨੂੰਨ ਬਣਾਏ ਹਨ ਅਤੇ ਲਿੰਗ-ਟੈੱਸਟ ਕਰਨ ਉੱਤੇ ਪੂਰੀ ‘ਪਾਬੰਦੀ ਲਾਈ ਹੋਈ ਹੈ। ਹਰ ਇੱਕ ਹਸਪਤਾਲ ਅਤੇ ‘ਅਲਟ੍ਰਾ-ਸਾਊਂਡ ਸਕੈਨਿੰਗ ਸੈਂਟਰਾਂ’ ਵਿੱਚ ਇਹ ਸੂਚਨਾ-ਬੋਰਡ ਲਾਉਣਾ ਜ਼ਰੂਰੀ ਹੈ। ਪਰ ਫਿਰ ਵੀ ਇਹ ਅਪਰਾਧ ਚੋਰੀ-ਛਿਪੇ ਹੁੰਦਾ ਰਹਿੰਦਾ ਹੈ।
ਇਹ ਕੁਕਰਮ ਕਰਨ ਵਾਲੇ ਡਾਕਟਰਾਂ ਅਤੇ ਮਾਪਿਆਂ ਉੱਤੇ ਸਮੇਂ-ਸਮੇਂ ਕੇਸ ਵੀ ਦਰਜ ਹੁੰਦੇ ਹਨ। ਸਰਕਾਰ ਅਤੇ ਸਮਾਜਿਕ ਜਥੇਬੰਦੀਆਂ ਦੇ ਯਤਨਾਂ ਸਦਕਾ ਲਿੰਗ-ਅਨੁਪਾਤ ਵਿੱਚ ਕੁਝ ਸੁਧਾਰ ਵੀ ਹੋਇਆ ਹੈ। 1991 ਦੀ ਜਨ-ਗਣਨਾ ਵਿੱਚ 1000 ਮਰਦਾਂ ਪਿੱਛੇ ਔਰਤਾਂ ਦੀ ਗਿਣਤੀ 882 ਸੀ, 2001 ਵਿੱਚ 874 ਅਤੇ 2011 ਵਿੱਚ ਇਹ ਵਧ ਕੇ 893 ਹੋ ਗਈ ਹੈ। ਸਮੁੱਚੇ ਯਤਨਾਂ ਸਦਕਾ ਭਵਿਖ ਵਿੱਚ ਇਸ ਪਾਸੇ ਹੋਰ ਧਾਰ ਹੋਣ ਦੀ ਆਸ ਹੈ।
ਆਪਣੀ ਸੁਰੱਖਿਆ ਲਈ ਤੇ ਔਰਤ ਜਾਤੀ ਨੂੰ ਬਚਾਉਣ ਲਈ ਔਰਤਾਂ ਨੂੰ ਹੀ ਅੱਗੇ ਆਉਣਾ ਚਾਹੀਦਾ ਹੈ। ਸਾਰੀਆਂ ਮਾਂਵਾਂ ਨੂੰ ਭਰੂਣ-ਹੱਤਿਆ ਦਾ ਪਾਪ ਨਾ ਕਰਨ ਦਾ ਪ੍ਰਣ ਕਰਨਾ ਚਾਹੀਦਾ ਹੈ। ਸ੍ਵੈ-ਸੁਰੱਖਿਆ ਲਈ ਜੂਡੋ ਕਰਾਟੇ ਆਦਿ ਦੀ ਸਿੱਖਿਆ ਲੜਕੀਆਂ ਲਈ ਜ਼ਰੂਰੀ ਹੋਣੀ ਚਾਹੀਦੀ ਹੈ। ਸਾਡੇ ਸਕੂਲਾਂ ਵਿੱਚ ਇਹ ਸਿੱਖਿਆ ਦਿੱਤੀ ਵੀ ਜਾਣ ਲੱਗੀ ਹੈ। ਨੈਤਿਕ ਸਿੱਖਿਆ ਨੂੰ ਵੀ ਪਾਠ-ਕ੍ਰਮ ਦਾ ਹਿੱਸਾ ਬਣਾਉਣਾ ਚਾਹੀਦਾ ਹੈ। ਅਨੈਤਿਕ ਕੰਮ ਕਰਨ ਵਾਲੇ ਲੋਕਾਂ ਲਈ ਸਖ਼ਤ ਸਜ਼ਾਵਾਂ ਹੋਣੀਆਂ ਚਾਹੀਦੀਆਂ ਹਨ। ਮੁੰਡੇ ਅਤੇ ਕੁੜੀ ਵਿੱਚ ਕਿਸੇ ਵੀ ਕਿਸਮ ਦਾ ਭੇਦਭਾਵ ਨਹੀਂ ਕਰਨਾ ਚਾਹੀਦਾ। ਇਸ ਗੱਲ ਨੂੰ ਹਮੇਸ਼ਾਂ ਯਾਦ ਰੱਖਣਾ ਚਾਹੀਦਾ ਹੈ ਕਿ ਔਰਤ ਦੀ ਹੋਂਦ ਨਾਲ ਹੀ ਸਮਾਜ ਅਤੇ ਮਨੁੱਖ ਜਾਤੀ ਦੀ ਹੋਂਦ ਕਾਇਮ ਹੈ।
ਪੜ੍ਹੋ :-
- ਦਾਜ ਦੀ ਸਮੱਸਿਆ ਤੇ ਕਵਿਤਾ :- ਲਾਡਲੀ ਧੀ | ਕਵੀ ਪਰਗਟ ਸਿੰਘ ਦੀ ਕਵਿਤਾ
- Guru Arjan Dev Ji History In Punjabi | Shaheedi History
( Bhrun Hatya Essay In Punjabi Language ) ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇਤਿਹਾਸ ਵਿੱਚ ਜੇਕਰ ਕੋਈ ਗ਼ਲਤੀ ਹੋਈ ਹੋਵੇ ਤਾਂ ਕਿਰਪਾ ਕਰ ਕੇ ਕੰਮੈਂਟ ਬਾਕਸ ਵਿੱਚ ਜਰੂਰ ਦੱਸਣ ਕਿਰਪਾਲਤਾ ਕਰਨੀ।
ਪੰਜਾਬੀ ਭਾਸ਼ਾ ਚ ਰਚਨਾਵਾਂ ਨੂੰ ਸਪੋਰਟ ਕਰਨ ਲਈ ਲਾਇਕ ਕਰੋ ਸਾਡਾ ਫੇਸਬੁੱਕ ਪੇਜ।
ਧੰਨਵਾਦ।