Bhai Ghanaiya Ji History In Punjabi | ਭਾਈ ਘਨਇਆ ਜੀ
Bhai Ghanaiya Ji History In Punjabi ਤੁਸੀਂ ਪੜ੍ਹ ਰਹੇ ਹੋ ਭਾਈ ਘਨਇਆ ਜੀ ਦਾ ਇਤਿਹਾਸ :-
Bhai Ghanaiya Ji History In Punjabi
ਭਾਈ ਘਨਇਆ ਜੀ
ਭਾਈ ਘਨਈਆ ਜੀ ਪਿੰਡ ਸੋਦਰਾ ਨੇੜੇ ਵਜੀਰਾਬਾਦ ਜਿਲ੍ਹਾ ਸਿਆਲੋਕਟ (ਪਾਕਿਸਤਾਨ) ਵਿਖੇ ਸੰਨ 1648 ਈ: ਵਿਚ ਹੋਇਆ। ਉਹਨਾਂ ਦੇ ਪਿਤਾ ਜੀ ਇਕ ਅਮੀਰ ਵਪਾਰੀ ਸਨ। ਭਾਈ ਘਨਈਆ ਜੀ ਬਚਪਨ ਤੋਂ ਹੀ ਲੋਕਾਂ ਦੀ ਸੇਵਾ ਕਰਿਆ ਕਰਦੇ ਸਨ। ਆਪਣੇ ਕੋਲ ਜੋ ਵੀ ਹੁੰਦਾ ਤਾਂ ਉਹ ਲੋੜਵੰਦ ਨੂੰ ਦੇ ਦਿੰਦੇ।
ਆਪ ਪਹਿਲੀ ਵਾਰੀ ਗੁਰੂ ਤੇਗ ਬਹਾਦਰ ਜੀ ਦੇ ਦਰਸ਼ਨਾਂ ਲਈ ਅਨੰਦਪੁਰ ਆਏ। ਗੁਰੂ ਜੀ ਦੇ ਦਰਸ਼ਨ ਕਰਨ ਪਿਛੋਂ ਆਪ ਨੂੰ ਬਹੁਤ ਅਨੰਦ ਪ੍ਰਾਪਤ ਹੋਇਆ। ਉਸ ਅਨੰਦ ਨੂੰ ਹਰ ਸਮੇਂ ਮਾਨਣ ਲਈ ਆਪ ਗੁਰੂ ਘਰ ਵਿਚ ਹੀ ਰਹਿ ਪਏ। ਆਪ ਨੂੰ ਗੁਰੂ ਦੇ ਲੰਗਰ ਵਿਚ ਪਾਣੀ ਦੀ ਸੇਵਾ ਸੰਭਾਲ ਦਿੱਤੀ ਗਈ।
ਭੰਗਾਣੀ ਦਾ ਯੁੱਧ ਸ਼ੁਰੂ ਹੋਣ ਤੋਂ ਪਹਿਲਾਂ ਗੁਰੂ ਗੋਬਿੰਦ ਰਾਏ ਜੀ ਨੇ ਆਪ ਨੂੰ ਜੰਗ ਦੇ ਮੈਦਾਨ ਵਿਚ ਲੌੜਵੰਦਾਂ ਨੂੰ ਪਾਣੀ ਪਿਲਾਉਣ ਦੀ ਸੇਵਾ ਬਖ਼ਸ਼ੀ। 15 ਅਪਰੈਲ 1687 ਨੂੰ ਪਹਾੜੀ ਰਾਜਿਆਂ ਨੇ ਚਾਰ ਸੌ ਪਠਾਣਾਂ ਨੂੰ ਨਾਲ ਮਿਲਾ ਕੇ ਸਿੱਖਾਂ ਉਪਰ ਹਮਲਾ ਕਰ ਦਿੱਤਾ। ਰਣਭੂਮੀ ਵਿਚ ਜਿਸ ਨੂੰ ਪਿਆਸ ਲਗਦੀ, ਉਹ ਭਾਈ ਘਨਈਆ ਜੀ ਪਾਸ ਪੁਜ ਜਾਂਦਾ। ਆਪ ਉਸ ਨੂੰ ਪਾਣੀ ਪਿਲਾ ਦਿੰਦੇ। ਹਿੰਦੂ, ਮੁਸਲਮਾਨ, ਸਿੱਖ ਤੇ ਪਠਾਣ ਆਪ ਪਾਸੋਂ ਪਾਣੀ ਪੀ ਕੇ, ਤਾਜ਼ਾ ਦਮ ਹੋ ਕੇ ਫਿਰ ਯੁੱਧ ਵਿਚ ਜੁਟ ਜਾਂਦੇ।
ਸਿੱਖਾਂ ਨੇ ਜਦੋਂ ਭਾਈ ਘਨਈਆ ਜੀ ਨੂੰ ਪਠਾਣਾਂ, ਮੁਸਲਮਾਨਾਂ ਤੇ ਪਹਾੜੀ ਰਾਜਿਆਂ ਦੇ ਸਿਪਾਹੀਆਂ ਨੂੰ ਪਾਣੀ ਪਿਲਾਉਂਦੇ ਤੱਕਿਆ ਤਾਂ ਉਹ ਸਹਾਰ ਨਾ ਸਕੇ। ਸਿੱਖਾਂ ਸੋਚਿਆ “ਭਾਈ ਘਨਈਆ ਜੇ ਦੁਸ਼ਮਣ ਦੇ ਫੱਟੜਾਂ ਨੂੰ ਪਾਣੀ ਨਾ ਪਿਲਾਵੇ ਤਾਂ ਉਹ ਜ਼ਰੂਰ ਪਿਆਸ ਨਾਲ ਦਮ ਤੋੜ ਦੇਣ।” ਸਿੱਖਾਂ ਨੇ ਜਾ ਕੇ ਗੁਰੂ ਜੀ ਪਾਸ ਸ਼ਕਾਇਤ ਕੀਤੀ। ਸਾਰੀ ਕਹਾਣੀ ਦੱਸਣ ਪਿਛੋਂ ਉਨ੍ਹਾਂ ਬੇਨਤੀ ਕੀਤੀ ਕਿ ਉਸ ਨੂੰ ਦੁਸ਼ਮਣ ਦੇ ਸਿਪਾਹੀਆਂ ਨੂੰ ਪਾਣੀ ਪਿਲਾਉਣ ਤੋਂ ਰੋਕਿਆ ਜਾਵੇ। ਗੁਰੂ ਜੀ ਨੇ ਭਾਈ ਘਨਈਆ ਨੂੰ ਬੁਲਾ ਕੇ ਪੁੱਛਿਆ, “ਭਾਈ, ਕੀ ਇਹ ਸੱਚ ਹੈ ਕਿ ਤੂੰ ਵੈਰੀਆਂ ਦੇ ਸਿਪਾਹੀਆਂ ਨੂੰ ਪਾਣੀ ਪਿਲਾ ਕੇ ਸਿੱਖਾਂ ਨਾਲ ਲੜਨ ਲਈ ਫਿਰ ਤਿਆਰ ਕਰ ਦਿੰਦਾ ਹੈਂ ਜਿਨ੍ਹਾਂ ਨੂੰ ਇਹ ਜ਼ਖ਼ਮੀਂ ਤੇ ਫੱਟੜ ਕਰਦੇ । ਹਨ?’
ਭਾਈ ਘਨਈਆ ਨੇ ਉਤਰ ਦਿਤਾ, “ਸੱਚੇ ਪਾਤਸ਼ਾਹ, ਮੈਨੂੰ ਤਾਂ ਕੋਈ ਵੈਰੀ ਨਜ਼ਰ ਆਉਂਦਾ ਹੀ ਨਹੀਂ। ਸਾਰੇ ਪਾਸੇ ਆਪ ਹੀ ਨਜ਼ਰ ਆਉਂਦੇ ਹੋ। ਮੈਂ ਕਿਸ ਨੂੰ ਪਾਣੀ ਪਿਲਾਵਾਂ ਤੇ ਫਿਰ ਕਿਸ ਨੂੰ ਜਵਾਬ ਦੇਵਾਂ। ਮੇਰੇ ਪਾਸ ਜਿਹੜਾ ਵੀ ਆ ਕੇ ਲੋੜਵੰਦ ਪਾਣੀ ਦੀ ਮੰਗ ਕਰਦਾ ਹੈ, ਮੈਂ ਉਸ ਨੂੰ ਪਾਣੀ ਪਿਲਾ ਦਿੰਦਾ ਹਾਂ। ਆਪ ਨੇ ਹੀ ਮੈਨੂੰ ਇਸ ਯੁੱਧ ਵਿਚ ਲੋੜਵੰਦ ਨੂੰ ਪਾਣੀ ਪਿਲਾਉਣ ਦੀ ਸੇਵਾ ਸੌਂਪੀ ਹੈ।”
ਗੁਰੂ ਜੀ, ਭਾਈ ਘਨਈਆ ਜੀ ਦਾ ਉੱਤਰ ਸੁਣ ਕੇ ਬਹੁਤ ਪ੍ਰਸੰਨ ਹੋਏ। ਗੁਰੂ ਜੀ ਨੇ ਆਪਣੇ ਪਾਸੋਂ ਭਾਈ ਘਨਈਆ ਜੀ ਨੂੰ ਮਲ੍ਹਮ ਪੱਟੀ ਫੜਾਉਂਦੇ ਹੋਏ ਕਿਹਾ, ‘ਭਾਈ, ਅੱਗੇ ਲਈ ਤੁਸੀਂ ਪਾਣੀ ਦੀ ਸੇਵਾ ਦੇ ਨਾਲ ਨਾਲ ਫੱਟੜਾਂ ਦੀ ਮਲ੍ਹਮ ਪੱਟੀ ਦਾ ਕੰਮ ਵੀ ਕਰਨਾ। ਇਸ ਕੰਮ ਲਈ ਆਪਣੇ ਨਾਲ ਕੁਝ ਹੋਰ ਸਿੱਖਾਂ ਨੂੰ ਭੀ ਲੈ ਲਵੋ ਤੇ ਜੱਥਾ ਤਿਆਰ ਕਰ ਲਵੋ। ਤੁਸੀਂ ਉਸ ਜੱਥੇ ਦੇ ਮੁੱਖੀਏ ਹੋਵੋਗੇ।”
ਭਾਈ ਘਨਈਆ ਜੀ ਨੇ ਉਸ ਤਰ੍ਹਾਂ ਹੀ ਕੀਤਾ। ਸਿੱਖਾਂ ਦਾ ਇਕ ਜੱਥਾ ਤਿਆਰ ਕਰ ਲਿਆ। ਆਪ ਉਸ ਦੇ ਮੁਖੀਏ ਬਣ ਗਏ। ਇਹ ਸਭ ਤੋਂ ਪਹਿਲੀ “ਰੈੱਡ ਕਰਾਸ” ਦੀ ਸੇਵਾ ਦਾ ਅਰੰਭ ਸੀ। ਉਸ ਤੋਂ ਪਿਛੋਂ ਜ਼ਖ਼ਮੀਆਂ ਤੇ ਲੋੜਵੰਦਾਂ ਦੀ ਦੇਖਭਾਲ ਕਰਨ ਵਾਲੇ ਜੱਥੇ ਆਪਣੇ ਆਪ ਨੂੰ “ ਸੇਵਾ ਪੰਥੀ ” ਅਖਵਾਉਣ ਲੱਗੇ। ਗੁਰੂ ਗੋਬਿੰਦ ਰਾਏ ਦੀਆਂ ਨਜ਼ਰਾਂ ਵਿਚ ਕੋਈ ਵੈਰੀ ਜਾਂ ਬਿਗਾਨਾ ਨਹੀਂ ਸੀ। ਸਾਰੇ ਉਸ ਇਕ ਮਾਲਕ ਦੇ ਪੈਦਾ ਕੀਤੇ ਹੋਏ ਸਨ। ਉਨ੍ਹਾਂ ਦੀ ਲੜਾਈ ਸਿਰਫ ਗਰੀਬਾਂ ਉਪਰ ਹੁੰਦੇ ਅਤਿਆਚਾਰ ਨੂੰ ਰੋਕਣ ਲਈ ਸੀ।
ਪੜ੍ਹੋ :- Sri Guru Nanak Dev Ji History In Punjabi | ਸ੍ਰੀ ਗੁਰੂ ਨਾਨਕ ਦੇਵ ਜੀ ਦਾ ਇਤਿਹਾਸ
ਤੁਹਾਨੂੰ ( Bhai Ghanaiya Ji History In Punjabi ) ਭਾਈ ਘਨਇਆ ਜੀ ਬਾਰੇ ਜਾਣਕਾਰੀ ਕਿਵੇਂ ਲੱਗੀ? ਕੰਮੈਂਟ ਬਾਕਸ ਵਿੱਚ ਜਰੂਰ ਦੱਸਣਾ।
ਪੰਜਾਬੀ ਭਾਸ਼ਾ ਚ ਰਚਨਾਵਾਂ ਨੂੰ ਸਪੋਰਟ ਕਰਨ ਲਈ ਲਾਇਕ ਕਰੋ ਸਾਡਾ ਫੇਸਬੁੱਕ ਪੇਜ।
ਧੰਨਵਾਦ।
Who was Bhai ghanaiya ji