Sri Guru Nanak Dev Ji History In Punjabi | ਸ੍ਰੀ ਗੁਰੂ ਨਾਨਕ ਦੇਵ ਜੀ ਦਾ ਇਤਿਹਾਸ
Sri Guru Nanak Dev Ji History In Punjabi Part 2
Sri Guru Nanak Dev Ji Ki Udasiyan In Punjabi
ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ
ਪਹਿਲੀ ਉਦਾਸੀ – ਪੂਰਬ ਵੱਲ : ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਧਰਤਿ ਲੋਕਾਈ ਨੂੰ ਸੋਧਣ ਹਿੱਤ ਪਹਿਲੀ ਉਦਾਸੀ ਪੂਰਬ ਵੱਲ ਨੂੰ ਆਰੰਭ ਕੀਤੀ ਜਿਸ ਦਿਸ਼ਾ ਵਿੱਚ ਭਾਰਤ ਦੇ ਹਿੰਦੂ ਮੱਤ ਨਾਲ ਸੰਬੰਧਿਤ ਜ਼ਿਆਦਾਤਰ ਧਾਰਮਿਕ ਸਥਾਨ ਸਨ। ਉਹ ਇਨ੍ਹਾਂ ਧਾਰਮਿਕ ਅਸਥਾਨਾਂ ਤੇ ਤਿਉਹਾਰਾਂ ਦੇ ਮੌਕੇ ਗਏ ਤਾਂ ਜੋ ਉੱਥੇ ਜਾ ਕੇ ਉਹ ਧਾਰਮਿਕ ਅਸਥਾਨਾਂ ਨਾਲ ਸੰਬੰਧਿਤ ਗੱਦੀਨਸ਼ੀਨਾਂ ਨੂੰ ਅਤੇ ਵਧੇਰੇ ਤੋਂ ਵਧੇਰੇ ਆਮ ਲੋਕਾਂ ਦੇ ਨਾਲ ਰੂਬਰੂ ਹੋ ਸਕਣ। ਇਸ ਯਾਤਰਾ ਦੌਰਾਨ ਆਪ ਕੁਰੂਕਸ਼ੇਤਰ ਦੇ ਸਥਾਨ ਤੇ ਪਹੁੰਚੇ। ਸੂਰਜ ਗ੍ਰਹਿਣ ਹੋਣ ਦੇ ਕਾਰਨ ਇਸ ਤੀਰਥ ਅਸਥਾਨ ਤੇ ਕਾਫੀ ਲੋਕ ਇਕੱਤਰ ਹੋਏ ਸਨ। ਬ੍ਰਾਹਮਣੀ ਕਰਮ ਅਨੁਸਾਰ ਸੂਰਜ ਹਿਣ ਮੌਕੇ ਅੱਗ ਨਹੀਂ ਬਾਲੀ ਜਾ ਸਕਦੀ, ਕੁਝ ਰਿੰਨਿਆਂ ਤੇ ਪਕਾਇਆ ਨਹੀਂ ਜਾ ਸਕਦਾ ਬਲਕਿ ਮਾਸ ਰਿੰਨਣਾ ਤਾਂ ਹੋਰ ਵੀ ਘੋਰ ਪਾਪ ਸਮਝਿਆ ਜਾਂਦਾ ਸੀ। ਗੁਰੁ ਸਾਹਿਬ ਜੀ ਨੇ ਸ਼ੰਕਿਆਂ ਦੇ ਨਿਵਾਰਣ ਹਿਤ ਬਾਹਮਣੀ ਕਰਮ ਦੇ ਉਲਟ ਅੱਗ ਬਾਲ ਰਿੰਨਣਾ-ਪਕਾਉਣਾ ਸ਼ੁਰੂ ਕਰ ਦਿੱਤਾ। ਧੂਆਂ ਉੱਠਦਾ ਦੇਖ ਲੋਕ ਕਰੋਧ ਵਿੱਚ ਆ ਗਏ। ਧਿਤ ਹੋਏ ਅੰਧ ਵਿਸ਼ਵਾਸਾਂ ਵਿੱਚ ਖਚਿਤ ਲੋਗ ਗੁਰੂ ਸਾਹਿਬ ਜੀ ਨੂੰ ਊਲ-ਜਲੂਲ ਬੋਲਣ ਲੱਗੇ। ਗੁਰੂ ਸਾਹਿਬ ਜੀ ਨੇ ਆਪਣੇ ਪਵਿੱਤਰ ਤੇ ਨਿਰਮਲ ਬਚਨਾਂ ਨਾਲ ਸਭ ਨੂੰ ਚੁੱਪ ਕਰਵਾ ਦਿੱਤਾ। ਗੁਰੂ ਸਾਹਿਬ ਜੀ ਦੀਆਂ ਦਲੀਲਾਂ ਅਤੇ ਸ਼ਖਸ਼ੀਅਤ ਤੋਂ ਪ੍ਰਭਾਵਿਤ ਹੋ ਲੋਕਾਂ ਨੇ ਗੁਰੂ ਸਾਹਿਬ ਜੀ ਦੀ ਸਿਖਿਆ ਨੂੰ ਧਾਰਨ ਕੀਤਾ ਅਤੇ ਆਪ ਜੀ ਦੇ ਮੁਰੀਦ ਹੋ ਗਏ। ਇਥੋਂ ਚੱਲ ਕੇ ਗੁਰੂ ਸਾਹਿਬ ਜੀ ਹਿੰਦੂ ਧਰਮ ਦੇ ਪ੍ਰਸਿੱਧ ਤੀਰਥ ਹਰਦੁਆਰ ਵਿਖੇ ਪਹੁੰਚੇ।
ਹਰਦੁਆਰ ਦੇ ਸਥਾਨ ਤੇ ਬਹੁਤ ਸਾਰੇ ਹਿੰਦੂ ਲੋਗ ਗੰਗਾ ਵਿੱਚ ਇਸ਼ਨਾਨ ਕਰ ਰਹੇ ਸਨ। ਗੁਰੂ ਸਾਹਿਬ ਜੀ ਨੇ ਦੇਖਿਆ ਕਿ ਸਾਰੇ ਲੋਕ ਗੰਗਾ ਇਸ਼ਨਾਨ ਕਰਨ ਦੇ ਨਾਲ-ਨਾਲ ਚੜ੍ਹਦੇ ਪਾਸੇ ਨੂੰ ਮੂੰਹ ਕਰਕੇ ਸੂਰਜ ਵਲ ਨੂੰ ਪਾਣੀ ਸੁੱਟ ਰਹੇ ਸਨ। ਗੁਰੂ ਸਾਹਿਬ ਜੀ ਕੋਈ ਪ੍ਰਸ਼ਨ ਕਰਨ ਤੋਂ ਬਿਨਾਂ ਪੱਛਮ ਵਾਲੇ ਪਾਸੇ ਨੂੰ ਪਾਣੀ ਦੇਣ ਲਗ ਪਏ। ਲੋਗ ਇਹ ਦੇਖ ਬਹੁਤ ਹੈਰਾਨ ਹੋਏ ਅਤੇ ਪੁੱਛਣ ਲੱਗੇ ਕਿ ਆਪ ਪੱਛਮ ਨੂੰ ਪਾਣੀ ਕਿਉਂ ਦੇ ਰਹੇ ਹੋ ਤਾਂ ਗੁਰੂ ਸਾਹਿਬ ਜੀ ਨੇ ਪੁਛਿਆ ਕਿ ਤੁਸੀਂ ਪੂਰਬ ਵਲ ਕਿਉਂ ਪਾਣੀ ਦੇ ਰਹੇ ਹੋ? ਤਾਂ ਲੋਕਾਂ ਨੇ ਕਿਹਾ ਅਸੀਂ ਤਾਂ ਪਰਲੋਕ ਵਿੱਚ ਜਾ ਚੁਕੇ ਵਡੇ ਵਡੇਰਿਆਂ ਨੂੰ ਪਾਣੀ ਦੇ ਰਹੇ ਹਾਂ। ਗੁਰੂ ਸਾਹਿਬ ਜੀ ਨੇ ਕਿਹਾ ਕਿ ਮੈਂ ਪੰਜਾਬ ਵਿਚ ਆਪਣੀਆਂ ਪੈਲੀਆਂ ਨੂੰ ਪਾਣੀ ਦੇ ਰਿਹਾ ਹਾਂ। ਲੋਕ ਹੱਸਣ ਲੱਗੇ ਤੇ ਕਹਿਣ ਲੱਗੇ ਕਿ ਇਹ ਪਾਣੀ ਤੁਹਾਡੀਆਂ ਪੈਲੀਆਂ ਤੱਕ ਨਹੀਂ ਪਹੁੰਚ ਸਕਦਾ। ਗੁਰੂ ਸਾਹਿਬ ਜੀ ਨੇ ਆਖਿਆ ਕਿ ਜੇਕਰ ਮੇਰਾ ਸੁਟਿਆ ਪਾਣੀ ਇਸੇ ਜਹਾਨ ਵਿੱਚ ਮੇਰੀਆਂ ਪੈਲੀਆਂ ਤੱਕ ਹੀ ਨਹੀਂ ਪਹੁੰਚ ਸਕਦਾ ਤਾਂ ਇਹ ਪਰਲੋਕ ਵਿਚ ਤੁਹਾਡੇ ਪਿੱਤਰਾਂ ਦੇ ਪਾਸ ਕਿਵੇਂ ਪਹੁੰਚ ਸਕਦਾ ਹੈ? ਲੋਕ ਗੁਰੂ ਸਾਹਿਬ ਜੀ ਦੀ ਸਿਧਾਂਤਕ ਸਪਸ਼ਟਤਾ ਅੱਗੇ ਨਤਮਸਤਕ ਹੋਏ ਅਤੇ ਵਹਿਮਾਂ ਦਾ ਤਿਆਗ ਕਰ ਗੁਰੂ ਸਾਹਿਬ ਜੀ ਦੇ ਮੁਰੀਦ ਬਣ ਗਏ।
ਹਰਦੁਆਰ ਤੋਂ ਚਲ ਕੇ ਚਲ ਕੇ ਗੁਰੂ ਸਾਹਿਬ ਜੀ ਗੋਰਖ ਮਤੇ ਪਹੁੰਚੇ ਜੋ ਜੋਗ ਮੱਤ ਦਾ ਪ੍ਰਮੁੱਖ ਕੇਂਦਰ ਸੀ। ਗੋਰਖ ਮਤੇ ਦੇ ਸਥਾਨ ਤੇ ਆਪ ਦੀ ਸਿੱਧਾਂ ਨਾਲ ਚਰਚਾ ਹੋਈ। ਸਿਧ ਚਰਚਾ ਵਿਚ ਸ੍ਰੀ ਗੁਰੂ ਨਾਨਕ ਸਾਹਿਬ ਜੀ ਕੋਲੋਂ ਹਾਰ ਖਾ ਗਏ। ਉਸ ਸਮੇਂ ਤੋਂ ਗੋਰਖ ਮਤਾ ਨਾਨਕ ਮਤੇ ਦੇ ਨਾਮ ਨਾਲ ਪ੍ਰਸਿੱਧ ਹੋਇਆ। ਨਾਨਕ ਮਤੇ ਤੋਂ ਚਲ ਕੇ ਆਪ ਜੀ ਬਨਾਰਸ ਪਹੁੰਚੇ। ਬਨਾਰਸ ਦੇ ਸਥਾਨ ਤੇ ਆਪ ਜੀ ਦੀ ਚਰਚਾ ਜਿਆਦਾ ਜਨਮਸਾਖੀਆਂ ਅਨੁਸਾਰ ਪੰਡਤ ਚਤੁਰਦਾਸ ਨਾਲ ਹੋਈ ਮਿਲਦੀ ਹੈ। ਚਤੁਰਦਾਸ ਸ੍ਰੀ ਗੁਰੂ ਨਾਨਕ ਸਾਹਿਬ ਜੀ ਅਗੇ ਨਿਰੁੱਤਰ ਹੋ ਗਿਆ। ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਬਨਾਰਸ ਵਿਖੇ ਮੌਜੂਦ ਭਗਤ ਕਬੀਰ ਜੀ ਅਤੇ ਭਗਤ ਰਵਿਦਾਸ ਜੀ ਨਾਲ ਗੋਸ਼ਟਿ ਕਰਨ ਉਪਰੰਤ ਇਨ੍ਹਾਂ ਦੋਹਾਂ ਭਗਤਾਂ ਦੀ ਰਚਨਾ ਨੂੰ ਆਪਣੇ ਪਾਸ ਸੰਭਾਲ ਲਿਆ। ਸ੍ਰੀ ਗੁਰੂ ਅਰਜਨ ਸਾਹਿਬ ਜੀ ਨੇ ਇਨ੍ਹਾਂ ਭਗਤਾਂ ਦੀ ਰਚਨਾ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਯੋਗ ਸਥਾਨ ਦਿੱਤਾ ਹੈ।
ਬਨਾਰਸ ਤੋਂ ਚਲ ਕੇ ਗੁਰੂ ਸਾਹਿਬ ਜੀ ਗਯਾ ਵਿਚੋਂ ਹੁੰਦੇ ਹੋਏ ਪਟਨੇ ਪੁੱਜੇ। ਪਟਨਾ ਵਿਖੇ ਆਪ ਦੀ ਮੁਲਾਕਾਤ ਸਾਲਸ ਰਾਇ ਜੌਹਰੀ ਨਾਲ ਹੋਈ। ਗੁਰੂ ਸਾਹਿਬ ਜੀ ਨੇ ਭਾਈ ਮਰਦਾਨੇ ਨੂੰ ਇਕ ਕੀਮਤੀ ਰਤਨ ਦੇ ਕੇ ਮੁਲ ਪੁਆਉਣ ਲਈ ਭੇਜਿਆ। ਭਾਈ ਮਰਦਾਨਾ ਅਲਗ-ਅਲਗ ਲੋਕਾਂ ਕੋਲੋ ਉਸਦਾ ਮੁਲ ਪੁਆਉਂਦਾ ਹੋਇਆ ਸਾਸ ਰਾਇ ਜੌਹਰੀ ਪਾਸ ਪਹੁੰਚ ਗਿਆ। ਸਾਲਸ ਰਾਇ ਨੇ ਇਸ ਰਤਨ ਦੀ ਦਰਸ਼ਨ ਭੇਟ ਹੀ ਸੌ ਰੁਪਏ ਦੇ ਦਿਤੀ। ਗੁਰੂ ਸਾਹਿਬ ਜੀ ਨੇ ਸੌ ਰੁਪਏ ਵਾਪਸ ਕਰ ਸਾਲਸ ਰਾਇ ਦੀ ਖੋਟੇ-ਖਰੇ ਦੀ ਪਹਿਚਾਣ ਦੀ ਕਦਰ ਕੀਤੀ। ਮਨੁਖ ਜਨਮ ਨੂੰ ਹੀਰੇ ਵਾਗ ਅਨਮੋਲ ਦਸ ਇਸ ਨੂੰ ਅਜ਼ਾਈ ਨਾ ਗੁਆਉਣ ਦਾ ਉਪਦੇਸ਼ ਕੀਤਾ। ਭਾਈ ਸਾਲਸ ਰਾਇ ਨੂੰ ਸਿੱਖ ਧਰਮ ਦਾ ਪ੍ਰਚਾਰਕ ਥਾਪ ਧਰਮਸ਼ਾਲ ਦੀ ਸਥਾਪਨਾ ਕੀਤੀ ।
ਇਥੋਂ ਚੱਲ ਕੇ ਆਪ ਜੀ ਕਾਮਰੂਪ (ਆਸਾਮ) ਵਿਖੇ ਪਹੁੰਚੇ। ਉਥੇ ਨੂਰ ਸ਼ਾਹ ਜਿਹੀਆਂ ਜਾਦੂਗਰਨੀਆਂ ਨੇ ਆਪਨੂੰ ਛਲਣਾ ਚਾਹਿਆ। ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਉਸਦਾ ਤਲਿਸਮ (ਜਾਦੂ) ਤੋੜਿਆ ਤੇ ਉਸਨੂੰ ਸਚੇ ਆਚਰਣ ਦੀ ਸਚੀ ਦੌਲਤ ਅਤੇ ਸੱਚੀ ਸੁੰਦਰਤਾ ਦਾ ਉਪਦੇਸ਼ ਕੀਤਾ ਤੇ ਧਰਮਸਾਲ ਦੀ ਸਥਾਪਨਾ ਕੀਤੀ। ਜਗਨਨਾਥ ਪੁਰੀ ਦੇ ਪ੍ਰਸਿੱਧ ਹਿੰਦੂ ਤੀਰਥ ਤੇ ਆਪ ਜੀ ਨੇ ਮੂਰਤੀ ਦੇ ਸਾਹਮਣੇ ਕੀਤੀ ਜਾ ਰਹੀ ਪਰੰਪਰਾਗਤ ਆਰਤੀ ਦੇ ਵਿੱਚ ਸ਼ਾਮਿਲ ਹੋਣ ਤੋਂ ਇਨਕਾਰ ਕਰ ਦਿੱਤਾ। ਪੁੱਛਣ ਤੇ ਆਪ ਜੀ ਨੇ ਪਰਮਾਤਮਾ ਦੀ ਹਰ ਸਮੇਂ ਹੋ ਰਹੀ ਆਰਤੀ ਦੀ ਚਰਚਾ ਕਰਦੇ ਹੋਏ ਸ਼ਬਦ ਗਾਇਨ ਕੀਤਾ ‘ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ …..’ ਜਗਨਨਾਥ ਪੁਰੀ ਦੇ ਪਾਂਧੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੁਆਰਾ ਉਪਦੇਸ਼ਿਤ ਬ੍ਰਹਮੰਡੀ ਆਰਤੀ ਅਗੇ ਨਤਮਸਤਕ ਹੋਏ। ਪੁਰੀ ਤੋਂ ਗੁਰੂ ਸਾਹਿਬ ਜੀ ਵਾਪਸ ਪੰਜਾਬ ਨੂੰ ਆ ਗਏ। ਇਸ ਪ੍ਰਕਾਰ ਪਹਿਲੀ ਉਦਾਸੀ ਸਮਾਪਤ ਹੋਈ।
ਦੂਸਰੀ ਉਦਾਸੀ – ਦੱਖਣ ਵੱਲ ਕੁਝ ਸਮਾਂ ਪੰਜਾਬ ਠਹਿਰਣ ਉਪਰੰਤ ਗੁਰੂ ਸਾਹਿਬ ਜੀ ਦੂਸਰੀ ਉਦਾਸੀ ਲਈ ਚੱਲ ਪਏ। ਇਸ ਉਦਾਸੀ ਦੌਰਾਨ ਆਪ ਬੀਕਾਨੇਰ ਦੇ ਸਥਾਨ ਤੇ ਪਹੁੰਚੇ ਜੋ ਜੈਨੀਆਂ ਦਾ ਪ੍ਰਸਿੱਧ ਸਥਾਨ ਸੀ। ਜੈਨੀ ਜੀਵਾਂ ਨੂੰ ਬਚਾਉਣਾ ਆਪਣਾ ਧਰਮ ਸਮਝ ਆਪਣੀ ਵਿਸ਼ਟਾ ਚੋਂ ਵੀ ਜੀਵਾਂ ਨੂੰ ਬਚਾਉਂਦੇ, ਜੂਆਂ ਨਹੀਂ ਮਾਰਦੇ, ਇਸ਼ਨਾਨ ਨਹੀਂ ਕਰਦੇ ਆਦਿ ਕਰਮ ਕਰ ਆਪਣੇ ਆਪ ਧਰਮੀ ਸਮਝਦੇ ਸਨ। ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਇਹਨਾਂ ‘ਫੋਲਿ ਫਦੀਹਤਿ ਮੁਹਿ ਲੈਣ ਭੜਾਸਾ’ ਵਾਲੇ ਲੋਕਾਂ ਨੂੰ ਅਹਿੰਸਾ ਦੇ ਵਹਿਮ ਤੋਂ ਉਪਰ ਉਠ ਕਰਤਾਰ ਕੁਦਰਤ ਵਿੱਚ ਪਹਿਚਾਨ ਉਸ ਦੀ ਕੀਰਤੀ ਕਰਨ ਦਾ ਉਪਦੇਸ਼ ਕੀਤਾ। ਰਸਤੇ ਵਿਚ ਆਪ ਜੀ ਨੂੰ ਉਸ ਕਬੀਲੇ ਬਾਰੇ ਪਤਾ ਲੱਗਾ ਜੋ ਮਨੁੱਖ ਜਾਤੀ ਨੂੰ ਖਾਂਦਾ ਸੀ। ਇਸ ਕਬੀਲੇ ਦਾ ਸਰਦਾਰ ਕੌਡਾ ਰਾਖਸ਼ ਸੀ।
ਕੌਡੇ ਨੇ ਗੁਰੂ ਸਾਹਿਬ ਜੀ ਦੇ ਸਾਥੀਆਂ ਨੂੰ ਖਤਮ ਕਰਨਾ ਚਾਹਿਆ। ਉਸਨੇ ਗਰਮ ਤੇਲ ਦੇ ਕੜਾਹੇ ਵਿਚ ਭਾਈ ਮਰਦਾਨੇ ਨੂੰ ਸੁੱਟਣਾ ਚਾਹਿਆ ਪਰੰਤੂ ਜਦੋਂ ਗੁਰੂ ਸਾਹਿਬ ਜੀ ਨੇ ਅਕਾਲੀ ਬਾਣੀ ਉਚਾਰਣ ਕੀਤੀ ਤਾਂ ਆਪ ਜੀ ਦੇ ਮੁਖੋਂ ਪਵਿੱਤਰ ਬਚਨ ਸੁਣ ਕੌਡਾ ਆਪਣੇ ਇਸ ਅਨੈਤਿਕ ਕਾਰਜ ਨੂੰ ਤਿਆਗ ਗੁਰੂ ਸਾਹਿਬਾਂ ਦੇ ਚਰਨੀ ਪਿਆ ਤੇ ਸਤਿਉਪਦੇਸ਼ ਦੀ ਯਾਚਨਾ ਕੀਤੀ। ਗੁਰੂ ਸਾਹਿਬ ਜੀ ਨੇ ਕੌਡੇ ਨੂੰ ਆਤਮਿਕ ਗਿਆਨ ਦੀ ਸੋਝੀ ਬਖ਼ਸ਼ੀ। ਇਸ ਤੋਂ ਅੱਗੇ ਗੁਰੂ ਸਾਹਿਬ ਜੀ ਸੰਗਲਾਦੀਪ ਵਿਖੇ ਪਹੁੰਚੇ। ਇਥੋਂ ਦਾ ਰਾਜਾ ਸ਼ਿਵਨਾਭ ਸੀ। ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਆਮਦ ਸੁਣ ਰਾਜੇ ਨੇ ਸੁੰਦਰ ਇਸਤ੍ਰੀਆਂ ਸਵਾਗਤ ਦੇ ਬਹਾਨੇ ਭੇਜੀਆਂ। ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਉਨ੍ਹਾਂ ਇਸਤ੍ਰੀਆਂ ਨੂੰ ਫੁਰਮਾਇਆ ‘ਬਚੀਓ ਜਾਉ ਉਸ ਪ੍ਰਭੂ ਦੀ ਕੀਰਤੀ ਗਾਉ ਮੇਰਾ ਮਨ ਤਾਂ ਪ੍ਰਭੂ ਨੇ ਮੋਹਿਆ ਹੋਇਆ ਹੈ।’ ਰਾਜਾ ਸ਼ਿਵਨਾਭ ਗੁਰੂ ਸਾਹਿਬ ਜੀ ਦੇ ਚਰਨੀਂ ਪਿਆ ਤੇ ਸਿੱਖੀ ਧਾਰਨ ਕੀਤੀ।
ਤੀਸਰੀ ਉਦਾਸੀ – ਉੱਤਰ ਵੱਲ ਕੁਝ ਸਮਾਂ ਤਲਵੰਡੀ ਠਹਿਰਨ ਤੋਂ ਬਾਅਦ ਆਪ ਜੀ ਨੇ ਤੀਸਰੀ ਉਦਾਸੀ ਆਰੰਭ ਕੀਤੀ। ਗੁਰੂ ਸਾਹਿਬ ਜੀ ਦੇ ਸੁਮੇਰ ਪਰਬਤ ਤੇ ਜਾਣ ਦਾ ਜ਼ਿਕਰ ਭਾਈ ਗੁਰਦਾਸ ਜੀ ਦੀਆਂ ਵਾਰਾਂ ਅਤੇ ਜਨਮਸਾਖੀਆਂ ਵਿੱਚ ਮੌਜੂਦ ਹੈ। ਏਥੇ ਸਿਧਾਂ ਨੇ ਗੁਰੂ ਸਾਹਿਬ ਜੀ ਪਾਸੋਂ ਪਹਿਲੀ ਗਲ ਇਹੀ ਪੁਛੀ ਕੌਨ ਸ਼ਕਤ ਤੁਹਿ ਏਥੇ ਲਿਆਈ ਤਾਂ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਪਰਮਾਤਮਾ ਦੇ ਸ਼ਬਦ ਦੀ ਤਾਕਤ ਨੂੰ ਬਿਆਨ ਕਰਦੇ ਹੋਏ ਫੁਰਮਾਇਆ ‘ਨਾਨਕ ਨਾਮ ਜਪੇ ਗਤ ਪਾਈ।’ ਗੁਰੂ ਬਾਬੇ ਦੇ ਆਤਮਕ ਗਿਆਨ ਨੂੰ ਵੇਖ ਸਿਧਾਂ ਨੇ ਕਰਾਮਾਤ ਦਾ ਸਹਾਰਾ ਲਿਆ। ਸਿਧਾਂ ਨੇ ਖੱਪਰ ਦੇ ਕੇ ਬਾਬੇ ਨੂੰ ਨੇੜੇ ਦੇ ਤਲਾਬ ਤੋਂ ਪਾਣੀ ਲਿਆਉਣ ਲਈ ਕਿਹਾ। ਗੁਰੂ ਸਾਹਿਬ ਜੀ ਵਾਪਸ ਆ ਕੇ ਕਹਿਣ ਲੱਗੇ ਪਾਣੀ ਤਾਂ ਉਥੇ ਨਹੀਂ ਹੈ ਸਿਧ ਇਹ ਉੱਤਰ ਸੁਣ ਸ਼ਰਮਸਾਰ ਹੋਏ ਤੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਅਜ਼ਮਤ ਅੱਗੇ ਸਿਰ ਨਿਵਾਇਆ। ਗੁਰੂ ਸਾਹਿਬ ਜੀ ਨੇ ਸੁਮੇਰ ਪਰਬਤ ਦੇ ਸਥਾਨ ਤੇ ਸਿਧਾਂ ਨਾਲ ਜੋ ਵਿਚਾਰ ਚਰਚਾ ਕੀਤੀ ਉਹ ਸਿਧ ਗੋਸ਼ਟ ਦੇ ਸਿਰਲੇਖ ਅਧੀਨ ਅੰਗ ਨੰ: ੯੩੮ ਤੋਂ ੯੪੬ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਹੈ। ਇਥੋਂ ਗੁਰੂ ਸਾਹਿਬ ਜੀ ਲਦਾਖ ਤੋਂ ਹੁੰਦੇ ਹੋਏ, ਹੇਮੁਸ ਗੌਪਾ ਦੇ ਸਥਾਨ ਤੇ ਪਹੁੰਚੇ। ਮੌਜੂਦਾ ਸਮੇਂ ਵੀ ਇਸ ਅਸਥਾਨ ਤੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ‘ਨਾਨਕ ਲਾਮਾ’ ਆਖ ਕੇ ਪੂਜਾ ਕੀਤੀ ਜਾਂਦੀ ਹੈ। ਇਸ ਉਦਾਸੀ ਦੌਰਾਨ ਆਪ ਮਟਨ ਸਾਹਿਬ ਤੋਂ ਅੱਗੇ ਸਿਆਲਕੋਟ ਪੁਜੇ। ਏਥੇ ਗੁਰੂ ਸਾਹਿਬ ਜੀ ਨੇ ਮਰਦਾਨੇ ਨੂੰ ਬਜ਼ਾਰੋਂ ਇਕ ਪੈਸੇ ਦਾ ਸੱਚ ਤੇ ਇਕ ਪੈਸੇ ਦਾ ਝੂਠ ਪ੍ਰੀਦਣ ਵਾਸਤੇ ਭੇਜਿਆ। ਭਾਈ ਮੂਲਾ ਜੀ ਨੇ ਦੋ
ਪੈਸੈ ਲੈ ਕੇ ਇਕ ਕਾਗਜ਼ ਤੇ ਜੀਵਣਾ ਝੂਠ ਤੇ ਮਰਨਾ ਸੱਚ ਲਿਖ ਦਿੱਤਾ। ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਦੋਵੇਂ ਕਾਗਜ਼ ਪੀਰ ਹਮਜ਼ਾ ਗੌਸ ਅੱਗੇ ਧਰੇ। ਹਮਜ਼ਾ ਗੌਸ ਤਸੱਲੀ ਹੋਈ ਕਿ ਸ਼ਹਿਰ ਵਿਚ ਸਾਰੇ ਅਧਰਮੀ ਨਹੀਂ ਧਰਮੀ ਵੀ ਹਨ। ਹਮਜ਼ਾ ਸ ਗੁਰੂ ਸਾਹਿਬ ਜੀ ਦੀ ਗਿਆਨ ਖੜਗ ਦਾ ਕਾਇਲ ਹੋਇਆ।
ਚੌਥੀ ਉਦਾਸੀ – ਪੱਛਮ ਵੱਲ ਤਲਵੰਡੀ ਵਿਖੇ ਕੁਝ ਸਮਾਂ ਠਹਿਰਨ ਤੋਂ ਬਾਅਦ ਆਪਨੇ ਮੱਧ ਪੂਰਬੀ ਦੇਸ਼ਾਂ ਦੀ ਯਾਤਰਾ ਦੀ ਤਿਆਰੀ ਕੀਤੀ। ਇਸ ਵੇਰ ਆਪ ਜੀ ਨੇ ਮੁਸਲਮਾਨੀ ਅਸਥਾਨਾਂ ਦੀ ਯਾਤਰਾ ਕਰਨ ਦਾ ਫੈਸਲਾ ਕੀਤਾ। ਮੱਕੇ ਦੀ ਯਾਤਰਾ ਕਰਨ ਵਾਲੇ ਯਾਤਰੀ ਹਾਜ਼ੀ ਕਹਾਉਂਦੇ ਹਨ। ਇਸ ਲਈ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਹਾਜੀਆਂ ਵਾਂਗ ਹੱਜ ਗੁਜਾਰਨ ਵਰਗੀ ਤਿਆਰੀ ਕੀਤੀ। ਗੁਰੂ ਸਾਹਿਬ ਜੀ ਨੇ ਹਾਜੀਆਂ ਵਾਲਾ ਬਾਣਾ ਪਹਿਣ ਨੀਲ ਬਸਤਰ ਪਾ, ਇੱਕ ਕੱਛ ਵਿੱਚ ਕਿਤਾਬ ਦੂਜੀ ਵਿਚ ਮੁਸੱਲਾ ਅਤੇ ਹੱਥ ਵਿਚ ਆਸਾ (ਸੋਟਾ) ਫੜ ਲਿਆ। ਭਾਈ ਮਰਦਾਨਾ ਜੀ ਆਪ ਜੀ ਦੇ ਸੰਗੀ ਸਨ। ਤਲਵੰਡੀ ਤੋਂ ਚੱਲ ਕੇ ਆਪ ਪਾਕਪਟਨ ਵਿਖੇ ਪਹੁੰਚੇ। ਪਾਕਪਟਨ ਵਿਖੇ ਸੂਫੀ ਮੱਤ ਦੇ ਚਿਸ਼ਤੀ ਸਿਲਸਿਲੇ ਦੇ ਵਾਰਸ ਸ਼ੇਖ਼ ਇਬਰਾਹੀਮ ਨੂੰ ਮਿਲੇ। ਸ੍ਰੀ ਗੁਰੂ ਨਾਨਕ ਸਾਹਿਬ ਜੀ ਸਮੁੰਦਰੀ ਰਸਤੇ ਰਾਹੀਂ ਮੱਕੇ ਪਹੁੰਚੇ। ਮੱਕਾ ਇਕ ਬਹੁਤ ਪ੍ਰਸਿੱਧ ਸ਼ਹਿਰ ਹੈ। ਧਾਰਮਿਕ ਜਗਤ ਵਿਚ ਇਸਦਾ ਇਕ ਵਿਸ਼ੇਸ਼ ਸਥਾਨ ਹੈ। ਇਸਲਾਮ ਦੇ ਆਗਮਨ ਤੋਂ ਪਹਿਲਾਂ ਵੀ ਮੱਕਾ ਇਕ ਬਹੁਤ ਵੱਡਾ ਵਪਾਰਕ ਕੇਂਦਰ ਸੀ। ਮੱਕੇ ਪਹੁੰਚ ਆਪ ਕਾਬੇ ਵੱਲ ਨੂੰ ਪੈਰ ਕਰਕੇ ਸੌਂ ਗਏ। ਮੁਸਲਮਾਨ ਦੁਨੀਆਂ ਵਿਚ ਕਿਤੇ ਵੀ ਹੋਵੇ, ਉਹ ਹਮੇਸ਼ਾਂ ਨਮਾਜ਼ ਪੜ੍ਹਦੇ ਸਮੇਂ ਕਾਬੇ ਨੂੰ ਹੀ ਸਿਜਦਾ ਕਰਦਾ ਹੈ। ਕਾਬੇ ਵੱਲ ਪੈਰ ਪਸਾਰਨੇ ਤਾਂ ਇਕ ਵੱਡਾ ਭਾਰੀ ਗੁਨਾਹ ਸਮਝਿਆ ਜਾਂਦਾ ਹੈ। ਗੁਰੂ ਸਾਹਿਬ ਜੀ ਨੂੰ ਇੰਝ ਸੁਤਿਆ ਵੇਖ ਕੇ ਹਾਜ਼ੀ ਰੌਲਾ ਪਾਉਣ ਲੱਗੇ।
ਜੀਵਨ ਨਾਮੇ ਇਕ ਪੰਜਾਬੀ ਹਾਜ਼ੀ ਨੇ ਗੁਰੂ ਸਾਹਿਬ ਜੀ ਨੂੰ ਠੰਡ ਮਾਰਿਆ ਤੇ ਊਲ-ਜਲੂਲ ਬੋਲਿਆ। ਗੁਰੂ ਸਾਹਿਬ ਜੀ ਹਸ ਪਏ ਤਾਂ ਪਿਆਰ ਭਰੀ ਆਵਾਜ ਵਿਚ ਕਿਹਾ ਕਿ ‘ਮਿਤਰਾ ਮੈਂ ਦੇਸੀ ਹਾਂ, ਜਿਧਰ ਰੱਬ ਦਾ ਘਰ ਨਹੀਂ ਮੇਰੀਆਂ ਲੱਤਾਂ ਉਧਰ ਨੂੰ ਕਰ ਦਿਉ।’ ਜੀਵਨ ਨੇ ਜਿਉਂ ਹੀ ਗੁਰੂ ਸਾਹਿਬ ਜੀ ਦੀਆਂ ਲੱਤਾਂ ਕਾਬੇ ਤੋਂ ਪਰੇ ਨੂੰ ਘੁਮਾਈਆਂ ਤਾਂ ਕੀ ਤੱਕਿਆ ਕਿ ਕਾਬਾ ਵੀ ਉਸੇ ਪਾਸੇ ਮੌਜੂਦ ਹੈ ਜਿਸ ਪਾਸੇ ਗੁਰੂ ਸਾਹਿਬ ਜੀ ਦੇ ਪੈਰ। ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਹਾਜ਼ੀਆਂ ਨੂੰ ਪਰਮਾਤਮਾ ਦੀ ਸਰਬਵਿਆਪਕਤਾ ਨੂੰ ਸਪਸ਼ਟ ਕਰਦੇ ਹੋਏ ਉਸਦੇ ਸਰਗੁਣ ਸਰੂਪ ਨੂੰ ਸਮਝਣ ਦਾ ਉਪਦੇਸ਼ ਕੀਤਾ। ਅਗਲੀ ਸਵੇਰ ਬਹੁਤ ਸਾਰੇ ਹਾਜੀ ਗੁਰੂ ਸਾਹਿਬ ਜੀ ਉਦਾਲੇ ਆ ਜੁੜੇ ਅਤੇ ਆਪ ਜੀ ਨਾਲ ਚਰਚਾ ਕਰਨ ਲੱਗੇ। ਜਦੋਂ ਹਾਜੀਆਂ ਨੇ ਪੁਛਿਆ ਕਿ ਤੁਸੀਂ ਹਿੰਦੂ ਹੋ ਜਾਂ ਮੁਸਲਮਾਨ ਤਾਂ ਆਪ ਨੇ ਉਤਰ ਦਿੱਤਾ ਕਿ ਮੈਂ ਅੱਲਾ ਦਾ ਰਚਿਆ ਪੰਜ ਤੱਤਾਂ ਦਾ ਪੁਤਲਾ ਹਾਂ ‘ਨ ਹਮ ਹਿੰਦੂ ਨ ਮੁਸਲਮਾਨ’ ਹਾਜੀਆਂ ਨੇ ਫਿਰ ਪੁਛਿਆ ਹਿੰਦੂ ਰੱਬ ਦੀ ਦਰਗਾਹ ਵਿੱਚ ਪਰਵਾਣ ਹੋਵੇਗਾ ਜਾਂ ਮੁਸਲਮਾਨ ਤਾਂ ਗੁਰੂ ਸਾਹਿਬ ਜੀ ਨੇ ਉਤਰ ਦਿੱਤਾ ਕਿ ਦਰਗਾਹ ਵਿਚ ਤਾਂ ਅਮਲਾਂ ਦਾ ਨਿਬੇੜਾ ਹੋਵੇਗਾ। ਭਾਈ ਗੁਰਦਾਸ ਜੀ ਦੀ ਵਾਰ ੧/੩੩ ਦੀ ਗਵਾਹੀ ਅਨੁਸਾਰ: ਬਾਬਾ ਆਖੇ ਹਾਜੀਆ ਸੁਭਿ ਅਮਲਾ ਬਾਝਹੁ ਦੋਨੋ ਰੋਈ।
ਹਿੰਦੂ ਮੁਸਲਮਾਨ ਦੁਇ ਦਰਗਹ ਅੰਦਰਿ ਲਹਨਿ ਨ ਢੋਈ। ਹਾਜੀਆਂ ਨੇ ਗੁਰੂ ਸਾਹਿਬ ਤੋਂ ਕੋਈ ਨਿਸ਼ਾਨੀ ਮੰਗੀ ਤਾਂ ਗੁਰੂ ਸਾਹਿਬ ਜੀ ਨੇ ਆਪਣੀਆਂ ਖੜਾਵਾਂ ਨਿਸ਼ਾਨੀ ਵਜੋਂ ਦਿੱਤੀਆਂ। ਗੁਰੂ ਸਾਹਿਬ ਜੀ ਮੱਕੇ ਤੋਂ ਮਦੀਨਾ ਅਤੇ ਫਿਰ ਮੁਸਲਮਾਨਾਂ ਦੇ ਗੜ੍ਹ ਬਗਦਾਦ ਵਿਖੇ ਪਹੁੰਚੇ। ਬਗਦਾਦ ਵਿੱਚ ਆਪ ਦੀ ਮੁਲਾਕਾਤ ਫਕੀਰ ਸ਼ਾਹ ਬਹਿਲੋਲ ਨਾਲ ਹੋਈ। ਉਸ ਥਾਂ ਗੁਰੂ ਸਾਹਿਬ ਜੀ ਦੀ ਯਾਦ ਵਿਚ ਹੁਣ ਵੀ ਯਾਦਗਾਰੀ ਥੜਾਂ ਮੌਜੂਦ ਹੈ। ਥੜੇ ਦੇ ਪਿਛੇ ਕੰਧ ਵਿਚ ਜੋ ਇਬਾਰਤ ਲਿਖੀ ਗਈ ਹੈ ਉਸ ਅਨੁਸਾਰ ਗੁਰੂ ਸਾਹਿਬ ਜੀ ਉਸ ਥਾਂ ਹਿਜ਼ਰੀ ੯੨੯ ਮੁਤਾਬਕ ੧੫੨੦-੨੧ ਈ: ਨੂੰ ਉਥੇ ਬਿਰਾਜੇ। ਬਗਦਾਦ ਤੋਂ ਆਪ ਤਹਿਰਾਨ, ਕੰਧਾਰ ਤੇ ਫਿਰ ਕਾਬਲ ਪਹੁੰਚੇ। ਕਾਬਲ ਉਸ ਸਮੇਂ ਬਾਬਰ ਦੇ ਰਾਜ ਅਧੀਨ ਸੀ। ਗੁਰੂ ਸਾਹਿਬ ਜੀ ਨੇ ਕਾਬਲ ਵਿਖੇ ਸਿੱਖ ਧਰਮਸ਼ਾਲ ਦੀ ਸਥਾਪਨਾ ਕਰ ਪ੍ਰਚਾਰਕ ਨਿਯੁਕਤ ਕੀਤੇ। ਕਾਬਲ ਤੋਂ ਚਲ ਕੇ ਆਪ ਜਲਾਲਾਬਾਦ ਤੇ ਖੈਬਰ ਪਾਸ ਤੋਂ ਹੁੰਦੇ ਹੋਏ ਹਸਨ ਅਬਦਾਲ ਪਹੁੰਚੇ। ਹਸਨ ਅਬਦਾਲ ਵਿਖੇ ਪਹਾੜੀ ਉਪਰ ਵਲੀ ਕੰਧਾਰੀ ਦਾ ਡੇਰਾ ਸੀ। ਹਸਨ-ਅਬਦਾਲ ਦੇ ਲੋਕ ਗੁਰੂ ਦਰਸ਼ਨ ਕਰ ਤ੍ਰਿਪਤ ਹੋਣ ਲੱਗੇ। ਵਲੀ ਕੰਧਾਰੀ ਨੇ ਗੁੱਸੇ ਵਿਚ ਆ ਪਾਣੀ ਦਾ ਚਸ਼ਮਾ ਬੰਦ ਕਰ ਦਿੱਤਾ ਜੋ ਹਸਨ-ਅਬਦਾਲ ਦੇ ਲੋਕਾਂ ਦਾ ਮੁਖ ਪਾਣੀ ਦਾ ਸਰੋਤ ਸੀ। ਲੋਕਾਂ ਦੀ ਮੰਗ ਦਾ ਉਸ ਉਪਰ ਕੋਈ ਅਸਰ ਨਾ ਹੋਇਆ। ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਭਾਈ ਮਰਦਾਨੇ ਨੂੰ ਵਲੀ ਕੰਧਾਰੀ ਕੋਲ ਅਰਜ ਕਰਨ ਲਈ ਭੇਜਿਆ। ਪਰ ਉਸਨੇ ਕੋਈ ਵੀ ਗੱਲ ਮੰਨਣ ਅਤੇ ਪਾਣੀ ਦੇਣ ਤੋਂ ਇਨਕਾਰ ਕਰ ਦਿੱਤਾ। ਭਾਈ ਮਰਦਾਨਾ ਜੀ ਦੀਆਂ ਦੁਬਾਰਾਂ ਬੇਨਤੀਆਂ ਕਰਨ ਤੇ ਵੀ ਵਲੀ ਕੰਧਾਰੀ ਨੇ ਪਾਣੀ ਨਹੀਂ ਦਿੱਤਾ। ਅੰਤ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ‘ਸਤਿ ਕਰਤਾਰ’ ਆਖ ਪਹਾੜੀ ਦੇ ਥੱਲਿਓਂ ਪੱਥਰ ਚੁੱਕਿਆ ਤਾਂ ਚਸ਼ਮਾ ਵਹਿ ਤੁਰਿਆ।
ਨਗਰ ਦੀ ਸੰਗਤ ਨੇ ਗੁਰੂ ਸਾਹਿਬ ਜੀ ਦੀ ਜੈ ਜੈ ਕਾਰ ਕੀਤੀ ਅਤੇ ਸਿੱਖੀ ਧਾਰਨ ਕੀਤੀ। ਵਲੀ ਕੰਧਾਰੀ ਇਹ ਵੇਖ ਹੋਰ ਗੁਸੇ ਵਿਚ ਆਇਆ ਤਾਂ ਉਸਨੇ ਵੱਡਾ ਸਾਰਾ ਪੱਥਰ ਗੁਰੂ ਸਾਹਿਬ ਜੀ ਨੂੰ ਮਾਰਨ ਵਾਸਤੇ ਪਹਾੜ ਤੋਂ ਥੱਲੇ ਰੇੜਿਆ। ਗੁਰੂ ਸਾਹਿਬ ਜੀ ਅਡੋਲ ਚਿੱਤ ਬੈਠੇ ਰਹੋ। ਜਦੋਂ ਪੱਥਰ ਆਪ ਜੀ ਪਾਸ ਪੁਜਣ ਲੱਗਾ ਤਾਂ ਆਪ ਜੀ ਨੇ ਸਤਿ ਕਰਤਾਰ ਆਖ ਆਪਣੇ ਪੰਜੇ ਨਾਲ ਉਸ ਪੱਥਰ ਨੂੰ ਰੋਕ ਲਿਆ। ਗੁਰੂ ਸਾਹਿਬ ਜੀ ਦਾ ਪੰਜਾ ਉਸ ਪੱਥਰ ਵਿਚ ਲਗ ਗਿਆ ਤੇ ਪੱਥਰ ਉਥੇ ਹੀ ਰੁਕ ਗਿਆ। ਵਲੀ ਕੰਧਾਰੀ ਇਹ ਕੌਤਕ ਵੇਖ ਹੈਰਾਨ ਹੋਇਆ ਅੰਤ ਗੁਰੂ ਸਾਹਿਬ ਜੀ ਦੇ ਚਰਨਾਂ ਤੇ ਢਹਿ ਪਿਆ। ਇਸ ਅਸਥਾਨ ਤੇ ਹੁਣ ਗੁਰਦੁਆਰਾ ਪੰਜਾ ਸਾਹਿਬ । ਮੌਜੂਦ ਹੈ ਜੋ ਅਜੋਕੇ ਸਮੇਂ ਪਾਕਿਸਤਾਨ ਵਿੱਚ ਹੈ। ਇਥੋਂ ਆਪ ਜੀ ਸੈਦਪੁਰ ਪਹੁੰਚੇ ਉਸ ਸਮੇਂ ਹੀ ਬਾਬਰ ਨੇ ਸੈਦਪੁਰ ਤੇ ਹਮਲਾ ਕਰ ਦਿੱਤਾ ਸੀ ਇਹ ਘਟਨਾ ੧੫੨੧ ੨੨ ਈ: ਦੇ ਆਸ ਪਾਸ ਦੀ ਹੈ। ਬਾਬਰ ਨੇ ਜਿਸ ਪ੍ਰਕਾਰ ਸੈਦਪੁਰ ਸ਼ਹਿਰ ਤੇ ਹਮਲਾ ਕੀਤਾ ਅਤੇ ਕਤਲੋਗਾਰਤ ਮਚਾਈ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਉਸ ਸਾਰੇ ਘਟਨਾਕ੍ਰਮ ਨੂੰ ਬਾਣੀ ਵਿੱਚ ਬਿਆਨ ਕੀਤਾ ਹੈ। ਇਸ ਘਟਨਾ ਨਾਲ ਸੰਬੰਧਤ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹਨ ਅਤੇ ਇਹਨਾਂ ਨੂੰ ‘ਬਾਬਰਵਾਣੀ’ ਦੇ ਨਾਮ ਨਾਲ ਯਾਦ ਕੀਤਾ ਜਾਂਦਾ ਹੈ।
ਅੰਤ ਸਮਾਂ
ਸੈਦਪੁਰ ਤੋਂ ਗੁਰੂ ਸਾਹਿਬ ਜੀ ਤਲਵੰਡੀ ਵਿਖੇ ਪਹੁੰਚੇ ਅਤੇ ਫਿਰ ਸੁਲਤਾਨਪੁਰ ਤੋਂ ਹੋ ਕੇ ਆਪ ਜੀ ਰਾਵੀ ਦੇ ਕੰਢੇ ਸਥਿਤ ਕਰਤਾਰਪੁਰ ਦੇ ਸਥਾਨ ਤੇ ਪਹੁੰਚ ਗਏ। ਇਥੇ ਆਪ ਜੀ ਪਰਿਵਾਰ ਸਮੇਤ ਰਹਿੰਦੇ ਹੋਏ ਖੇਤੀ ਕਰਨ ਲੱਗੇ। ਗੁਰੂ ਸਾਹਿਬ ਜੀ ਕਰਤਾਰਪੁਰ ਵਿਖੇ ਈਸ਼ਵਰੀ ਗਿਆਨ ਭਗਤੀ ਅਤੇ ਰੱਬੀ ਕੀਰਤਨ ਦੇ ਖੁੱਲੇ ਗੱਫੇ ਵਰਤਾ ਕੇ ਲੋਕਾਈ ਨੂੰ ਆਤਮਕ ਖ਼ੁਰਾਕ ਨਾਲ ਤ੍ਰਿਪਤ ਕਰਦੇ। ਦੋਵੇਂ ਵੇਲੇ ਧੁਰ ਕੀ ਬਾਣੀ ਦਾ ਉਚਾਰਨ ਹੁੰਦਾ ਅਤੇ ਗੁਰੂ ਸਾਹਿਬ ਜੀ ਸ਼ੰਕਿਆਂ ਦੀ ਨਵਿਰਤੀ ਕਰ ਤਪਤੇ ਹਿਰਦਿਆਂ ਨੂੰ ਸ਼ਾਂਤ ਕਰਦੇ ਅਤੇ ਸਭ ਨੂੰ ਜੀਅਦਾਨ ਦੇ ਕੇ ਭਗਤੀ ਵਿਚ ਲਾ ਹਰਿ ਸਿਓ ਮਿਲਾ ਰਹੇ ਸਨ। ਇਸ ਸਮੇਂ ਦੌਰਾਨ ਆਪ ਜੀ ਨੂੰ ਪਤਾ ਚੱਲਿਆ ਕਿ ਸ਼ਿਵਰਤਾਰੀ ਦੇ ਮੌਕੇ ਅਚਲ-ਵਟਾਲੇ ਦੇ ਸਥਾਨ ਤੇ ਜੋਗੀ ਤੇ ਸਿੱਧ ਆਪਣੀਆਂ ਕਰਾਮਾਤਾਂ ਦਿਖਾਂ ਭੋਲੀ ਭਾਲੀ ਜਨਤਾ ਨੂੰ ਲੁੱਟਦੇ ਹਨ। ਇਸ ਯਾਤਰਾ ਨੂੰ ਗੁਰੂ ਸਾਹਿਬ ਜੀ ਦੀ ਪੰਜਵੀਂ ਉਦਾਸੀ ਨਾਲ ਵੀ ਯਾਦ ਕੀਤਾ ਜਾਂਦਾ ਹੈ।
ਗੁਰੂ ਸਾਹਿਬ ਜੀ ਭਾਈ ਮਰਦਾਨਾ ਜੀ ਨੂੰ ਨਾਲ ਲੈ ਅਚੱਲ ਵਟਾਲੇ ਪਹੁੰਚੇ। ਆਪ ਮੇਲੇ ਤੋਂ ਥੋੜੇ ਹਟਵੇਂ ਬਹਿ ਕੀਰਤਨ ਕਰਨ ਲੱਗੇ। ਸੰਗਤਾਂ ਗੁਰੂ ਸਾਹਿਬ ਜੀ ਦੇ ਦੁਆਲੇ ਆ ਜੁੜੀਆਂ। ਸਿੱਧਾਂ ਤੇ ਜੋਗੀਆਂ ਨੂੰ ਬਹੁਤ ਗੁੱਸਾ ਆਇਆ। ਇਨ੍ਹਾਂ ਦੇ ਮੁਖੀ ਭੰਗਰਨਾਥ ਨੇ ਗੁਰੂ ਸਾਹਿਬ ਜੀ ਨੂੰ ਸਵਾਲ ਕੀਤਾ ਕਿ ਆਪ ਨੇ ਉਦਾਸੀ ਭੇਖ ਲਾਹ ਕੇ ਗ੍ਰਿਹਸਥੀ ਲਿਬਾਸ ਕਿਉਂ ਧਾਰਨ ਕਰ ਲਿਆ ਹੈ? ਇਹ ਤੁਹਾਡਾ ਕੰਮ ਦੁਧ ਵਿਚ ਕਾਂਜੀ ਪਾਉਣ ਵਾਲਾ ਹੈ। ਗੁਰੂ ਸਾਹਿਬ ਜੀ ਨੇ ਉਤਰ ਦਿੱਤਾ ਕਿ ਅਸੀਂ ਤਾਂ ਗੁਰਮੁਖ ਖੋਜਣ ਕਾਰਨ ਹੀ ਉਦਾਸੀ ਭੇਖ ਧਾਰਨ ਕੀਤਾ ਸੀ। ਉਹ ਕੰਮ ਸੰਪੂਰਨ ਹੋ ਗਿਆ ਹੈ ਇਸ ਲਈ ਅਸੀਂ ਹੁਣ ਫਿਰ ਗ੍ਰਿਹਸਥੀ ਲਿਬਾਸ ਪਹਿਨ ਲਿਆ ਹੈ। ਪਰੰਤੂ ਭੰਗਰਨਾਥ ਜੀ ਤੁਸੀਂ ਕਿਸ ਭਰਮ ਵਿੱਚ ਫਸੇ ਹੋਏ ਹੋ ਜਿਨ੍ਹਾਂ ਗ੍ਰਿਹਸਥੀਆਂ ਨੂੰ ਮਾੜਾ ਕਹਿੰਦੇ ਹੋ ਫਿਰ ਉਹਨਾਂ ਦੇ ਘਰੀਂ ਹੀ ਮੰਗਣ ਜਾਂਦੇ ਹੋ। ਜਿਨ੍ਹਾਂ ਕੋਲੋਂ ਮੰਗ ਕੇ ਖਾਂਦੇ ਹੋ ਉਨ੍ਹਾਂ ਦੀ ਹੀ ਨਿੰਦਿਆ ਕਰਦੇ ਹੋ। ਇਹ ਕਿਥੋਂ . ਦਾ ਤਿਆਗ ਹੈ? ਕਿਰਤ ਕਮਾਈ ਛੱਡ, ਗ੍ਰਿਹਸਥ ਦਾ ਤਿਆਗ ਕਰ ਆਪਣੀ ਵਿਹਲੜ ਬਿਰਤੀ ਨੂੰ ਤੁਸੀਂ ਚੰਗਾ ਸਮਝਦੇ ਹੋ, ਗ੍ਰਿਹਸਥੀ ਬਣਨਾ ਮਾੜਾ ਸਮਝਦੇ ਹੋ। ਇਹ ਕਿਥੋਂ ਦਾ ਜੋਗ ਹੈ? ਅਸੀਂ ਗ੍ਰਿਹਸਥ ਵਿਚ ਰਹਿ ਕੇ, ਮਾਤਾ-ਪਿਤਾ ਦੀ ਸੇਵਾ ਕਰ, ਬੱਚਿਆ ਦਾ ਪਾਲਣ ਕਰ, ਦਸਾਂ ਨੌਹਾਂ ਦੀ ਕਿਰਤ ਕਰ ਰੱਬ ਦੇ ਸ਼ੁਕਰ ਵਿੱਚ ਵੰਡ ਕੇ ਛਕਦੇ ਹਾਂ। ਅਸੀਂ ਤਾਂ ਇਹੋ ਜੋਗ ਕਮਾਉਂਦੇ ਹਾਂ ਤੇ ਹੋਰਨਾਂ ਨੂੰ ਇਹ ਜੋਗ ਧਾਰਨ ਕਰਨ ਦਾ ਉਪਦੇਸ਼ ਕਰਦੇ ਹਾਂ। ਗੁਰੂ ਸਾਹਿਬ ਜੀ ਦੇ ਬਚਨ ਸੁਣ ਜੋਗੀ ਨਿਤਰ ਹੋ ਗਏ। ਫਿਰ ਜੋਗੀਆਂ ਤੇ ਸਿਧਾਂ ਨੇ ਕਰਾਮਾਤਾਂ ਵਿਖਾ, ਰਿਧੀਆਂ, ਸਿਧੀਆਂ ਦੇ ਬਲ ਤੇ ਗੁਰੂ ਸਾਹਿਬ ਜੀ ਨੂੰ ਡਰਾਉਣ ਤੇ ਭਰਮਾਉਣ ਦਾ ਯਤਨ ਕੀਤਾ। ਜਦੋਂ ਸਾਰਾ ਕੁਝ ਵਿਅਰਥ ਜਾਂਦਾ ਪ੍ਰਤੀਤ ਹੋਇਆ ਤਾਂ ਸਿਧਾਂ ਤੇ ਜੋਗੀਆਂ ਗੁਰੂ ਸਾਹਿਬ ਜੀ ਨੂੰ ਪੁੱਛਿਆ:
ਸਿਧਿ ਬੋਲਨਿ ਸੁਣਿ ਨਾਨਕਾ ਤੁਹਿ ਜਗ ਨੋ ਕਰਾਮਾਤਿ ਦਿਖਾਈ।
ਕੁਝ ਵਿਖਾਲੇ ਅਸਾਂ ਨੋ, ਤੁਹਿ ਕਿਉਂ ਢਿਲ ਅਵੇਹੀ ਲਾਈ ?
ਸਿਧਾਂ ਦੀ ਗੱਲ ਸੁਣ ਸ੍ਰੀ ਗੁਰੂ ਨਾਨਕ ਸਾਹਿਬ ਜੀ ਬੋਲੇ :
ਬਾਬਾ ਬੋਲੇ, ‘ਨਾਥ ਜੀ! ਅਸਿ ਵੇਖਣਿ ਜੋਗੀ ਵਸਤੁ ਨ ਕਾਈ।
ਗੁਰੂ ਸੰਗਤਿ ਬਾਣੀ ਬਿਨਾ ਦੂਜੀ ਓਟ ਨਹੀ ਹੈ ਰਾਈ।
ਅਤੇ ਬਾਝੋ ਸਚੇ ਨਾਮ ਦੇ ਹੋਰੁ ਕਰਾਮਾਤਿ ਅਸਾਂ ਤੇ ਨਾਹੀ। ਇਹ ਸਾਰੀ ਚਰਚਾ ਭਾਈ ਗੁਰਦਾਸ ਜੀ ਨੇ ਆਪਣੀ ਪਹਿਲੀ ਵਾਰ ਦੀ ਪਉੜੀ ੪੨ ਉਪਰ ਅੰਕਿਤ ਕੀਤੀ ਹੈ। ਜੋਗੀ ਅਤੇ ਸਿਧ ਗੁਰੂ ਸਾਹਿਬ ਜੀ ਦਾ ਉਤਰ ਸੁਣ ਹਾਰ ਮੰਨ ਗਏ। ਭਵਿੱਖ ਵਿੱਚ ਇਸ ਚਰਚਾ ਤੋਂ ਬਾਅਦ ਜੋਗੀਆਂ ਤੇ ਸਿਧਾਂ ਨੇ ਕਦੇ ਵੀ ਗੁਰੂਘਰ ਨਾਲ ਮੱਥਾ ਲਾਉਣ ਦਾ ਹੀਆ ਵੀ ਨਹੀਂ ਕੀਤਾ। ਅਚਲ ਵਟਾਲੇ ਤੋਂ ਬਾਅਦ ਗੁਰੂ ਸਾਹਿਬ ਜੀ ਨੂੰ ਪਤਾ ਲਗਾ ਕਿ ਮੁਲਤਾਨ ਵਿਚ ਵੀ ਪਖੰਡੀ ਪੀਰ ਫਕੀਰ ਲੋਕਾਂ ਨੂੰ ਵਹਿਮਾਂ-ਭਰਮਾਂ ਵਿਚ ਪਾ ਕੇ ਕੁਰਾਹੇ ਪਾ ਤੰਗ ਕਰਦੇ ਸਨ। ਮੁਲਤਾਨ ਸ਼ਹਿਰ ਪੀਰਾਂ ਫਕੀਰਾਂ ਨਾਲ ਭਰਪੂਰ ਸੀ। ਗੁਰੂ ਸਾਹਿਬ ਜੀ ਦੀ ਆਮਦ ਸੁਣ ਪੀਰਾਂ ਫਕੀਰਾਂ ਨੇ ਦੁੱਧ ਦਾ ਨਕੋ-ਨਕ ਭਰਿਆ ਹੋਇਆ ਕਟੋਰਾ ਗੁਰੂ ਸਾਹਿਬ ਜੀ ਨੂੰ ਭੇਜਿਆ। ਉਹਨਾਂ ਦਾ ਭਾਵ ਸੀ ਕਿ ਇਹ ਨਗਰ ਪਹਿਲੋਂ ਹੀ ਪੀਰਾਂ-ਫਕੀਰਾਂ ਨਾਲ ਭਰਿਆ ਪਿਆ ਹੈ ਹੋਰ ਕਿਸੇ ਸਾਧੁ ਫਕੀਰ ਲਈ ਇਥੇ ਕੋਈ ਥਾਂ ਨਹੀਂ। ਗੁਰੂ ਸਾਹਿਬ ਜੀ ਨੇ ਉਤਰ ਵਿਚ ਚਮੇਲੀ ਦਾ ਫੁਲ ਤੋੜ ਕੇ ਦੁਧ ਦੇ ਭਰੇ ਹੋਏ ਕਟੋਰੇ ਉਪਰ ਟਿਕਾ ਦਿੱਤਾ। ਉਤਰ ਸੀ ਕਿ ਅਸੀਂ ਪਹਿਲੇ ਪੀਰਾਂ ਫਕੀਰਾਂ ਉਪਰ ਕੁਝ ਠੋਸਣ ਨਹੀਂ ਬਲਕਿ ਚਮੇਲੀ ਦੇ ਫੁਲ ਦੀ ਤਰ੍ਹਾਂ ਨਿਰਲੇਪ ਰਹਿਣ ਵਾਸਤੇ ਆਏ ਹਾਂ। ਇਸ ਮਗਰੋਂ ਸ਼ਹਿਰ ਦੇ ਉੱਘੇ ਪੀਰ ਫਕੀਰ ਗੁਰੂ ਸਾਹਿਬ ਜੀ ਦੇ ਦਰਸ਼ਨਾਂ ਲਈ ਅਤੇ ਚਰਚਾ ਲਈ ਆਏ ਪਰੰਤੂ ਸਭ ਗੁਰੂ ਜੀ ਦੀ ਅਧਿਆਤਮਕ ਪਹੁੰਚ ਦੇ ਕਾਇਲ ਹੋਏ। ਮੁਲਤਾਨ ਤੋਂ ਗੁਰੂ ਸਾਹਿਬ ਜੀ ਫਿਰ ਕਰਤਾਰਪੁਰ ਆ ਗਏ।
ਕਰਤਾਰਪੁਰ ਵਿਖੇ ਆਪ ਜੀ ਨੇ ਕੋਈ ੧੮-੨੦ ਸਾਲ ਸਿੱਖੀ ਦੇ ਬੂਟੇ ਨੂੰ ਖੁਦ ਸਿੰਜਿਆ। ਸਿੱਖ ਧਰਮ ਦੀਆ ਸੰਸਥਾਵਾਂ ਨੇ ਅਮਲੀ ਜਾਮਾ ਆਪ ਦੇ ਹੱਥੀਂ ਪਹਿਨਿਆ। ਨਿਤਨੇਮ, ਲੰਗਰ, ਸੰਗਤ, ਸੇਵਾ ਆਦਿ ਜਿਹੇ ਸਿੱਖ ਸਭਿਆਚਾਰ ਆਪਣੇ ਹੱਥੀਂ ਪ੍ਰਫੁਲਤ ਕੀਤਾ। ਭਾਈ ਗੁਰਦਾਸ ਜੀ ਦੇ ਕਥਨ ਅਨੁਸਾਰ ਕਰਤਾਰਪੁਰ ਵਿਖੇ ਰੋਜ ਦਾ ਨਿਤਨੇਮ, ‘ਸੋਦਰੁ ਆਰਤੀ ਗਾਵੀਐ ਅੰਮ੍ਰਿਤ ਵੇਲੇ ਜਾਪੁ ਉਚਾਰਾ ਸਥਾਪਿਤ ਹੋ ਗਿਆ ਸੀ। ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ ਦੇ ਹੁਕਮਾਂ ਨੂੰ ਗੁਰੂ ਸਾਹਿਬ ਜੀ ਆਪ ਕਮਾ ਕੇ ਦਸ ਰਹੇ ਸਨ। ਭਾਈ ਲਹਿਣਾ ਜੀ ਆਪ ਜੀ ਕੋਲ ੧੫੨੧ ਈ: ਦੇ ਆਸ-ਪਾਸ ਆਏ। ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਅਧਿਆਤਮਵਾਦੀ ਪਹੁੰਚ ਦੇ ਕਾਇਲ ਹੋ ਕਰਤਾਰਪੁਰ ਹੀ ਗੁਰੂ ਸਾਹਿਬ ਜੀ ਕੋਲ ਨਿਵਾਸ ਕਰ ਸੇਵਾ ਤੇ ਸਿਮਰਨ ਵਿਚ ਦਿਨ ਗੁਜ਼ਾਰਨ ਲੱਗੇ। ਭਾਈ ਲਹਿਣਾ ਜੀ ਦਾ ਭਰੋਸਾ, ਸਿੱਖੀ ਸਿਦਕ, ਯੋਗਤਾ, ਆਗਿਆਕਾਰੀ ਸੁਭਾਅ ਅਤੇ ਸਿੱਖੀ ਸ਼ਰਧਾ ਵੇਖ ਕੇ ਆਪ ਜੀ ਬਹੁਤ ਪ੍ਰਸੰਨ ਹੋਏ। ਗੁਰੂ ਸਾਹਿਬ ਜੀ ਦੇ ਹੁਕਮ ਨੂੰ ਭਾਈ ਲਹਿਣਾ ਜੀ ਖਿੜੇ ਮੱਥੇ ਕਬੂਲਦੇ ਤੇ ਸਤਿ ਬਚਨ ਆਖ ਪੂਰਾ ਕਰਦੇ।
ਗੁਰੂ ਸਾਹਿਬ ਜੀ ਨੇ ਭਾਈ ਲਹਿਣਾ ਜੀ ਨੂੰ ਆਪਣੇ ਹੋਰ ਸਿੱਖ ਸੇਵਕਾਂ ਅਤੇ ਆਪਣੇ ਪੁੱਤਰਾਂ ਬਾਬਾ ਸ੍ਰੀ ਚੰਦ ਜੀ ਤੇ ਬਾਬਾ ਲਖਮੀ ਦਾਸ ਜੀ ਤੋਂ ਵਧੇਰੇ ਆਗਿਆਕਾਰੀ ਤੇ ਗੁਰਮਤਿ ਸੂਝਬੂਝ ਦੇ ਪਾਂਧੀ ਜਾਣ ਅਤੇ ਹੋਰ ਪਰੀਖਿਆਵਾਂ ਵਿਚੋਂ ਲੰਘਾਉਣ ਉਪਰੰਤ ਭਾਈ ਲਹਿਣਾ ਜੀ ਤੋਂ ਸ੍ਰੀ ਗੁਰੂ ਅੰਗਦ ਸਾਹਿਬ ਜੀ ਬਣਾ ਗੁਰਗੱਦੀ ਦਾ ਕੰਮ ਸੰਭਾਲਣ ਵਾਸਤੇ ਸਭ ਤੋਂ ਵੱਧ ਯੋਗ ਸਮਝਿਆ। ਆਪ ਜੀ ਨੇ ਸਖ਼ਤ ਪਰੀਖਿਆ ਤੋਂ ਬਾਅਦ ਸ੍ਰੀ ਗੁਰੂ ਅੰਗਦ ਸਾਹਿਬ ਜੀ ਨੂੰ ੧੫੩੯ ਈ: ਵਿੱਚ ਗੁਰਗੱਦੀ ਤੇ ਬਿਰਾਜਮਾਨ ਕਰਵਾਇਆ ਅਤੇ ਆਪ ਉਹਨਾਂ ਦੇ ਚਰਨਾਂ ਤੇ ਨਮਸਕਾਰ ਕੀਤੀ। ਉਪਰੰਤ ਆਪ ਜੀ ਨੇ ਬਾਬਾ ਸ੍ਰੀ ਚੰਦ ਤੇ ਬਾਬਾ ਲਖਮੀ ਦਾਸ ਦੇ ਵਿਰੋਧ ਕਾਰਨ ਆਪ ਜੀ ਨੂੰ ਖਡੂਰ ਸਾਹਿਬ ਵਿਖੇ ਜਾਣ ਦੀ ਸਲਾਹ ਦਿੱਤੀ। ਸ੍ਰੀ ਗੁਰੂ ਅੰਗਦ ਸਾਹਿਬ ਜੀ ਖਡੂਰ ਵਿਖੇ ਆ ਰਹੇ।
ਰਾਇ ਸਤਾ ਤੇ ਬਲਵੰਡਿ ਦੀ ਰਾਮਕਲੀ ਕੀ ਵਾਰ ਇਸ ਘਟਨਾ ਦੀ ਗਵਾਹੀ ਭਰਦੀ ਹੈ ਕਿ ਆਪ ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ ਹੁਕਮ ਮੰਨ ਖਡੂਰ ਸਾਹਿਬ ਆ ਰਹੇ। ਹੁਣ ਜੋ ਵੀ ਸੰਗਤ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨਾਂ ਹਿਤ ਆਉਂਦੀ ਆਪ ਖੁਦ ਉਹਨਾਂ ਨੂੰ ਸ੍ਰੀ ਗੁਰੂ ਅੰਗਦ ਸਾਹਿਬ ਜੀ ਦੇ ਦਰਸ਼ਨ ਕਰ ਤ੍ਰਿਪਤ ਹੋਣ ਦੀ ਪ੍ਰੇਰਨਾ ਕਰਦੇ। ਆਪ ਜੀ ਨੇ ਕੁਲ ੯੭੭ ਸ਼ਬਦ ੨੦ ਰਾਗਾਂ ਵਿਚ ਉਚਾਰੇ। ਆਪ ਜੀ ਦੀਆਂ ਰਚਨਾਵਾਂ ਵਿਚੋਂ ਪ੍ਰਮੁੱਖ ਜਪੁ ਜੀ ਸਾਹਿਬ, ਸਿਧ ਗੋਸਟਿ, ਪੱਟੀ, ਦਖਣੀ ਓਅੰਕਾਰ, ਆਰਤੀ, ਬਾਬਰਵਾਣੀ ਆਦਿ ਪ੍ਰਮੁੱਖ ਬਾਣੀਆਂ ਹਨ। ਜਪੁ ਜੀ ਸਾਹਿਬ ਨਿਤਨੇਮ ਦੀ ਬਾਣੀ ਹੈ ਜਿਸਦਾ ਦਾ ਪਾਠ ਹਰ ਗੁਰਸਿੱਖ ਰੋਜ਼ਾਨਾ ਅੰਮ੍ਰਿਤ ਵੇਲੇ ਕਰਦਾ ਹੈ। ਆਪ ਜੀ ਦੀ ਸਾਰੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਮੌਜੂਦ ਹੈ ਜੋ ਮਨੁਖਤਾ ਨੂੰ ਅੰਧਕਾਰ ਤੋਂ ਪ੍ਰਕਾਸ਼ ਵਲ ਜਾਣ ਦਾ ਮਾਰਗ ਦਰਸਾ ਰਹੀ ਹੈ। ਅੰਤ ਕਰਤਾਰ ਵਲੋਂ ਸੌਂਪੀ ਹਰ ਜਿੰਮੇਵਾਰੀ ਨੂੰ ਪੂਰਾ ਕਰ ਆਪ ੧੫੩੯ ਈ: ਨੂੰ ਕਰਤਾਰਪੁਰ ਸਾਹਿਬ (ਪਾਕਿਸਤਾਨ) ਵਿਖੇ ਅਕਾਲਪੁਰਖ ਵਿੱਚ ਅਭੇਦ ਹੋ ਗਏ।
ਪੜ੍ਹੋ :- Guru Teg Bahadur Ji Poem In Punjabi | ਸ੍ਰੀ ਗੁਰੂ ਤੇਗ ਬਹਾਦਰ ਜੀ ਤੇ ਕਵਿਤਾ
( Sri Guru Nanak Dev Ji History In Punjabi ) ਸ੍ਰੀ ਗੁਰੂ ਨਾਨਕ ਦੇਵ ਜੀ ਦਾ ਇਤਿਹਾਸ ਵਿੱਚ ਜੇਕਰ ਕੋਈ ਗ਼ਲਤੀ ਹੋਈ ਹੋਵੇ ਤਾਂ ਕਿਰਪਾ ਕਰ ਕੇ ਕੰਮੈਂਟ ਬਾਕਸ ਵਿੱਚ ਜਰੂਰ ਦੱਸਣ ਕਿਰਪਾਲਤਾ ਕਰਨੀ।
ਧੰਨਵਾਦ।
Thank you for sharing such nice information about Guru Nanak dev ji. if you don’t mind can I use this information to create youtube video.
Thanks in advance.
Shri Guru Nanak Dev Ji biography really helpful.
Nice
Hi
Sir.
Jo guru Nanak Dev Ji ki pick hai bo such me oni ki reall pick hai
Complete Shri Guru Nanak Dev Ji Biography or Full Real Life Events Read Here
Guru Nanak Dev Ji, the founder of Sikhism, preached messages of love, equality, and spiritual enlightenment for all humanity.
Niente l
Guru Naak ji ki Biography padhkar maza aa gya
It is story