ਕੂਕ ਨਿਮਾਣੀ ਦੀ :- ਧੀਆਂ ਦੀ ਹਾਲਤ ਤੇ ਪਰਗਟ ਸਿੰਘ ਦਾ ਇਕ ਪੰਜਾਬੀ ਗੀਤ
ਸਾਡੇ ਸਮਾਜ ਵਿੱਚ ਧੀਆਂ ਦੀ ਮਾੜੀ ਹਾਲਤ ਤੋਂ ਕੌਣ ਜਾਣੂ ਨਹੀਂ। ਇਕ ਪਾਸੇ ਤਾਂ ਹਰ ਪਾਸੇ ਇਹ ਜਾਗਰੂਕਤਾ ਫੈਲਾਈ ਜਾਂਦੀ ਹੈ ਕਿ ਪੁੱਤਰ ਅਤੇ ਧੀਆਂ ਦੋਵੇਂ ਬਰਾਬਰ ਹਨ। ਦੂਜੇ ਪਾਸੇ ਕੁੜੀਆਂ ਨੂੰ ਇਹ ਸਿਖਾਇਆ ਜਾਂਦਾ ਹੈ ਕਿ ਉਹ ਸਿਰਫ ਘਰ ਦੇ ਕੰਮਕਾਰ ਕਾਰਨ ਲਈ ਹੀ ਧਰਤੀ ਤੇ ਆਈਆਂ ਹਨ। ਆਓ ਪੜ੍ਹਦੇ ਹਾਂ ਅਜਿਹੇ ਹਾਲਾਤ ਵਿੱਚ ਪਲ ਰਹੀ ਇਕ ਕੁੜੀ ਦੀ ਦਾਸਤਾਨ ਕਵਿਤਾ ” ਕੂਕ ਨਿਮਾਣੀ ਦੀ ” :-
ਕੂਕ ਨਿਮਾਣੀ ਦੀ
ਕਿੱਥੇ ਗੱਠੜੀ ਖੋਲਾਂ ਦੁੱਖਾਂ ਭਰੀ ਕਹਾਣੀ ਦੀ
ਸੁਣ ਲੈ ਵੇ ਰੱਬਾ ਮੇਰੀ ਕੂਕ ਨਿਮਾਣੀ ਦੀ।
ਜਿਹੜੇ ਘਰ ਮੈਂ ਜਨਮ ਲਿਆ ਸਭ ਲੋਕ ਪਰਾਏ ਸੀ
ਕਿਸੇ ਵਧਾਈ ਦਿੱਤੀ ਨਾ ਜੋ ਦੇਖਣ ਆਏ ਸੀ,
ਮਾਪਿਆਂ ਵੀ ਨਾ ਖੁਸ਼ੀ ਮਨਾਈ ਮੈਂ ਮਰਜਾਣੀ ਦੀ
ਸੁਣ ਲੈ ਵੇ ਰੱਬਾ ਮੇਰੀ ਕੂਕ ਨਿਮਾਣੀ ਦੀ।
ਕੋਈ ਕਹੇ ਮਰਜਾਣੀ ਤੇ ਕੋਈ ਚੰਦਰੀ ਕਹਿੰਦਾ ਏ
ਨਾਲ ਪਿਆਰ ਦੇ ਕੋਈ ਵੀ ਮੇਰਾ ਨਾਮ ਨਾ ਲੈਂਦਾ ਏ,
ਠੋਕਰ ਬਣ ਗਈ ਜਿੰਦਗੀ ਮੇਰੀ ਠੋਕਰਾਂ ਖਾਣੀ ਦੀ
ਸੁਣ ਲੈ ਵੇ ਰੱਬਾ ਮੇਰੀ ਕੂਕ ਨਿਮਾਣੀ ਦੀ।
ਸਾਰ ਹੈ ਕਿਸਨੂੰ ਧੀਆਂ ਦੀ ਸਭ ਪੁੱਤਰ ਚਾਹੁੰਦੇ ਨੇ
ਕਿਉਂਕਿ ਇਸ ਨਗਰੀ ਵਿੱਚ ਪੁੱਤ ਹੀ ਕੁਲ ਚਲਾਉਂਦੇ ਨੇ,
ਧੀਆਂ ਚੜ੍ਹਦੀਆਂ ਬਲੀ ਰੱਬਾ ਇਸ ਰੀਤ ਪੁਰਾਣੀ ਦੀ
ਸੁਣ ਲੈ ਵੇ ਰੱਬਾ ਮੇਰੀ ਕੂਕ ਨਿਮਾਣੀ ਦੀ।
ਪ੍ਰਗਟ ਸਿੰਘਾ ਭਾਵੇਂ ਕੋਠੇ ਚੜ੍ਹਕੇ ਢੋਲ ਵਜਾ ਲੈ
ਕਿਸੇ ਨਾ ਦਰਦ ਵੰਡਾਉਣਾ ਸਾਡਾ ਚਾਹੇ ਲੱਖ ਸਮਝਾ ਲੈ,
ਕਦਰ ਬੰਡਾਲੇ ਵਾਲਿਆ ਕੀ ਅੱਖੀਆਂ ਦੇ ਪਾਣੀ ਦੀ
ਸੁਣ ਲੈ ਵੇ ਰੱਬਾ ਮੇਰੀ ਕੂਕ ਨਿਮਾਣੀ ਦੀ।
ਪੜ੍ਹੋ :- ਲਾਡਲੀ ਧੀ ਤੇ ਕਵਿਤਾ :- ਦਾਜ ਦੀ ਸਮੱਸਿਆ ਤੇ ਕਵਿਤਾ
ਲੇਖਕ ਬਾਰੇ :-
ਮੇਰਾ ਨਾਮ ਪਰਗਟ ਸਿੰਘ ਹੈ। ਮੈਂ ਅੰਮ੍ਰਿਤਸਰ ਜ਼ਿਲੇ ਦੇ ਅਧੀਨ ਬੰਡਾਲਾ ਪਿੰਡ ਵਿਚ ਰਹਿੰਦਾ ਹਾਂ। ਮੈਂ ਕੀਰਤਨ ਕਰਦਾ ਹਾਂ ਅਤੇ ਇੱਕ ਸਕੂਲ ਵਿੱਚ ਗੁਰਮਤਿ ਸੰਗੀਤ ਸਿਖਾਉਂਦਾ ਹਾਂ। ਇਸ ਦੇ ਨਾਲ-ਨਾਲ, ਮੈਨੂੰ ਬਚਪਨ ਤੋਂ ਕਹਾਣੀਆਂ, ਕਵਿਤਾਵਾਂ, ਲੇਖ, ਸ਼ਾਇਰੀ ਲਿਖਣ ਦਾ ਸ਼ੌਕ ਹੈ।
ਕੰਮੈਂਟ ਬਾਕਸ ਵਿੱਚ ” ਕੂਕ ਨਿਮਾਣੀ ਦੀ ” ਗੀਤ ਬਾਰੇ ਆਪਣੀ ਰਾਇ ਜਰੂਰ ਲਿਖੋ। ਜਿਸ ਨਾਲ ਲੇਖਕ ਦੀ ਹਿੰਮਤ ਅਤੇ ਸਤਿਕਾਰ ਵਧਾਇਆ ਜਾ ਸਕੇ।
ਜੇਕਰ ਤੁਸੀਂ ਵੀ ਰੱਖਦੇ ਹੋ ਲਿਖਣ ਦਾ ਹੁਨਰ ਅਤੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਰਚਨਾ ਬਲਾੱਗ ਰਾਹੀਂ ਸਾਰੇ ਪਾਠਕਾਂ ਤਕ ਪਹੁੰਚੇ। ਤਾਂ ਆਪਣੀ ਕਵਿਤਾ, ਕਹਾਣੀ ਜਾਂ ਲੇਖ ਭੇਜੋ ਇਸ ਈ-ਮੇਲ blogapratim@gmail.com ਤੇ ਜਾਂ ਸਾਡੇ ਵਹਟਸਐੱਪ ਨੰਬਰ 9115672434 ਤੇ।
ਧੰਨਵਾਦ।