Monkey And Crocodile Story In Punjabi | ਸਵਾਰਥੀ ਮਿੱਤਰ ਕਹਾਣੀ
Monkey And Crocodile Story In Punjabi ਤੁਸੀਂ ਪੜ੍ਹ ਰਹੇ ਹੋ ਬਾਂਦਰ ਤੇ ਮਗਰਮੱਛ ਦੀ ” ਸਵਾਰਥੀ ਮਿੱਤਰ ਕਹਾਣੀ ” :-
Monkey And Crocodile Story In Punjabi
ਸਵਾਰਥੀ ਮਿੱਤਰ ਕਹਾਣੀ
ਇੱਕ ਵਾਰ ਇੱਕ ਦਰਿਆ ਦੇ ਕੰਢੇ ‘ਤੇ ਇੱਕ ਜਾਮਣ ਦਾ ਰੁੱਖ ਸੀ । ਰੁੱਖ ‘ਤੇ ਮਿੱਠੀਆਂ ਅਤੇ ਕਾਲੀਆਂ-ਸ਼ਾਹ ਜਾਮਣਾਂ ਲੱਗੀਆਂ ਹੋਈਆਂ ਸਨ। ਜਾਮਣ ਦੇ ਰੁੱਖ ਦੇ ਨਾਲ ਹੋਰ ਵੀ ਬਹੁਤ ਸਾਰੇ ਰੁੱਖਾਂ ਦਾ ਝੁੰਡ ਸੀ । ਇਸ ਝੁੰਡ ਵਿੱਚ ਇੱਕ ਬਾਂਦਰ ਰਹਿੰਦਾ ਸੀ । ਬਾਂਦਰ ਹਰ ਰੋਜ਼ ਜਾਮਣ ਦੇ ਰੁੱਖ ਤੋਂ ਮਿੱਠੀਆਂ-ਮਿੱਠੀਆਂ ਜਾਮਣਾਂ ਖਾਇਆ ਕਰਦਾ ਸੀ।
ਇੱਕ ਦਿਨ ਦੀ ਗੱਲ ਹੈ ਕਿ ਇੱਕ ਮਗਰਮੱਛ ਤਰਦਾ-ਤਰਦਾ ਦਰਿਆ ਦੇ ਇੱਕ ਕੰਢੇ ਵੱਲ ਨਿਕਲ ਆਇਆ । ਮਗਰਮੱਛ ਕੋਸੀ-ਕੋਸੀ ਧੁੱਪ ਵਿੱਚ ਰੇਤ ਤੇ ਪਲਸੇਟੇ ਮਾਰ ਕੇ ਅਨੰਦ ਲੈ ਰਿਹਾ ਸੀ। ਅਚਾਨਕ ਉਸ ਦੀ ਨਜ਼ਰ ਜਾਮਣ ਦੇ ਰੁੱਖ ‘ਤੇ ਪਈ। ਕਾਲੀਆਂ-ਸ਼ਾਹ ਜਾਮਣਾਂ ਵੇਖ ਕੇ ਉਸ ਦੇ ਮੂੰਹ ਵਿੱਚ ਪਾਣੀ ਭਰ ਗਿਆ। ਬਾਂਦਰ ਨੇ ਜਦੋਂ ਮਗਰਮੱਛ ਨੂੰ ਲਲਚਾਈਆਂ ਨਜ਼ਰਾਂ ਨਾਲ ਜਾਮਣਾਂ ਵੱਲ ਵੇਖਦ ਹੋਏ ਝਾਕਿਆ ਤਾਂ ਉਸ ਨੇ ਮਗਰਮੱਛ ਲਈ ਬਹੁਤ ਸਾਰੀਆਂ ਜਾਮਣਾਂ ਹੇਠਾਂ ਸੁੱਟ ਦਿੱਤੀਆਂ।ਮਗਰਮੱਛ ਨੇ ਜਾਮਣਾਂ ਬੜੇ ਸੁਆਦ ਨਾਲ ਖਾਧੀਆਂ ਅਤੇ ਕੁਝ ਬਚਾ ਕੇ ਆਪਣੀ ਪਤਨੀ ਲਈ ਰੱਖ ਲਈਆ । ਉਸ ਨੇ ਬਾਂਦਰ ਦਾ ਧੰਨਵਾਦ ਕੀਤਾ ਅਤੇ ਆਪਣੇ ਘਰ ਵੱਲ ਚਲਾ ਗਿਆ।
ਮਗਰਮੱਛਣੀ ਜਾਮਣਾਂ ਖਾ ਕੇ ਬੜੀ ਹੀ ਖ਼ੁਸ਼ ਹੋਈ । ਹੁਣ ਮਗਰਮੱਛ ਹਰ ਰੋਜ਼ ਦਰਿਆ ਦੇ ਕੰਢੇ ‘ਤੇ ਆਉਂਦਾ ਅਤੇ ਬਾਂਦਰ ਉਸ ਨੂੰ ਜਾਮਣਾਂ ਖਾਣ ਲਈ ਦਿੰਦਾ। ਇਸ ਤਰ੍ਹਾਂ ਬਾਦਰ ਅਤੇ ਮਗਰਮੱਛ ਦੋਵੇਂ ਪੱਕ ਦੋਸਤ ਬਣ ਗਏ । ਬਹੁਤ ਦਿਨ ਲੰਘ ਗਏ । ਹੁਣ ਜਾਮਣਾਂ ਖ਼ਤਮ ਹੋਣ ‘ਤੇ ਆ ਗਈਆਂ ਸਨ। ਇੱਕ ਦਿਨ ਮਗਰਮੱਛਣੀ ਮਗਰਮੱਛ ਨੂੰ ਕਹਿਣ ਲੱਗੀ, “ਬਾਂਦਰ ਨੇ ਹਰ ਰੋਜ਼ ਏਨੀਆਂ ਮਿੱਠੀਆਂ ਜਾਮਣਾਂ ਖਾਧੀਆਂ ਹਨ। ਉਸ ਦਾ ਦਿਲ ਤਾ ਬਹੁਤ ਸੁਆਦ ਹੋਵਗਾ। ਜੇ ਤੂੰ ਮੈਨੂੰ ਪਿਆਰ ਕਰਦਾ ਹੈ ਤਾਂ ਤੂੰ ਮੈਨੂੰ ਬਾਂਦਰ ਦਾ ਦਿਲ ਕੱਢ ਕੇ ਲਿਆ ਦੇ।
ਮਗਰਮੱਛ ਆਪਣੇ ਦੋਸਤ ਨਾਲ ਧੋਖਾ ਨਹੀਂ ਕਰਨਾ ਚਾਹੁੰਦਾ ਸੀ। ਪਰ ਉਹ ਆਪਣੀ ਪਤਨੀ ਦੀ ਜਿਦ ਅੱਗੇ ਹਾਰ ਚੁੱਕਾ ਸੀ। ਉਹ ਉਦਾਸ ਮਨ ਨਾਲ ਕੰਢੇ ਵੱਲ ਨੂੰ ਚੱਲ ਪਿਆ। ਕੰਢੇ ‘ਤੇ ਪਹੁੰਚ ਕੇ ਉਸ ਨੇ ਬਾਂਦਰ ਨੂੰ ਕਿਹਾ, “ਪਿਆਰੇ ਦੋਸਤ । ਤੂੰ ਮੈਨੂੰ ਹਰ ਰੋਜ਼ ਬਹੁਤ ਹੀ ਸੁਆਦੀ ਜਾਮਣਾਂ ਖੁਆਉਂਦਾ ਹੈ। ਤੇਰੀ ਭਾਬੀ ਵੀ ਤੈਨੂੰ ਬਹੁਤ ਯਾਦ ਕਰਦੀ ਹੈ । ਉਹ ਤੇਰਾ ਧੰਨਵਾਦ ਕਰਨਾ ਚਾਹੁੰਦੀ ਹੈ ਇਸ ਲਈ ਅੱਜ ਮੈਂ ਤੈਨੂੰ ਦਰਿਆ ਦੀ ਸੈਰ ਕਰਵਾਉਂਦਾ ਹਾਂ ਤੇ ਨਾਲ ਤੂੰ ਮੇਰੇ ਨਾਲ ਮੇਰੇ ਘਰ ਚੱਲ। ਬਾਂਦਰ ਝੱਟ ਮੰਨ ਗਿਆ।
ਬਾਂਦਰ ਮਗਰਮੱਛ ਦੀ ਪਿੱਠ ਉੱਪਰ ਬੈਠ ਗਿਆ। ਜਦੋਂ ਉਹ ਦਰਿਆ ਦੇ ਵਿਚਕਾਰ ਪੁੱਜੇ ਤਾਂ ਮਗਰਮੱਛ ਹੱਸਣ ਲੱਗ ਪਿਆ । ਬਾਂਦਰ ਦੇ ਪੁੱਛਣ ਤੇ ਉਸ ਨੇ ਦੱਸਿਆ ਕਿ ਉਹ ਉਸ ਨੂੰ ਮਾਰਨ ਲਈ ਆਪਣੇ ਘਰ ਲਿਜਾ ਰਿਹਾ ਹੈ ਕਿਉਂਕਿ ਉਸ ਦੀ ਘਰਵਾਲੀ ਉਸ ਦਾ ਦਿਲ ਖਾਣਾ ਚਾਹੁੰਦੀ ਹੈ ।
ਇਹ ਸੁਣ ਕੇ ਬਾਂਦਰ ਖੂਬ ਖਿੜਖਿੜਾ ਕੇ ਹੱਸਿਆ ਅਤੇ ਕਹਿਣ ਲੱਗਾ, “ਇਸ ਤੋਂ ਵੱਧ ਮੇਰੇ ਲਈ ਖ਼ੁਸ਼ੀ ਦੀ ਕੀ ਗੱਲ ਹੋ ਸਕਦੀ ਹੈ ? ਮੈਂ ਭਾਬੀ ਨੂੰ ਆਪਣਾ ਦਿਲ ਆਪ ਪੇਸ਼ ਕਰਾਂਗਾ। ਪਰ ਤੂੰ ਮੈਨੂੰ ਪਹਿਲਾਂ ਦੱਸਣਾ ਸੀ ਕਿਉਂਕਿ ਮੈਂ ਆਪਣਾ ਦਿਲ ਤਾਂ ਜਾਮਣ ਦੇ ਉੱਤੇ ਹੀ ਛੱਡ ਆਇਆ ਹਾਂ। ਚੱਲ, ਜਲਦੀ-ਜਲਦੀ ਲੈ ਆਈਏ । ਮਗਰਮੱਛ ਬਾਂਦਰ ਨੂੰ ਵਾਪਸ ਕੰਢੇ ਵੱਲ ਲੈ ਆਇਆ। ਕੰਢੇ ਕੋਲ ਪੁੱਜ ਕੇ ਬਾਂਦਰ ਨੇ ਟਪੂਸੀ ਮਾਰੀ ਤੇ ਦਰਖ਼ਤ ਤੇ ਚੜ੍ਹ ਗਿਆ ਅਤੇ ਕਹਿਣ ਲੱਗਾ, “ਚੰਗੀ ਦੋਸਤੀ ਨਿਭਾਈ ਤੂੰ ! ਤੈਨੂੰ ਮੈਂ ਆਪਣਾ ਦੋਸਤ ਸਮਝ ਕੇ ਹਰ ਰੋਜ਼ ਜਾਮਣਾਂ ਖੁਆਉਂਦਾ ਰਿਹਾ ਤੇ ਤੂੰ ਮੈਨੂੰ ਹੀ ਮਾਰਨ ਦੀਆਂ ਸਕੀਮਾਂ ਬਣਾਈ ਬੈਠਾ ਹੈਂ। ਜਾ, ਇੱਥੋਂ ਚਲਾ ਜਾ ਤੇ ਫਿਰ ਮੈਨੂੰ ਆਪਣੀ ਭੈੜੀ ਸ਼ਕਲ ਨਾ ਦਿਖਾਈ।
ਮਗਰਮੱਛ ਬਹੁਤ ਦੁਖੀ ਹਿਰਦੇ ਨਾਲ ਆਪਣੇ ਘਰ ਵਾਪਸ ਪਰਤ ਗਿਆ। ਉਹ ਆਪਣੀ ਪਤਨੀ ਦੇ ਆਖੇ ਲੱਗ ਕੇ ਬਹੁਤ ਪਛਤਾ ਰਿਹਾ ਸੀ।
ਸਿੱਖਿਆ :- ਸੁਆਰਥੀ ਮਿੱਤਰਾਂ ਤੋਂ ਬਚੋ
Monkey And Crocodile Story In Punjabi | ਬਾਂਦਰ ਤੇ ਮਗਰਮੱਛ ਦੀ ਕਹਾਣੀ ਵਾਂਗ ਹੀ ਜੇਕਰ ਤੁਸੀਂ ਚਾਹੁੰਦੇ ਹੋ ਕੋਈ ਹੋਰ ਕਹਾਣੀ ਪੜ੍ਹਨੀ ਤਾਂ ਸਾਨੂੰ ਕੰਮੈਂਟ ਬਾਕਸ ਵਿੱਚ ਜਰੂਰ ਦੱਸੋ।
ਪੰਜਾਬੀ ਭਾਸ਼ਾ ਚ ਰਚਨਾਵਾਂ ਨੂੰ ਸਪੋਰਟ ਕਰਨ ਲਈ ਲਾਇਕ ਕਰੋ ਸਾਡਾ ਫੇਸਬੁੱਕ ਪੇਜ।
ਧੰਨਵਾਦ।