ਕੋਰੋਨਾ ਵਾਇਰਸ ਸਬੰਧੀ ਕਵਿਤਾ :- ਫੈਲਿਆ ਕਰੋਨਾ ਏ | ਕਵਿੱਤਰੀ ਪ੍ਰਭਜੀਤ ਕੌਰ ਦੀ ਲਿਖੀ ਕਵਿਤਾ
ਕੋਰੋਨਾ ਵਾਇਰਸ ਸਬੰਧੀ ਕਵਿਤਾ

ਰੱਬਾ ਕੈਸੀ ਮਾਰ ਸਮੇਂ ਦੀ,
ਬੰਦਾ ਡਰਦਾ ਬੰਦੇ ਤੋਂ।
ਐਸੀ ਇਕ ਬਿਮਾਰੀ ਚਲੀ,
ਸਿਸਟਮ ਵਾਲੇ ਧੰਦੇ ਤੋਂ।
ਹਾ-ਹਾ ਕਾਰ ਮਚੀ ਸਭ ਪਾਸੇ,
ਆਖਣ ਫੈਲਿਆ ਕਰੋਨਾ ਏ।
ਐਸਾ ਕਹਿਰ ਕੁਦਰਤੀ ਢਹਿਆ,
ਛਡਿਆ ਇਕ ਨ ਕੋਨਾ ਏ।
ਆਖਣ ਲੋਕ ਚੀਨ ਨਹੀਂ ਟਲਿਆ
ਪੀਣੋ ਸੂਪ ਚਮਗਾਦੜ ਦਾ।
ਸਾਰੀ ਖਲਕਤ ਛਿੱਕੇ ਟੰਗੀ,
ਕੋਈ ਨਾ ਮੂਹਰੇ ਆਕੜ ਦਾ।
ਮਾਂ ਪੁੱਤ ਤੋਂ, ਧੀ ਪਿਓ ਤੋਂ,
ਪਤਨੀ ਬਰਤਾ ਤੋਂ ਡਰਦੀ ਏ।
ਹੋਏ ਜਿਸਨੂੰ ਇਹ ਬਿਮਾਰੀ,
ਖਲਕਤ ਹੱਥ ਲਾਉਣ ਤੋਂ ਡਰਦੀ ਏ।
ਕੁਦਰਤ ਐਸਾ ਕਹਿਰ ਕਮਾਇਆ,
ਮੂੰਹ ਛੁਪਾਉਂਦੇ ਫਿਰਦੇ ਨੇ।
ਮੂੰਹ ਤੇ ਛਿੱਕੂ ਲਾ ਲਾ ਕੇ ਹੁਣ,
ਡਰਦੇ ਲੁਕਦੇ ਫਿਰਦੇ ਨੇ।
ਗਰੀਬ ਵਿਚਾਰੇ ਲੁੱਟੇ ਜਾਵਣ,
ਬਿਨ ਪੈਸੇ ਤੋਂ ਮਰਦੇ ਨੇ।
ਵਡੇ ਢਿੱਡਾਂ ਵਾਲੇ ਜਾਨ ਬਚਾਵਣ ਖਾਤਰ,
ਪੈਸਾ ਮੂਹਰੇ ਧਰਦੇ ਨੇ।
ਹਸਪਤਾਲਾਂ ਵਿਚ ਢੇਰ ਲੱਗੇ ਨੇ,
ਕਰੋਨਾ ਪੀੜਤ ਜਾਨਾਂ ਦੇ।
ਫੂਕਣ ਨੂੰ ਕੋਈ ਥਾਂ ਨੀਂ ਮਿਲਦੀ,
ਨਾ ਬਾਹਰ ਨਾ ਵਿਚ ਸ਼ਮਸ਼ਾਨਾਂ ਦੇ।
ਅੱਗ ਦਾ ਨਰਕ ਬਣੀ ਇਹ ਦੁਨੀਆਂ,
ਹਾਲ ਮੈਂ ਤੱਕਿਆ ਖਲਕਤ ਦਾ।
ਇਹ ਚਾਹੁੰਦੇ ਨੇ ਭੇਤ ਖੋਲ੍ਹਣਾ
ਕੁਦਰਤ ਵਾਲੀ ਹਰਕਤ ਦਾ।
ਕੁਦਰਤ ਨੇ ਵੀ ਪੁੱਠੇ ਹੱਥ ਦਾ ਲੱਫੜ,
ਬੰਦੇ ਮੂੰਹ ਤੇ ਧਰਿਆ ਏ।
ਕੀਤਾ ਘਰ ਵਿਚ ਕੈਦ ਬੰਦੇ ਨੂੰ,
ਕੁਲ ਜਾਨਵਰ ਆਜ਼ਾਦ ਕਰਿਆ ਏ।
ਇਸ ਹਾਲਾਤ ਦਾ ਸਭ ਤੋਂ ਜਿਆਦਾ,
ਮੰਤਰੀਆਂ ਲਾਭ ਉਠਾਇਆ ਏ।
ਕਿਸੇ ਨੂੰ ਕਰੋਨਾ ਕਿਸੇ ਨੂੰ ਭੁੱਖਮਰੀ ਨੇ,
ਮਾਰ ਮੁਕਾਇਆ ਏ।
ਲਾਕ ਡਾਊਨ ਵਿਚ ਜਿੰਦਗੀ ਹੋ ਗਈ,
ਜਾਮ ਗੱਡੀ ਦੇ ਚੱਕੇ ਜੇਈ।
ਖੁਦਕੁਸ਼ੀਆਂ ਤੇ ਆ ਗਏ ਲੋਕੀਂ,
ਵੇਹਲੇ ਬਹਿ ਬਹਿ ਅੱਕੇ ਜੀ।
ਰੱਬਾ ਮਿਹਰ ਕਰ ਇਸ ਜੱਗ ਤੇ,
ਛੇਤੀ ਬਦਲ ਹਾਲਾਤਾਂ ਨੂੰ।
‘ਪ੍ਰਭ’ ਮੰਗੇ ‘ਸੁੱਖ’ ਰੱਬ ਤੋਂ,
ਮੋੜ ਖੁਸ਼ੀ ਦੀਆਂ ਪ੍ਰਭਾਤਾਂ ਨੂੰ।
ਪੜ੍ਹੋ :- ਹਾਏ ਹਾਏ ਕੋਰੋਨਾ | ਪਰਗਟ ਸਿੰਘ ਜੀ ਦੀ ਲਿਖੀ ਹਾਸ ਰਸ ਕਵਿਤਾ
ਕਵਿੱਤਰੀ ਬਾਰੇ :-

ਨਾਮ : ਪ੍ਰਭਜੀਤ ਕੌਰ
ਪੇਸ਼ਾ : ਅਧਿਆਪਿਕਾ
ਸ਼ੌਂਕ : ਲਿਖਣਾ ਤੇ ਪੜ੍ਹਨਾ
Insta Page : ਮੇਰੇ ਤੋਂ ਤੇਰੇ ਤੱਕ
” ਕੋਰੋਨਾ ਵਾਇਰਸ ਸਬੰਧੀ ਕਵਿਤਾ ” ਬਾਰੇ ਕੰਮੈਂਟ ਬਾਕਸ ਵਿੱਚ ਤੁਸੀਂ ਆਪਣੀ-ਆਪਣੀ ਰਾਇ ਜਰੂਰ ਦੱਸੋ। ਜਿਸ ਨਾਲ ਕਵਿੱਤਰੀ ਦੀ ਹਿੰਮਤ ਅਤੇ ਸਤਿਕਾਰ ਵਧਾਇਆ ਜਾ ਸਕੇ। ਜੇਕਰ ਤੁਸੀਂ ਵੀ ਰੱਖਦੇ ਹੋ ਲਿਖਣ ਦਾ ਹੁਨਰ ਅਤੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਰਚਨਾ ਬਲਾੱਗ ਰਾਹੀਂ ਸਾਰੇ ਪਾਠਕਾਂ ਤਕ ਪਹੁੰਚੇ। ਤਾਂ ਆਪਣੀ ਕਵਿਤਾ, ਕਹਾਣੀ ਜਾਂ ਲੇਖ ਭੇਜੋ ਇਸ ਈ-ਮੇਲ blogapratim@gmail.com ਤੇ ਜਾਂ ਸਾਡੇ ਵਹਟਸਐੱਪ ਨੰਬਰ 9115672434 ਤੇ।
ਧੰਨਵਾਦ।