ਕਿਸਾਨ ਤੇ ਪੰਜਾਬੀ ਕਵਿਤਾ :- ਮੈਂ ਇਕ ਗ਼ਰੀਬ ਜਿਹਾ ਕਿਸਾਨ ਆਂ | ਕਵਿੱਤਰੀ ਪ੍ਰਭਜੀਤ ਕੌਰ ਦੀ ਲਿਖੀ ਕਵਿਤਾ
ਕਿਸਾਨ ਤੇ ਪੰਜਾਬੀ ਕਵਿਤਾ
ਮੈਂ ਇਕ ਗ਼ਰੀਬ ਜਿਹਾ ਕਿਸਾਨ ਆਂ।
ਬੱਸ ਕਿਤਾਬਾਂ ਵਿਚ ਮਹਾਨ ਆਂ।
ਉਂਝ ਤਾਂ ਮੈਂ ਜੱਗ ਦਾ ਅੰਨਦਾਤਾ ਹਾਂ,
ਪਰ ਖੁਦ ਰੋਟੀ ਲਈ ਤਰਸ ਦੇ ਸਮਾਨ ਆਂ।
ਔੜਾਂ ਨੂੰ ਵੀ ਜਰਦਾ ਮੈਂ ਆਪਣੀ ਹਿੱਕ ਉਤੇ,
ਹੜਾਂ ਦਾ ਵੀ ਜਿਗਰੇ ਨਾਲ ਸਹਿੰਦਾ ਨੁਕਸਾਨ ਆਂ।
ਗਹਿਣੇ ਧਰ ਧਰ ਜਿਣਸਾਂ ਟਪਾਵਾਂ ਡੰਗ ਘਰਦੇ,
ਫਿਰ ਵੀ ਸਰਕਾਰੇ ਤੇਰੇ ਮੁਅਵਜਿਆਂ ਦਾ ਅਹਿਸਾਨ ਆਂ।
ਅੱਧੀ ਅੱਧੀ ਰਾਤੀਂ ਉੱਠ ਦੇਵਾਂ ਵਾਰੀ ਪਾਣੀਆਂ ਦੀ,
ਮੀਂਹ ਹੋਵੇ, ਨ੍ਹੇਰੀ ਹੋਵੇ, ਝੱਲਦਾ ਤੂਫ਼ਾਨ ਆਂ।
ਗੀਤਾਂ ਵਿਚ ਟੇਪਾਂ ਵਿਚ ਮੇਰੇ ਵੱਧ ਕੋਈ ਨਾ ਅਮੀਰ ਏ,
ਹਕੀਕਤ ਵਿਚ ਜੇਬਾਂ ‘ਚ ਖੜਕਦੀ ਹੋਈ ਭਾਨ ਆਂ।
ਬੰਜਰ ਧਰਤਾਂ ਨੂੰ ਸੰਵਾਰ ਖੇਤ ਮੈਂ ਸ਼ਿੰਗਾਰ ਲਏ,
ਫਿਰ ਵੀ ਆਪਣਿਆਂ ਸੁਪਨਿਆਂ ਲਈ ਕਾਤਿਲ ਸਮਾਨ ਆਂ।
ਧੀਆਂ ਦੇ ਆਨੰਦ ਲਈ ਕਰਜਾਈ ਹੋਇਆ ਫਿਰਦਾ,
ਚੁੱਕ ਚੁੱਕ ਕਰਜ਼ੇ ਕਰਦਾ ਕੰਨਿਆ ਦਾਨ ਆਂ।
ਚੁਪ ਚਾਪ ਸੁਣੀ ਜਾਵਾਂ, ਤਾਂ ਭੋਲਾ ਭਾਲਾ ਜੱਟ ਆਂ,
ਹੱਕ ਲਈ ਜੇ ਬੋਲ ਪਿਆ, ਫੇਰ ਹੈਵਾਨ ਆਂ।
ਮੰਡੀਆਂ ‘ਚ ਰੁਲਦੀ ਜਿਣਸ ਵੇਖ ਆਪਣੀ,
ਸਰਕਾਰੇ ਤੇਰੀ ਗੰਦੀ ਨੀਤੀ ਤੋਂ ਰਹਿੰਦਾ ਪ੍ਰੇਸ਼ਾਨ ਆਂ।
ਇਕ ਕੁਦਰਤੀ ਕਹਿਰ, ਦੂਜਾ ਰਾਜਨੀਤੀ ਨਾਲ ਵੈਰ,
ਦੋਵੇਂ ਕਰਦੇ ਕਿਸਾਨੀ ਨਾਲ ਯੁੱਧ ਘਮਸਾਨ ਆਂ।
ਮੇਰਾ ਵੀ ਸਿਦਕ ਵੇਖ, ਹੋਂਸਲਾ ਨਾ ਢਹਿਣ ਦਿੰਦਾ,
ਤਾਹੀਓਂ ਰੱਬ ਮੇਰਾ ਵੀ, ਮੇਰੇ ਉਤੇ ਮਿਹਰਵਾਨ ਆਂ।
“ਪ੍ਰਭਜੀਤ” ਰੱਬ ਤਾਹੀਓਂ, ਅੰਨਦਾਤੇ ਉਤੇ ਮਿਹਰਵਾਨ ਆਂ।
ਪੜ੍ਹੋ :- ਕਿਸਾਨ ਤੇ ਕਵਿਤਾ | ਕਿਸਾਨਾਂ ਦੇ ਸੰਘਰਸ਼ ਤੇ ਕਵੀ ਪਰਗਟ ਸਿੰਘ ਦੀ ਕਵਿਤਾ
ਕਵਿੱਤਰੀ ਬਾਰੇ :-
ਨਾਮ : ਪ੍ਰਭਜੀਤ ਕੌਰ
ਪੇਸ਼ਾ : ਅਧਿਆਪਿਕਾ
ਸ਼ੌਂਕ : ਲਿਖਣਾ ਤੇ ਪੜ੍ਹਨਾ
Insta Page : ਮੇਰੇ ਤੋਂ ਤੇਰੇ ਤੱਕ
” ਕਿਸਾਨ ਤੇ ਪੰਜਾਬੀ ਕਵਿਤਾ ” ਕਵਿਤਾ ਬਾਰੇ ਕੰਮੈਂਟ ਬਾਕਸ ਵਿੱਚ ਤੁਸੀਂ ਆਪਣੀ-ਆਪਣੀ ਰਾਇ ਜਰੂਰ ਦੱਸੋ। ਜਿਸ ਨਾਲ ਕਵਿੱਤਰੀ ਦੀ ਹਿੰਮਤ ਅਤੇ ਸਤਿਕਾਰ ਵਧਾਇਆ ਜਾ ਸਕੇ। ਜੇਕਰ ਤੁਸੀਂ ਵੀ ਰੱਖਦੇ ਹੋ ਲਿਖਣ ਦਾ ਹੁਨਰ ਅਤੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਰਚਨਾ ਬਲਾੱਗ ਰਾਹੀਂ ਸਾਰੇ ਪਾਠਕਾਂ ਤਕ ਪਹੁੰਚੇ। ਤਾਂ ਆਪਣੀ ਕਵਿਤਾ, ਕਹਾਣੀ ਜਾਂ ਲੇਖ ਭੇਜੋ ਇਸ ਈ-ਮੇਲ [email protected] ਤੇ ਜਾਂ ਸਾਡੇ ਵਹਟਸਐੱਪ ਨੰਬਰ 9115672434 ਤੇ।
ਧੰਨਵਾਦ।