Poem On Sawan In Punjabi | ਸਾਵਣ ਤੇ ਕਵੀ ਪਰਗਟ ਸਿੰਘ ਦੀ ਕਵਿਤਾ
Poem On Sawan In Punjabi
ਸਾਵਣ ਤੇ ਕਵਿਤਾ
ਆ ਵੇ ਸੌਣ ਮਹੀਨਿਆਂ ਮੈਂ ਕਦ ਦੀ ਕਰਾਂ ਉਡੀਕ।
ਮੈਂ ਜਾਣਾ ਆਪਣੇ ਪੇਕੜੇ ਸਖੀਆਂ ਨਾਲ ਗਾਉਣੇ ਗੀਤ।
ਸਾਡੇ ਪਿੰਡ ਵਿੱਚ ਤੀਆਂ ਲੱਗਦੀਆਂ ਸਭਿ ਸਖੀਆਂ ਇਕੱਠੀਆਂ ਹੋਣ।
ਉਹ ਇਕ ਮਿਕ ਹੋ ਕੇ ਨੱਚਦੀਆਂ ਬੋਲੀ ਤੇ ਬੋਲੀ ਪਾਉਣ।
ਮੁਟਿਆਰਾਂ ਪੀਂਘਾਂ ਝੂਟਦੀਆਂ ਉਹ ਅੰਬਰਾਂ ਤਾਈਂ ਛੋਣ।
ਵਿਚ ਹਵਾ ਦੁਪੱਟੇ ਉੱਡਦੇ ਪਰੀਆਂ ਦੇ ਭੁਲੇਖੇ ਪਾਉਣ।
ਸ਼ਾਹ ਕਾਲੇ ਬੱਦਲ ਗਰਜਦੇ ਤੇ ਵਗਣ ਹਵਾਵਾਂ ਸੀਤ।
ਆ ਵੇ ਸਾਉਣ ਮਹੀਨਿਆਂ ਮੈਂ ਕਦ ਦੀ ਕਰਾਂ ਉਡੀਕ।
ਮੈਂ ਜਾਣਾ ਆਪਣੇ ਪੇਕੜੇ ਸਖੀਆਂ ਨਾਲ ਗਾਉਣੇ ਗੀਤ।
ਜਦ ਨਿੰਮੀ ਨਿੰਮੀ ਬਰਸਾਤ ਦੀਆਂ ਅੰਬਰਾਂ ਤੋਂ ਬੂੰਦਾ ਚੋਣ।
ਉਹ ਵਿੱਚ ਹਵਾ ਦੇ ਘੁਲ ਮਿਲ ਕੇ ਆ ਜਿਸਮਾਂ ਤਾਂਈਂ ਛੋਣ।
ਉਹ ਜੰਨਤ ਵਰਗਾ ਸੁੱਖ ਹੁੰਦਾ ਨਹੀਂ ਭੁੱਲਦਾ ਉਮਰਾਂ ਤੀਕ।
ਆ ਵੇ ਸਾਉਣ ਮਹੀਨਿਆਂ ਮੈਂ ਕਦ ਦੀ ਕਰਾਂ ਉਡੀਕ।
ਮੈਂ ਜਾਣਾ ਆਪਣੇ ਪੇਕੜੇ ਸਖੀਆਂ ਨਾਲ ਗਾਉਣੇ ਗੀਤ।
ਅਸੀਂ ਮਾਪਿਆਂ ਦਾ ਘਰ ਛੱਡ ਕੇ ਤੁਰ ਆਈਆਂ ਦੇਸ ਪਰਾਏ।
ਏਸ ਜੱਗ ਦੀ ਭੈੜੀ ਰੀਤ ਅੱਗੇ ਨਾ ਪੇਸ਼ ਅਸਾਂ ਦੀ ਜਾਏ।
ਸਭ ਸਖੀਆਂ ,ਖੇਡਾਂ ,ਪਿੰਡ ਤਾਈਂ ,ਦਿਲ ਵੱਡਾ ਕਰਕੇ ਛੱਡ ਆਈਆਂ।
ਕਈ ਸੁਪਨੇ ਸੱਧਰਾਂ ਚਾਵਾਂ ਨੂੰ ਮਜਬੂਰਨ ਦਿਲ ਚੋਂ ਕੱਢ ਆਈਆਂ।
ਕਿਉ ਆਪਣਿਆਂ ਤੋਂ ਦੂਰ ਕਰੇ ਇਹ ਭੈੜੀ ਜੱਗ ਦੀ ਰੀਤ।
ਆ ਵੇ ਸਾਉਣ ਮਹੀਨਿਆਂ ਮੈਂ ਕਦ ਦੀ ਕਰਾਂ ਉਡੀਕ।
ਮੈਂ ਜਾਣਾ ਆਪਣੇ ਪੇਕੜੇ ਸਖੀਆਂ ਨਾਲ ਗਾਉਣੇ ਗੀਤ।
ਮੈਂ ਬਾਪੂ ਦੇ ਘਰ ਜਾਵਣ ਅੰਮੀ ਨੂੰ ਗਲ ਨਾਲ ਲਾਵਣਾ।
ਮੈਂ ਵਿਛੜੀ ਜਿਨ੍ਹਾਂ ਸਖੀਆਂ ਤੋਂ ਜਾ ਦੀਦ ਉਨ੍ਹਾਂ ਦਾ ਪਾਵਨਾ ।
ਆਵੇ ਯਾਦ ਬੰਡਾਲੇ ਪਿੰਡ ਦੀ ਹੁਣ ਛੱਡ ਦੇ ਹੋਰ ਸਤਾਵਨਾ
ਮੈਂ ਵੇਖਾਂ ਤੀਆਂ ਪਿੰਡ ਦੀਆਂ ਦਿਲ ਚਾ ਹੈ ਵੀਰਾ ਸਾਵਣਾ।
ਇਹ ਸਾਂਝਾ ਪਰਗਟ ਡਾਢੀਆਂ ਨਿਭ ਜਾਵਣ ਉਮਰਾਂ ਤੀਕ।
ਆ ਵੇ ਸਾਉਣ ਮਹੀਨਿਆਂ ਮੈਂ ਕਦ ਦੀ ਕਰਾਂ ਉਡੀਕ।
ਮੈਂ ਜਾਣਾ ਆਪਣੇ ਪੇਕੜੇ ਸਖੀਆਂ ਨਾਲ ਗਾਉਣੇ ਗੀਤ।
ਪੜ੍ਹੋ :- ਰੁੱਖ ਲਗਾਓ ਵਾਤਾਵਰਨ ਬਚਾਓ | ਵਾਤਾਵਰਨ ਸੰਬੰਧੀ ਕਵੀ ਪਰਗਟ ਸਿੰਘ ਦੀ ਕਵਿਤਾ
ਕੰਮੈਂਟ ਬਾਕਸ ਵਿੱਚ ” ਸਾਵਣ ਤੇ ਕਵਿਤਾ ” ( Poem On Sawan In Punjabi ) ਬਾਰੇ ਆਪਣੀ ਰਾਇ ਜਰੂਰ ਲਿਖੋ। ਜਿਸ ਨਾਲ ਲੇਖਕ ਦੀ ਹਿੰਮਤ ਅਤੇ ਸਤਿਕਾਰ ਵਧਾਇਆ ਜਾ ਸਕੇ।
ਜੇਕਰ ਤੁਸੀਂ ਵੀ ਰੱਖਦੇ ਹੋ ਲਿਖਣ ਦਾ ਹੁਨਰ ਅਤੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਰਚਨਾ ਬਲਾੱਗ ਰਾਹੀਂ ਸਾਰੇ ਪਾਠਕਾਂ ਤਕ ਪਹੁੰਚੇ। ਤਾਂ ਆਪਣੀ ਕਵਿਤਾ, ਕਹਾਣੀ ਜਾਂ ਲੇਖ ਭੇਜੋ ਇਸ ਈ-ਮੇਲ blogapratim@gmail.com ਤੇ ਜਾਂ ਸਾਡੇ ਵਹਟਸਐੱਪ ਨੰਬਰ 9115672434 ਤੇ।
ਧੰਨਵਾਦ।